ਮਾਸੂਮ ਬੱਚੇ ਨਾਲ ਬਦਫੈਲੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਖਿਲਾਫ ਕੇਸ ਦਰਜ
ਲੁਧਿਆਣਾ, 9 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੇਹਰਬਾਨ ਦੀ ਪੁਲਿਸ ਨੇ 9 ਸਾਲ ਦੇ ਮਾਸੂਮ ਬੱਚੇ ਨਾਲ ਬਦਫੈਲੀ ਕਰਨ ਵਾਲੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਬੱਚੇ ਦੀ ਮਾਂ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਹਰਕਿਸ਼ਨ ਵਿਹਾਰ ਦੇ ਰਹਿਣ ਵਾਲੇ ਨਾਜਰ ਸਿੰਘ ਖਿਲਾਫ ਪੁਲਿਸ ਨੇ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਲੁਧਿਆਣਾ, 9 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੇਹਰਬਾਨ ਦੀ ਪੁਲਿਸ ਨੇ 9 ਸਾਲ ਦੇ ਮਾਸੂਮ ਬੱਚੇ ਨਾਲ ਬਦਫੈਲੀ ਕਰਨ ਵਾਲੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਬੱਚੇ ਦੀ ਮਾਂ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਹਰਕਿਸ਼ਨ ਵਿਹਾਰ ਦੇ ਰਹਿਣ ਵਾਲੇ ਨਾਜਰ ਸਿੰਘ ਖਿਲਾਫ ਪੁਲਿਸ ਨੇ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾਂ ਨੇ ਦੱਸਿਆ ਕਿ ਬੀਤੇ ਦਿਨ ਉਕਤ ਕਥਿਤ ਦੋਸ਼ੀ ਜੋ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿੰਦਾ ਹੈ, ਉਸ ਦੇ 9 ਸਾਲ ਦੇ ਬੱਚੇ ਨੂੰ ਆਪਣੇ ਨਾਲ ਚੀਜ਼ ਦਿਵਾਉਣ ਦਾ ਲਾਲਚ ਦੇ ਕੇ ਲੈ ਗਿਆ। ਕਥਿਤ ਦੋਸ਼ੀ ਨੇ ਖਾਲੀ ਪਲਾਟ ਵਿਚ ਉਸ ਨਾਲ ਬਦਫੈਲੀ ਦੀ ਕੋਸ਼ਿਸ਼ ਕੀਤੀ। ਜਦੋਂ ਬੱਚੇ ਨੇ ਵਿਰੋਧ ਕੀਤਾ ਤਾਂ ਕਥਿਤ ਦੋਸ਼ੀ ਨੇ ਉਸ ਦੀ ਕੁੱਟਮਾਰ ਕੀਤੀ। ਬੱਚੇ ਵਲੋਂ ਇਹ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਮਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ। ਹਾਲ ਦੀ ਘੜੀ ਇਸ ਮਾਮਲੇ ਵਿਚ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਵਪਾਰ ਦੇ ਮਾਮਲੇ ਵਿਚ ਲੱਖਾਂ ਦੀ ਧੋਖਾਧੜੀ ਪੁਲਿਸ ਨੇ ਕਮਲ ਜਨੇਜਾ ਵਾਸੀ ਸੈਕਟਰ 32 ਦੀ ਸ਼ਿਕਾਇਤ ‘ਤੇ ਵਿਨੋਦ ਕਪੂਰ ਵਾਸੀ ਮੁੰਡੀਆਂ ਕਲਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ ਉੱਤੇ ਵਪਾਰ ਦੇ ਮਾਮਲੇ ਵਿਚ ਉਸ ਨਾਲ 39 ਲੱਖ 62 ਹਜ਼ਾਰ ਦੀ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਸਕੂਟਰ ਚੋਰੀ ਸਥਾਨਕ ਦੁੱਗਰੀ ਦੇ ਗਲਾਡਾ ਗਰਾਊਂਡ ਤੋਂ ਚੋਰਾਂ ਵਲੋਂ ਕਮਲ ਜੋਤੀ ਪਤਨੀ ਕਿਸ਼ੋਰ ਕੁਮਾਰ ਦਾ ਸਕੂਟਰ ਚੋਰੀ ਕਰ ਲਿਆ ਗਿਆ। ਪੁਲਿਸ ਵੱਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਬਲੈਰੋ ਚੋਰੀ ਸਥਾਨਕ ਟਰਾਂਸਪੋਰਟ ਨਗਰ ਤੋਂ ਚੋਰਾਂ ਵਲੋਂ ਵਿਜੇ ਸਿੰਘ ਵਾਸੀ ਪਿੰਡ ਬੀਨੇਵਾਲ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਚੋਰਾਂ ਵਲੋਂ ਬੀਤੇ ਦਿਨ ਟਰਾਂਸਪੋਰਟ ਨਗਰ ਵਿਚ ਉਸ ਦੀ ਬਲੈਰੋ ਚੋਰੀ ਕਰ ਲਈ ਗਈ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਦਾਜ ਦੇ ਮਾਮਲੇ ਪੁਲਿਸ ਨੇ ਅਮਨਦੀਪ ਕੌਰ ਵਾਸੀ ਬਸਤੀ ਜੋਧੇਵਾਲ ਦੀ ਸ਼ਿਕਾਇਤ ‘ਤੇ ਰੇਸ਼ਮ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸਦੀ ਸ਼ਾਦੀ ਉਕਤ ਕਥਿਤ ਦੋਸ਼ੀ ਰੇਸ਼ਮ ਸਿੰਘ ਨਾਲ 14 ਸਾਲ ਪਹਿਲਾਂ ਹੋਈ ਸੀ। ਪਰ ਵਿਆਹ ਤੋਂ ਕੁਝ ਸਮੇਂ ਬਾਅਦ ਕਥਿਤ ਦੋਸ਼ੀ ਨੇ ਉਸਨੂੰ ਦਾਜ ਖਾਤਰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਬੀਤੇ ਦਿਨ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਦੂਜੇ ਮਾਮਲੇ ਵਿਚ ਪੁਲਿਸ ਨੇ ਪ੍ਰੀਆ ਵਾਸੀ ਵਿਸ਼ਕਰਮਾ ਕਲੋਨੀ ਦੀ ਸ਼ਿਕਾਇਤ ‘ਤੇ ਕਰਮਜੋਤ ਸਿੰਘ ਬਿਰਦੀ ਵਾਸੀ ਮਿਲਰਗੰਜ ਖਿਲਾਫ ਕੇਸ ਦਰਜ ਕੀਤਾ ਹੈ। ਤੀਜੇ ਮਾਮਲੇ ਵਿਚ ਪੁਲਿਸ ਨੇ ਸੰਦੀਪ ਕੌਰ ਵਾਸੀ ਢੰਡਾਰੀ ਕਲਾਂ ਦੀ ਸ਼ਿਕਾਇਤ ‘ਤੇ ਦੀਦਾਰ ਸਿੰਘ ਪਤੀ ਅਤੇ ਰੀਨਾ ਦੇਵੀ ਵਾਸੀ ਰਾਜਪੁਰਾ ਖਿਲਾਫ ਕੇਸ ਦਰਜ ਕੀਤਾ ਹੈ। ਮਾਮਲਿਆਂ ‘ਚ ਹਾਲ ਦੀ ਘੜੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਨਾਜਾਇਜ਼ ਸ਼ਰਾਬ ਬਰਾਮਦ ਪੁਲਿਸ ਨੇ ਚੰਦਰ ਲੋਕ ਕਲੋਨੀ ਤੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ। ਪੁਲਿਸ ਨੂੰ ਦੇਖ ਕੇ ਸ਼ਰਾਬ ਦਾ ਮਾਲਕ ਸਕੂਟਰ ‘ਤੇ ਫਰਾਰ ਹੋ ਗਿਆ। ਪੁਲਿਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੈਸੇ ਦੁਗਣੇ ਕਰਨ ਦਾ ਝਾਂਸਾ ਦੇ ਕੇ ਸਾਢੇ 6 ਲੱਖ ਦੀ ਠੱਗੀ ਪੁਲਿਸ ਨੇ ਭਵਨਜੀਤ ਸਿੰਘ ਵਾਸੀ ਪਿੰਡ ਦਾਖਾ ਦੀ ਸ਼ਿਕਾਇਤ ‘ਤੇ ਮੁਨੀਸ਼ ਸ਼ਰਮਾ ਵਾਸੀ ਹੈਬੋਵਾਲ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਉਕਤ ਕਥਿਤ ਦੋਸ਼ੀ ਉੱਤੇ ਪੈਸੇ ਦੁਗਣੇ ਕਰਨ ਦਾ ਝਾਂਸਾ ਦੇ ਕੇ ਉਸ ਨਾਲ ਸਾਢੇ 6 ਲੱਖ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਮੋਟਰਸਾਈਕਲ ਚੋਰੀ ਸਥਾਨਕ ਲਈਅਰ ਵੈਲੀ ਤੋਂ ਚੋਰਾਂ ਵਲੋਂ ਰਜਿੰਦਰ ਪਾਲ ਸਿੰਘ ਦਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ। ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ ਪੁਲਿਸ ਨੇ ਸੰਦੀਪ ਵਾਸੀ ਪਿੰਡ ਗਿੱਲ ਦੀ ਸ਼ਿਕਾਇਤ ‘ਤੇ ਹਰਦੀਪ ਸਿੰਘ ਉਸਦੀ ਪਤਨੀ ਰਮਨਦੀਪ ਕੌਰ ਵਾਸੀ ਪਿੰਡ ਬੱਸੀਆਂ ਰਾਏਕੋਟ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਉਕਤ ਕਥਿਤ ਦੋਸ਼ੀਆਂ ਉੱਤੇ ਉਸਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 3 ਲੱਖ 33 ਹਜ਼ਾਰ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਦੂਜੇ ਮਾਮਲੇ ਵਿਚ ਪੁਲਿਸ ਨੇ ਸ਼ੁਭਮ ਸਿੰਘਲਾ ਵਾਸੀ ਗੁਰੂ ਤੇਗ ਬਹਾਦਰ ਨਗਰ ਦੀ ਸ਼ਿਕਾਇਤ ‘ਤੇ ਮਨਪ੍ਰੀਤ ਸਿੰਘ ਨਾਗਰਾ ਵਾਸੀ ਮਾਛੀਵਾੜਾ ਖਿਲਾਫ ਕੇਸ ਦਰਜ ਕੀਤਾ ਹੈ। ਕਥਿਤ ਦੋਸ਼ੀ ਉੱਤੇ ਵੀ ਸ਼ਿਕਾਇਤ ਕਰਤਾ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਹਜ਼ਾਰਾਂ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਕਥਿਤ ਦੋਸ਼ੀ ਵੱਲੋਂ ਵੀਜ਼ਾ ਅਪਲਾਈ ਕਰਨ ਸਮੇਂ ਗਲਤ ਦਸਤਾਵੇਜ ਲਗਾ ਦਿੱਤੇ, ਜਿਸ ਕਾਰਨ ਅੰਬੈਸੀ ਵਲੋਂ ਸ਼ਿਕਾਇਤਕਰਤਾ ਉੱਪਰ ਦੱਸ ਸਾਲ ਲਈ ਪਾਬੰਦੀ ਲਗਾ ਦਿੱਤੀ। ਹੈਰੋਇਨ ਸਮੇਤ ਕਾਬੂ ਪੁਲਿਸ ਨੇ ਅਮਰਜੀਤ ਕੌਰ ਵਾਸੀ ਤਲਵੰਡੀ ਕਲਾਂ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਚਾਰ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਉਸ ਨੂੰ ਤਲਵੰਡੀ ਕਲਾਂ ਨੇੜਿਓਂ ਕਾਬੂ ਕੀਤਾ ਹੈ। ਉਸ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।