ਨਿਊ ਅੰਮ੍ਰਿਤਸਰ ਭਾਈ ਗੁਰਦਾਸ ਜੀ ਨਗਰ ਵਿਚ ਉੱਗੀ ਘਾਹ-ਬੂਟੀ ਕਾਰਨ ਬਣ ਰਹੀ ਜੰਗਲ ਵਰਗੀ ਸਥਿਤੀ, ਨਸ਼ੇੜੀਆਂ ਦਾ ਅੱਡਾ ਬਣਨ ਦਾ ਖ਼ਦਸ਼ਾ
ਸੁਲਤਾਨਵਿੰਡ, 15 ਨਵੰਬਰ ( ਗੁਰਨਾਮ ਸਿੰਘ ਬੁੱਟਰ)-ਹਲਕਾ ਪੂਰਬੀ ਅਧੀਨ ਆਉਂਦੇ ਨਿਊ ਅੰਮ੍ਰਿਤਸਰ ਭਾਈ ਗੁਰਦਾਸ ਜੀ ਨਗਰ ਵਿਖੇ ਸੜਕਾਂ ਅਤੇ ਫੁੱਟਪਾਥਾਂ ’ਤੇ ਉੱਗੀ ਬੇਲੋੜੀ ਘਾਹ-ਬੂਟੀ ਅਤੇ ਭੰਗ ਦੇ ਬੂਟਿਆਂ ਕਾਰਨ ਇਲਾਕੇ ਦੀ ਹਾਲਤ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ। ਇਲਾਕੇ ਵਿਚ ਥਾਂ-ਥਾਂ ਉੱਗੀ ਘਾਹ-ਬੂਟੀ ਕਾਰਨ ਜਿੱਥੇ ਨਿਊ ਅੰਮ੍ਰਿਤਸਰ ਜੰਗਲ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ, ਉੱਥੇ ਹੀ ਸਫ਼ਾਈ ਪ੍ਰਬੰਧਾਂ ਦੀ ਘਾਟ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੁਲਤਾਨਵਿੰਡ, 15 ਨਵੰਬਰ ( ਗੁਰਨਾਮ ਸਿੰਘ ਬੁੱਟਰ)-ਹਲਕਾ ਪੂਰਬੀ ਅਧੀਨ ਆਉਂਦੇ ਨਿਊ ਅੰਮ੍ਰਿਤਸਰ ਭਾਈ ਗੁਰਦਾਸ ਜੀ ਨਗਰ ਵਿਖੇ ਸੜਕਾਂ ਅਤੇ ਫੁੱਟਪਾਥਾਂ ’ਤੇ ਉੱਗੀ ਬੇਲੋੜੀ ਘਾਹ-ਬੂਟੀ ਅਤੇ ਭੰਗ ਦੇ ਬੂਟਿਆਂ ਕਾਰਨ ਇਲਾਕੇ ਦੀ ਹਾਲਤ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ। ਇਲਾਕੇ ਵਿਚ ਥਾਂ-ਥਾਂ ਉੱਗੀ ਘਾਹ-ਬੂਟੀ ਕਾਰਨ ਜਿੱਥੇ ਨਿਊ ਅੰਮ੍ਰਿਤਸਰ ਜੰਗਲ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ, ਉੱਥੇ ਹੀ ਸਫ਼ਾਈ ਪ੍ਰਬੰਧਾਂ ਦੀ ਘਾਟ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਵਲੋਂ ਇਹ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਸੁੰਨਸਾਨ ਅਤੇ ਝਾੜੀਆਂ ਵਾਲੀਆਂ ਥਾਵਾਂ ਨਸ਼ੇ ਕਰਨ ਵਾਲੇ ਵਿਅਕਤੀਆਂ ਦਾ ਅੱਡਾ ਬਣ ਸਕਦੀਆਂ ਹਨ। ਇਸ ਮੌਕੇ ਗੱਲਬਾਤ ਕਰਦਿਆਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਨਿਊ ਅੰਮ੍ਰਿਤਸਰ ਭਾਈ ਗੁਰਦਾਸ ਜੀ ਨਗਰ ਦੇ ਵੱਖ-ਵੱਖ ਇਲਾਕਿਆਂ ਵਿਚ ਸੜਕਾਂ ਦੇ ਕਿਨਾਰਿਆਂ, ਫੁੱਟਪਾਥਾਂ ਅਤੇ ਖਾਲੀ ਥਾਵਾਂ ’ਤੇ ਘਾਹ-ਬੂਟੀ ਅਤੇ ਭੰਗ ਦੇ ਬੂਟੇ ਵੱਡੀ ਗਿਣਤੀ ਵਿਚ ਉੱਗੇ ਹੋਏ ਹਨ। ਇਨ੍ਹਾਂ ਝਾੜੀਆਂ ਕਾਰਨ ਲੋਕਾਂ ਨੂੰ ਉੱਥੋਂ ਲੰਘਣ ਸਮੇਂ ਵੀ ਡਰ ਮਹਿਸੂਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਝਾੜੀਆਂ ਵਿਚ ਕੋਈ ਸ਼ਰਾਰਤੀ ਅਨਸਰ ਜਾਂ ਨਸ਼ਾ ਕਰਨ ਵਾਲਾ ਵਿਅਕਤੀ ਲੁਕਿਆ ਹੋ ਸਕਦਾ ਹੈ, ਜਿਸ ਕਾਰਨ ਰਾਹਗੀਰਾਂ ਨਾਲ ਲੁੱਟ-ਖੋਹ ਜਾਂ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਘਾਹ-ਬੂਟੀ ਦੇ ਨਾਲ-ਨਾਲ ਇਲਾਕੇ ਵਿਚ ਸਫ਼ਾਈ ਪ੍ਰਬੰਧਾਂ ਦਾ ਵੀ ਬੁਰਾ ਹਾਲ ਹੈ। ਕਈ ਥਾਵਾਂ ’ਤੇ ਉੱਗੇ ਬੂਟੇ ਅਤੇ ਫੈਲੀਆਂ ਝਾੜੀਆਂ ਲੋਕਾਂ ਲਈ ਮੁਸੀਬਤ ਬਣੀਆਂ ਹੋਈਆਂ ਹਨ। ਫੁੱਟਪਾਥਾਂ ਉੱਪਰ ਉੱਗੇ ਰੁੱਖਾਂ ਦੀਆਂ ਟਾਹਣੀਆਂ ਵੀ ਕਾਫ਼ੀ ਫੈਲ ਚੁੱਕੀਆਂ ਹਨ, ਜਿਸ ਕਾਰਨ ਸੜਕਾਂ ਤੋਂ ਲੰਘਣ ਵਾਲੇ ਵਾਹਨਾਂ ਨੂੰ ਦਿੱਕਤ ਆਉਂਦੀ ਹੈ ਅਤੇ ਕਈ ਵਾਰ ਵਾਹਨ ਆਪਸ ਵਿਚ ਟਕਰਾਉਣ ਦੀ ਨੌਬਤ ਵੀ ਆ ਜਾਂਦੀ ਹੈ। ਇਲਾਕਾ ਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਵਾਰ-ਵਾਰ ਸਮੱਸਿਆਵਾਂ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਇਸ ਪਾਸੇ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਨਿਊ ਅੰਮ੍ਰਿਤਸਰ ਭਾਈ ਗੁਰਦਾਸ ਜੀ ਨਗਰ ਵਰਗੇ ਰਿਹਾਇਸ਼ੀ ਇਲਾਕੇ ਵਿਚ ਸਫ਼ਾਈ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹੋਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਵੀ ਨੇੜੇ ਆ ਰਹੀਆਂ ਹਨ ਅਤੇ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਇਲਾਕੇ ਦੀਆਂ ਸਮੱਸਿਆਵਾਂ ਵੱਲ ਕਿੰਨੀ ਗੰਭੀਰਤਾ ਨਾਲ ਧਿਆਨ ਦਿੰਦੇ ਹਨ। ਅਖੀਰ ਵਿਚ ਇਲਾਕਾ ਵਾਸੀਆਂ ਨੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਕਿ ਨਿਊ ਅੰਮ੍ਰਿਤਸਰ ਭਾਈ ਗੁਰਦਾਸ ਜੀ ਨਗਰ ਵਿਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਵੇ, ਸੜਕਾਂ ਅਤੇ ਫੁੱਟਪਾਥਾਂ ਤੋਂ ਘਾਹ-ਬੂਟੀ ਤੇ ਝਾੜੀਆਂ ਦੀ ਕਟਾਈ ਕਰਵਾਈ ਜਾਵੇ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਵੀ ਮਜ਼ਬੂਤ ਕੀਤਾ ਜਾਵੇ, ਤਾਂ ਜੋ ਇਲਾਕਾ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਨਿਜਾਤ ਮਿਲ ਸਕੇ।