ਅੰਮ੍ਰਿਤਸਰ, 5 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)- ਡੀ.ਏ.ਵੀ. ਕਾਲਜ ਅੰਮ੍ਰਿਤਸਰ ਦੇ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਅਤੇ ਕਾਮਰਸ ਵਿਭਾਗਾਂ ਰਾਹੀਂ, ਅਤੇ ਇਨਸਟਿਊਸ਼ਨ ਇਨੋਵੇਸ਼ਨ ਕੌਂਸਲ ਦੁਆਰਾ ਟੈਕਕਾਮ 2026 ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ’ਚ ਜ਼ਿਲ੍ਹੇ ਭਰ ਦੇ 28 ਸਕੂਲਾਂ ਦੇ 180 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਸਮਾਗਮ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਸਰਕਲ ਹੈੱਡ ਅਤੇ ਏ.ਜੀ.ਐੱਮ. ਸ਼ੈਲੇਸ਼ ਕੁਮਾਰ ਸਿੰਘ ਦੁਆਰਾ ਕੀਤਾ ਗਿਆ। ਆਪਣੇ ਸੰਬੋਧਨ ’ਚ ਸ਼ੈਲੇਸ਼ ਕੁਮਾਰ ਸਿੰਘ ਨੇ ਸਕੂਲੀ ਵਿਦਿਆਰਥੀਆਂ ਨੂੰ ਤਕਨਾਲੋਜੀ, ਨਵੀਨਤਾ ਅਤੇ ਵਣਜ ਦੇ ਉੱਭਰਦੇ ਖੇਤਰਾਂ ਨਾਲ ਜੋੜਨ ਦੀ ਕਾਲਜ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਉਤਸੁਕ ਬਣੇ ਰਹਿਣ, ਆਪਣੇ ਵਿਹਾਰਕ ਹੁਨਰਾਂ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਲਈ ਤਿਆਰ ਕਰਨ ਵਾਲੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਗੁਪਤਾ ਨੇ ਵੀ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਦੇ ਰਾਹਾਂ ‘ਤੇ ਧਿਆਨ ਕੇਂਦਰਿਤ ਰੱਖਣ ਦੀ ਸਲਾਹ ਦਿੱਤੀ। ਕਾਲਜ ਕੈਂਪਸ ਵਿਚ ਇਕ ਕਾਮਰਸ ਅਤੇ ਆਈ.ਟੀ. ਬਾਜ਼ਾਰ ਲਗਾਇਆ ਗਿਆ। ਇਸ ਤੋਂ ਇਲਾਵਾ, ਸਕੂਲੀ ਅਧਿਆਪਕਾਂ ਲਈ ਨਵੀਨਤਾਕਾਰੀ ਅਧਿਆਪਨ ਲਈ ਏ.ਆਈ. ਸਾਧਨਾਂ ਦੀ ਪੜਚੋਲ ਵਿਸ਼ੇ ’ਤੇ ਇਕ ਵਿਸ਼ੇਸ਼ ਸੈਸ਼ਨ ਵੀ ਆਯੋਜਿਤ ਕੀਤਾ ਗਿਆ। ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਉੱਲਾਸ ਚੋਪੜਾ ਅਤੇ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਵਿਕਰਮ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਵੱਖ-ਵੱਖ ਮੁਕਾਬਲੇ ਕਰਵਾਏ ਗਏ। ‘ਐਡ-ਮੈਡ’ ਮੁਕਾਬਲੇ ’ਚ ਕੇਂਦਰੀ ਵਿਦਿਆਲਾ ਨੇ ਪਹਿਲਾ, ਸਰਕਾਰੀ ਗਰਲਜ਼ ਸਕੂਲ ਨੇ ਦੂਜਾ ਅਤੇ ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ‘ਬਿਲਡਾਥੌਨ’ ਮੁਕਾਬਲੇ ’ ਚ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਨੇ ਪਹਿਲਾ, ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਨੇ ਦੂਜਾ ਅਤੇ ਸ੍ਰੀ ਰਾਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ ਨੇ ਤੀਜਾ ਸਥਾਨ ਹਾਸਿਲ ਕੀਤਾ। ਪੇਸ਼ਕਾਰੀ ਮੁਕਾਬਲੇ ’ਚ ਡੀ.ਏ.ਵੀ. ਪਬਲਿਕ ਸਕੂਲ (ਭਿੱਖੀਵਿੰਡ) ਪਹਿਲੇ, ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਦੂਜੇ ਅਤੇ ਸ੍ਰੀ ਰਾਮ ਆਸ਼ਰਮ ਸਕੂਲ ਤੀਜੇ ਸਥਾਨ ’ਤੇ ਰਹੇ। ‘ਆਈ.ਟੀ. ਬ੍ਰੇਨ ਬੈਟਲ’ ’ਚ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ (ਹਾਥੀ ਗੇਟ) ਜੇਤੂ ਰਿਹਾ, ਜਦਕਿ ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ ਦੂਜੇ ਸਥਾਨ ਤੇ ਰਿਹਾ ਅਤੇ ਕੈਮਬ੍ਰਿਜ ਸਕੂਲ ਤੀਜੇ ਸਥਾਨ ਤੇ ਰਿਹਾ ।