ਅੰਮ੍ਰਿਤਸਰ, 23 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ.ਏ.ਵੀ. ਕਾਲਜ ਅੰਮ੍ਰਿਤਸਰ ਦੇ ਪ੍ਰਿੰਟ ਐਂਡ ਸੋਸ਼ਲ ਮੀਡੀਆ ਕਲੱਬ ਅਤੇ ਮਾਸ ਕਮਿਊਨੀਕੇਸ਼ਨ ਤੇ ਵੀਡੀਓ ਪ੍ਰੋਡਕਸ਼ਨ ਵਿਭਾਗ ਵਲੋਂ ਕਾਲਜ ਕੈਂਪਸ ਵਿਚ ਓਪਨ ਮਾਈਕ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਕਾਰਜਕ੍ਰਮ ਦਾ ਸ਼ੁਭ ਆਰੰਭ ਕੀਤਾ। ਓਪਨ ਮਾਈਕ ‘ਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਕਵਿਤਾ ਪਾਠ, ਗੀਤ, ਸ਼ਾਇਰੀ, ਕਹਾਣੀ ਸੁਣਾਉਣ, ਭਾਸ਼ਣ ਅਤੇ ਹੋਰ ਰਚਨਾਤਮਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਵਿਦਿਆਰਥੀਆਂ ਦੀ ਆਤਮ-ਵਿਸ਼ਵਾਸ ਭਰਪੂਰ ਪੇਸ਼ਕਾਰੀ ਨੂੰ ਹਾਜ਼ਰ ਦਰਸ਼ਕਾਂ ਅਤੇ ਅਧਿਆਪਕਾਂ ਵਲੋਂ ਖੂਬ ਸਰਾਹਿਆ ਗਿਆ। ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਓਪਨ ਮਾਈਕ ਵਰਗੇ ਮੰਚ ਵਿਦਿਆਰਥੀਆਂ ਦੀ ਰਚਨਾਤਮਕਤਾ, ਆਤਮ-ਵਿਸ਼ਵਾਸ ਅਤੇ ਸੰਚਾਰ ਹੁਨਰ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਪ੍ਰਿੰਟ ਐਂਡ ਸੋਸ਼ਲ ਮੀਡੀਆ ਕਲੱਬ ਅਤੇ ਮਾਸ ਕਮਿਊਨੀਕੇਸ਼ਨ ਤੇ ਵੀਡੀਓ ਪ੍ਰੋਡਕਸ਼ਨ ਵਿਭਾਗ ਵਲੋਂ ਕੀਤੇ ਗਏ ਸਫਲ ਆਯੋਜਨ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਪ੍ਰੋ. ਸੰਦੀਪ ਕੁਮਾਰ ਸ਼ਰਮਾ, ਪ੍ਰੋ. ਸ਼ਿਵ ਕੁਮਾਰ, ਪ੍ਰੋ. ਅਨੁਰਾਗ ਸਨਨ, ਪ੍ਰੋ. ਅਦਿਤਿਆ ਗੌਤਮ, ਸੁਭਾਸ਼ ਕੁਮਾਰ, ਅਮਿਤ ਕੁਮਾਰ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ ਹਾਜ਼ਰ ਰਹੇ। ਪ੍ਰੋਗਰਾਮ ਦੇ ਅਖ਼ੀਰ ‘ਚ ਸਾਰੇ ਭਾਗੀਦਾਰਾਂ, ਆਯੋਜਕਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।