ਸਟੇਟ ਐਵਾਰਡੀ ਗੁਰਪ੍ਰੀਤ ਸਿੰਘ 6 ਸਾਲਾਂ ਤੋਂ ਝੋਨੇ ਤੇ ਕਣਕ ਦੀ ਰਹਿੰਦ-ਖੂੰਹਦ ਦਾ ਸੁਚੱਜੇ ਢੰਗ ਨਾਲ ਕਰ ਰਿਹਾ ਨਿਪਟਾਰਾ
ਅਬੋਹਰ 14 ਅਕਤੂਬਰ ( ਸੁਖਜੀਤ ਸਿੰਘ ਬਰਾੜ)- ਪੰਜਾਬ ਸਰਕਾਰ ਵਲੋਂ ਵਾਤਾਵਰਨ ਦੀ ਸੰਭਾਲ ਲਈ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਖੇਤ ਵਿਚ ਹੀ ਇਸ ਦੀ ਸੰਭਾਲ ਕਰਨ ਸਬੰਧੀ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਨਾਲ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾਵੇ। ਇੱਧਰ ਅਗਾਂਹਵਧੂ ਤੇ ਪੜ੍ਹੇ ਲਿਖੇ, ਸੂਝਵਾਨ, ਐੱਮ.
ਅਬੋਹਰ 14 ਅਕਤੂਬਰ ( ਸੁਖਜੀਤ ਸਿੰਘ ਬਰਾੜ)- ਪੰਜਾਬ ਸਰਕਾਰ ਵਲੋਂ ਵਾਤਾਵਰਨ ਦੀ ਸੰਭਾਲ ਲਈ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਖੇਤ ਵਿਚ ਹੀ ਇਸ ਦੀ ਸੰਭਾਲ ਕਰਨ ਸਬੰਧੀ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਨਾਲ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾਵੇ।ਇੱਧਰ ਅਗਾਂਹਵਧੂ ਤੇ ਪੜ੍ਹੇ ਲਿਖੇ, ਸੂਝਵਾਨ, ਐੱਮ.ਏ.ਬੀ.ਐੱਡ ਤੇ ਸਟੇਟ ਅਵਾਰਡੀ ਕਿਸਾਨ ਗੁਰਪ੍ਰੀਤ ਸਿੰਘ ਆਪਣੀ ਸੂਝ ਬੂਝ ਨਾਲ ਨਾ ਸਿਰਫ਼ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾ ਰਿਹਾ ਹੈ ਬਲਕਿ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵੀ ਵਾਧਾ ਕਰ ਰਿਹਾ ਹੈ ਤੇ ਪਿੰਡ ਵਾਸੀਆਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਗੁਰਮੀਤ ਸਿੰਘ ਪਿਛਲੇ 6 ਸਾਲਾਂ ਤੋਂ ਆਪਣੀ ਕਣਕ ਅਤੇ ਝੋਨੇ ਦੀਆਂ ਫਸਲਾਂ ਦੀ ਰਹਿੰਦ-ਖੂੰਹਦ ਖੇਤਾਂ ਵਿਚ ਵਾਹ ਕੇ ਉਸ ਦਾ ਸੁਚੱਜੇ ਢੰਗ ਨਾਲ ਨਿਪਟਾਰਾ ਕਰ ਰਿਹਾ ਹੈ। ਪਿੰਡ ਪੱਟੀ ਸਦੀਕ ਤਹਿਸੀਲ ਅਬੋਹਰ, ਫ਼ਾਜ਼ਿਲਕਾ ਦੇ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਅਜਾਇਬ ਸਿੰਘ ਸੰਧੂ ਨੇ ਦੱਸਿਆ ਕਿ ਉਹ ਆਪਣੇ 5 ਏਕੜ ਰਕਬੇ ਵਿਚ ਪਿਛਲੇ 6 ਸਾਲਾਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਸਗੋਂ ਐੱਸ.ਐਮ.ਐੱਸ ਕੰਬਾਈਨ, ਆਰ.ਐਮ.ਬੀ.ਪਲੌ, ਡਿਸਕ ਹੈਰੋ, ਮਲਚਰ, ਹੈਪੀ ਸੀਡਰ ਅਤੇ ਸੁਪਰ ਸੀਡਰ ਆਦਿ ਆਧੁਨਿਕ ਖੇਤੀਬਾੜੀ ਸੰਦ ਵਰਤ ਕੇ ਪਰਾਲੀ ਨੂੰ ਖੇਤਾਂ ਵਿਚ ਹੀ ਜਜ਼ਬ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਉਸ ਨੇ ਆਪਣੀ ਝੋਨੇ ਦੀ ਫ਼ਸਲ ਦੀ ਕਟਾਈ ਐੱਸ ਐਮ ਐੱਸ ਕੰਬਾਈਨ ਨਾਲ ਕਰਵਾਈ ਹੈ ਤੇ ਉਸ ਤੋਂ ਬਾਅਦ ਜੋ ਰਹਿੰਦ-ਖੂੰਹਦ ਪੈਦਾ ਹੋਈ ਹੈ ਉਸ ਨੂੰ ਤਵੀਆਂ ਨਾਲ ਖੇਤ ਵਿਚ ਵਾਹ ਦਿੱਤਾ ਹੈ ਫਿਰ ਮਲਚਰ ਚਲਾ ਕੇ ਜ਼ਮੀਨ ਵਿਚ ਰਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਖਾਦਾਂ ਦੀ ਵਰਤੋਂ ਵੀ ਘਟਦੀ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਅਤੇ ਡਾ. ਅਰਵਿੰਦ ਅਲਾਹਵਤ ਹੈੱਡ ਕੇ.ਵੀ.ਕੇ ਫ਼ਾਜ਼ਿਲਕਾ, ਡਾ. ਅਨਿਲ ਸਾਗਵਾਨ ਮੁਖੀ ਖੇਤਰੀ ਖੋਜ ਕੇਂਦਰ ਸੀਡ ਫਾਰਮ ਅਬੋਹਰ ਤੇ ਡਾ. ਜਗਦੀਸ਼ ਅਰੋੜਾ ਸੀਡ ਫਾਰਮ ਅਬੋਹਰ ਦੀ ਪ੍ਰੇਰਨਾ ਸਦਕਾ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਹੁੰਦੇ ਨੁਕਸਾਨਾਂ ਤੋਂ ਪ੍ਰੇਰਿਤ ਹੋਣ ਉਪਰੰਤ ਉਸ ਨੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦਾ ਇਰਾਦਾ ਬਣਾ ਲਿਆ ਤੇ ਪਿਛਲੇ 6 ਸਾਲ ਤੋਂ ਆਪਣੇ ਖੇਤ ਵਿਚ ਪਰਾਲੀ ਨੂੰ ਅੱਗ ਨਹੀਂ ਲਗਾਈ ਹੈ। ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਦਾ ਪ੍ਰਦੂਸ਼ਿਤ ਹੁੰਦਾ ਨਾਲ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਕਿਸਾਨ ਨੇ ਕਿਹਾ ਕਿ ਉਹ ਜਦੋਂ ਤੋਂ ਉਸ ਨੇ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਣੀ ਬੰਦ ਕੀਤੀ ਹੈ, ਉਸ ਦੀਆਂ ਫ਼ਸਲਾਂ ਦਾ ਝਾੜ ਵੀ ਵੱਧ ਆਉਂਦਾ ਹੈ ਅਤੇ ਖਾਦਾਂ ਦੀ ਵਰਤੋਂ ਵੀ ਘੱਟ ਗਈ ਹੈ। ਇਸ ਕਰਕੇ ਉਸ ਦਾ ਖਰਚਾ ਕਾਫ਼ੀ ਘਟਿਆ ਹੈ। ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੀ ਫ਼ਸਲ ਦੀ ਰਹਿੰਦ ਨੂੰ ਸਾੜਨ ਦੀ ਬਜਾਏ ਖੇਤ ਵਿਚ ਹੀ ਵਹਾਉਣ ਫਿਰ ਦੇਖਣ ਕਿ ਉਨ੍ਹਾਂ ਦੀ ਫ਼ਸਲ ਦਾ ਝਾੜ ਕਿੰਨਾ ਵਧਦਾ ਹੈ।