ਸੱਤਾ ਦਾ ਮਤਲਬ ਸੇਵਾ ਹੈ, ਹੰਕਾਰ ਨਹੀਂ: ਪਰਮਜੀਤ ਸਿੰਘ ਵੈਰੜ
ਫ਼ਾਜ਼ਿਲਕਾ, 15 ਸਤੰਬਰ (ਦਵਿੰਦਰ ਪਾਲ ਸਿੰਘ)-ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ, ਜਿਸ ਵਿਚ ਉਹ ਇਕ ਟਰੱਕ ਡਰਾਈਵਰ ਨੂੰ ਥੱਪੜ ਮਾਰਦੇ ਦਿਖਾਈ ਦੇ ਰਹੇ ਹਨ, ’ਤੇ ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਵੈਰੜ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਵੀ ਆਮ ਡਰਾਈਵਰ ਨਾਲ ਕੀਤੀ ਗਈ ਅਜਿਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਫ਼ਾਜ਼ਿਲਕਾ, 15 ਸਤੰਬਰ (ਦਵਿੰਦਰ ਪਾਲ ਸਿੰਘ)-ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ, ਜਿਸ ਵਿਚ ਉਹ ਇਕ ਟਰੱਕ ਡਰਾਈਵਰ ਨੂੰ ਥੱਪੜ ਮਾਰਦੇ ਦਿਖਾਈ ਦੇ ਰਹੇ ਹਨ, ’ਤੇ ਸ਼੍ਰੋਮਣੀ ਅਕਾਲੀ ਦਲ ਦੇ ਟਰਾਂਸਪੋਰਟ ਵਿੰਗ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਵੈਰੜ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਵੀ ਆਮ ਡਰਾਈਵਰ ਨਾਲ ਕੀਤੀ ਗਈ ਅਜਿਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪਰਮਜੀਤ ਸਿੰਘ ਵੈਰੜ ਨੇ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਤੋਂ ਜਨਤਾ ਇਨਸਾਫ਼, ਸਨਮਾਨ ਅਤੇ ਸੰਜਮ ਦੀ ਉਮੀਦ ਕਰਦੀ ਹੈ, ਨਾ ਕਿ ਸੜਕਾਂ ’ਤੇ ਆਮ ਨਾਗਰਿਕਾਂ ਨਾਲ ਅਜਿਹੇ ਦੁਰਵਿਵਹਾਰ ਦੀ। ਉਨ੍ਹਾਂ ਆਖਿਆ ਕਿ ਜੇਕਰ ਤੰਗ ਸੜਕ ਕਾਰਨ ਰਸਤਾ ਨਾ ਮਿਲਣ ਦਾ ਕੋਈ ਵਿਵਾਦ ਸੀ ਵੀ, ਤਾਂ ਉਸ ਦਾ ਹੱਲ ਗੱਲਬਾਤ ਜਾਂ ਕਾਨੂੰਨੀ ਤਰੀਕੇ ਨਾਲ ਹੋਣਾ ਚਾਹੀਦਾ ਸੀ। ਵਿਧਾਇਕ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪ ਕਾਨੂੰਨ ਅਤੇ ਮਰਿਆਦਾ ਦੀ ਮਿਸਾਲ ਕਾਇਮ ਕਰਨ। ਜੇਕਰ ਵੀਡੀਓ ਵਿਚ ਦਿਖਾਈ ਘਟਨਾ ਸੱਚ ਹੈ, ਤਾਂ ਇਹ ਬਹੁਤ ਹੀ ਮੰਦਭਾਗੀ ਅਤੇ ਨਿੰਦਣਯੋਗ ਹੈ। ਉਨ੍ਹਾਂ ਅੱਗੇ ਕਿਹਾ ਕਿ ਟਰੱਕ ਡਰਾਈਵਰ ਦਿਨ-ਰਾਤ ਮਿਹਨਤ ਕਰਕੇ ਦੇਸ਼ ਅਤੇ ਸੂਬੇ ਦੀ ਆਰਥਿਕਤਾ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਰਾਜਨੀਤਿਕ ਤਾਕਤ ਦੇ ਹੰਕਾਰ ਵਿਚ ਕਿਸੇ ਵੀ ਮਿਹਨਤੀ ਡਰਾਈਵਰ ਨੂੰ ਅਪਮਾਨਿਤ ਕਰਨ ਦਾ ਹੱਕ ਕਿਸੇ ਕੋਲ ਨਹੀਂ ਹੈ। ਵੈਰੜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਬਣਦੀ ਕਾਰਵਾਈ ਕੀਤੀ ਜਾਵੇ ਅਤੇ ਸਬੰਧਿਤ ਵਿਧਾਇਕ ਕੋਲੋਂ ਮੁਆਫ਼ੀ ਮੰਗਵਾਈ ਜਾਵੇ।