ਮਿਡ - ਡੇ - ਮੀਲ ’ ਚ ਘਟੀਆ ਮਿਆਰ ਦਾ ਰਾਸ਼ਨ ਆਉਣ ਕਰਕੇ ਬੱਚਿਆਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ
ਗੁਰਦਾਸਪੁਰ, 17 ਨਵੰਬਰ (ਅਸ਼ੋਕ ਸਰਮਾ)- ਗੁਰਦਾਸਪੁਰ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਅੰਦਰ ਮਿਡ-ਡੇ-ਮੀਲ ਵਿਚ ਸਰਕਾਰ ਵਲੋਂ ਛੋਟੇ ਬੱਚਿਆਂ ਲਈ ਭੇਜਿਆ ਜਾਂਦਾ ਰਾਸ਼ਨ ਬਹੁਤ ਘਟੀਆ ਕਿਸਮ ਦਾ ਹੋਣ ਕਰਕੇ ਬੱਚਿਆਂ ਦੀ ਸਿਹਤ ਨਾਲ ਸਿੱਧੇ ਤੌਰ ‘ਤੇ ਖਿਲਵਾੜ ਕੀਤਾ ਜਾ ਰਿਹਾ ਹੈ । ਇਸ ਪਾਸੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਕੋਈ ਧਿਆਨ ਨਹੀਂ ਦੇ ਰਿਹਾ, ਜਿਸ ਕਰਕੇ ਲੋਕਾਂ ਵਿਚ ਵਿਭਾਗ ਪ੍ਰਤੀ ਭਾਰੀ ਰੋਸ ਹੈ।
ਗੁਰਦਾਸਪੁਰ, 17 ਨਵੰਬਰ (ਅਸ਼ੋਕ ਸਰਮਾ)- ਗੁਰਦਾਸਪੁਰ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਅੰਦਰ ਮਿਡ-ਡੇ-ਮੀਲ ਵਿਚ ਸਰਕਾਰ ਵਲੋਂ ਛੋਟੇ ਬੱਚਿਆਂ ਲਈ ਭੇਜਿਆ ਜਾਂਦਾ ਰਾਸ਼ਨ ਬਹੁਤ ਘਟੀਆ ਕਿਸਮ ਦਾ ਹੋਣ ਕਰਕੇ ਬੱਚਿਆਂ ਦੀ ਸਿਹਤ ਨਾਲ ਸਿੱਧੇ ਤੌਰ ‘ਤੇ ਖਿਲਵਾੜ ਕੀਤਾ ਜਾ ਰਿਹਾ ਹੈ । ਇਸ ਪਾਸੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਕੋਈ ਧਿਆਨ ਨਹੀਂ ਦੇ ਰਿਹਾ, ਜਿਸ ਕਰਕੇ ਲੋਕਾਂ ਵਿਚ ਵਿਭਾਗ ਪ੍ਰਤੀ ਭਾਰੀ ਰੋਸ ਹੈ। ਜਦੋਂ ਇਸ ਪੱਤਰਕਾਰ ਨੇ ਬੇਟ ਇਲਾਕੇ ਦੇ ਕੁਝ ਸੈਂਟਰਾਂ ਦਾ ਦੌਰਾ ਕੀਤਾ ਤਾਂ ਆਪਣਾਂ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਕੁਝ ਆਂਗਣਵਾੜੀ ਵਰਕਰਾਂ ਨੇ ਦੱਸਿਆ ਕਿ ਜੋ ਦਲੀਆ ਤੇ ਹੋਰ ਰਾਸ਼ਨ ਪਿਛੋਂ ਆਉਂਦਾ ਹੈ, ਉਸ ਨੂੰ ਬੱਚਿਆਂ ਦੇ ਮਾਪੇ ਲੈਣ ਤੋਂ ਮਨਾ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਮਾਪੇ ਕਹਿੰਦੇ ਹਨ ਕਿ ਉਹ ਇਸ ਘਟੀਆ ਕਿਸਮ ਦੇ ਦਲੀਏ ਤੇ ਬਾਕੀ ਰਾਸ਼ਨ ਆਪਣੇ ਬੱਚਿਆਂ ਨੂੰ ਨਹੀਂ ਦੇ ਸਕਦੇ, ਕਿਉਂਕਿ ਇਸ ਰਾਸ਼ਨ ਉਪਰ ਕੋਈ ਮਿਆਦ ਪੁੱਗਣ ਤੇ ਹੋਰ ਜਾਣਕਾਰੀ ਨਹੀਂ ਲਿਖੀ ਹੁੰਦੀ। ਉਨ੍ਹਾਂ ਕਿਹਾ ਇਹ ਰਾਸ਼ਨ ਇਸੇ ਤਰ੍ਹਾਂ ਬੋਰੀਆਂ ਵਿਚ ਬੰਦ ਪਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਘਟੀਆ ਸਮਗਰੀ ਦੇ ਰਾਸ਼ਨ ਕਰਕੇ ਉਨ੍ਹਾਂ ਨੂੰ ਮਾਪਿਆਂ ਦੀ ਗੱਲਾਂ ਸੁਣਨੀਆਂ ਪੈਂਦੀਆਂ ਹਨ। ਇਥੇ ਇਹ ਵੀ ਪਤਾ ਲੱਗਾ ਹੈ ਕਿ ਜੋ ਲਾਭਪਾਤਰੀ ਰਾਸ਼ਨ ਲੈ ਕੇ ਜਾਂਦੇ ਹਨ, ਉਹ ਵੀ ਇਸ ਨੂੰ ਆਪਣੇ ਬੱਚਿਆਂ ਨੂੰ ਖਵਾਉੁਣ ਦੀ ਬਜਾਏ ਪਸ਼ੂਆਂ ਅਤੇ ਮੁਰਗੀਆਂ ਨੂੰ ਪਾਉਣ ਲਈ ਮਜ਼ਬੂਰ ਹੁੰਦੇ ਹਨ। ਜਦੋਂ ਇਸ ਸਬੰਧੀ ਸਮਾਜ ਸੇਵੀ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਮਿਡ-ਡੇ-ਮੀਲ ਵਿਚ ਰਾਸ਼ਨ ਦੇ ਕੇ ਕੇਵਲ ਖ਼ਾਨਾ ਪੂਰਤੀ ਕੀਤੀ ਜਾ ਰਹੀ ਹੈ। ਜਦੋਂ ਕਿ ਇਸ ਰਾਸ਼ਨ ਵਿਚ ਬੱਚਿਆਂ ਲਈ ਪੌਸ਼ਟਿਕ ਆਹਾਰ ਨਹੀਂ ਹੁੰਦੇ। ਉਨ੍ਹਾਂ ਕਿਹਾ ਬੱਚਿਆਂ ਦੀ ਸਿਹਤ ਨਾਲ ਵਿਭਾਗ ਵਲੋਂ ਸਿੱਧੇ ਤੌਰ ‘ਤੇ ਖਿਲਵਾੜ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੇ ਡਿਪਟੀ ਕਮਿਸਨਰ ਪਾਸੋਂ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਲਈ ਆ ਰਹੇ ਘਟੀਆ ਰਾਸ਼ਨ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਵੰਡ ਪ੍ਰਣਾਲੀ ਕਰਨ ਵਾਲਿਆਂ ਖ਼ਿਲਾਫ਼ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਬੱਚਿਆਂ ਨੂੰ ਪੌਸ਼ਟਿਕ ਆਹਾਰ ਮਿਲ ਸਕੇ। ਜਦੋਂ ਇਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਾਲ ਗੱਲ ਕੀਤੀ ਤਾਂ ਉਨ੍ ਕਿਹਾ ਕਿ ਹੁਣ ਕੁਝ ਦਿਨ ਪਹਿਲਾਂ ਹੀ ਇਹ ਰਾਸ਼ਨ ਦੁਬਾਰਾ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਹੈ ਤੇ ਜੋ ਰਾਸ਼ਨ ਸੈਂਟਰਾਂ ਵਿਚ ਪਹੁੰਚਿਆ ਹੈ, ਉਸ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਜੇਕਰ ਕਿਤੇ ਕੋਈ ਘਟੀਆ ਮਿਆਰ ਦਾ ਰਾਸ਼ਨ ਨਿਕਲਿਆ ਤਾਂ ਉਸ ਸਬੰਧੀ ਸਰਕਾਰ ਨੂੰ ਲਿਖਿਆ ਜਾਵੇਗਾ।