ਖੁਸ਼ਹਾਲ ਬਹਿਲ ਮੈਮੋਰੀਅਲ ਕ੍ਰਿਕਟ ਕੱਪ ਸਫਲਤਾਪੂਰਵਕ ਸੰਪੰਨ
ਗੁਰਦਾਸਪੁਰ, 5 ਅਕਤੂਬਰ (ਅਸ਼ੋਕ ਸ਼ਰਮਾ)- ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਰਕਾਰੀ ਕਾਲਜ ਵਿਖੇ ਖੁਸ਼ਹਾਲ ਬਹਿਲ ਮੈਮੋਰੀਅਲ ਕ੍ਰਿਕਟ ਕੱਪ ਦੇ ਫਾਈਨਲ ਮੁਕਾਬਲੇ ਵਿਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਹਲਕਾ ਇੰਚਾਰਜ ਰਮਨ ਬਹਿਲ ਸਮੇਤ ਪਾਰਟੀ ਦੇ ਆਗੂ ਵਰਕਰ ਤੇ ਖਿਡਾਰੀ ਮੌਜੂਦ ਸਨ।
ਗੁਰਦਾਸਪੁਰ, 5 ਅਕਤੂਬਰ (ਅਸ਼ੋਕ ਸ਼ਰਮਾ)- ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ (ਅਸ਼ੋਕ ਚੱਕਰ) ਸਰਕਾਰੀ ਕਾਲਜ ਵਿਖੇ ਖੁਸ਼ਹਾਲ ਬਹਿਲ ਮੈਮੋਰੀਅਲ ਕ੍ਰਿਕਟ ਕੱਪ ਦੇ ਫਾਈਨਲ ਮੁਕਾਬਲੇ ਵਿਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਹਲਕਾ ਇੰਚਾਰਜ ਰਮਨ ਬਹਿਲ ਸਮੇਤ ਪਾਰਟੀ ਦੇ ਆਗੂ ਵਰਕਰ ਤੇ ਖਿਡਾਰੀ ਮੌਜੂਦ ਸਨ। ਕੈਬਨਿਟ ਮੰਤਰੀ ਕਟਾਰੂਚੱਕ ਨੇ ਨੌਜਵਾਨ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਕੈਬਨਿਟ ਮੰਤਰੀ ਨੇ ਸਵਰਗੀ ਖੁਸ਼ਹਾਲ ਬਹਿਲ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਰਾਜਨੀਤੀ ਦੇ ਖੇਤਰ ਵਿਚ ਕਦਰਾਂ-ਕੀਮਤਾਂ ਤੇ ਸਾਫ਼-ਸੁਥਰੀ ਰਾਜਨੀਤੀ ਨੂੰ ਕਾਇਮ ਰੱਖਿਆ। ਉਨ੍ਹਾਂ ਆਪਣਾ ਸਾਰਾ ਜੀਵਨ ਲੋਕ ਸੇਵਾ ਨੂੰ ਸਮਰਪਿਤ ਕੀਤਾ ਅਤੇ ਉਨ੍ਹਾਂ ਦੀ ਲੋਕਾਂ ਪ੍ਰਤੀ ਸੇਵਾ ਭਾਵਨਾ ਹਮੇਸ਼ਾ ਯਾਦ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਦਾ ਸਾਧਨ ਨਹੀਂ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਇਕ ਸਿਹਤਮੰਦ ਤੇ ਉਜਵਲ ਭਵਿੱਖ ਵੱਲ ਲੈ ਜਾਣ ਦਾ ਮਜ਼ਬੂਤ ਜ਼ਰੀਆ ਹਨ। ਉਨ੍ਹਾਂ ਕਿਹਾ ਕਿ ਮੈਦਾਨਾਂ ਵਿਚ ਗੂੰਜਦੀ ਨੌਜਵਾਨੀ ਦੀ ਊਰਜਾ ਹੀ ਰੰਗਲੇ ਪੰਜਾਬ ਦੀ ਅਸਲ ਤਾਕਤ ਹੈ। ਉਨ੍ਹਾਂ ਕਿਹਾ ਕਿ ਰਮਨ ਬਹਿਲ ਦੀ ਅਗਵਾਈ ਹੇਠ ਹੋਇਆ ਇਹ ਟੂਰਨਾਮੈਂਟ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਉਨ੍ਹਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਵਾਲਾ ਸ਼ਾਨਦਾਰ ਅਤੇ ਸਫਲ ਰਿਹਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਇਹ ਕ੍ਰਿਕਟ ਟੂਰਨਾਮੈਂਟ ਉਨ੍ਹਾਂ ਦੇ ਸਵਰਗੀ ਪਿਤਾ ਖੁਸ਼ਹਾਲ ਬਹਿਲ ਦੀ ਯਾਦ ਨੂੰ ਸਮਰਪਿਤ ਹੈ ਅਤੇ ਉਨ੍ਹਾਂ ਦੇ ਪਿਤਾ ਨੇ ਲੰਮਾ ਸਮਾਂ ਸਾਫ਼-ਸੁਥਰੀ ਲੋਕ ਸੇਵਾ ਤੇ ਰਾਜਨੀਤੀ ਨੂੰ ਸਮਰਪਿਤ ਕੀਤਾ। ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਹਮੇਸ਼ਾ ਉਨ੍ਹਾਂ ਲਈ ਰੋਲ ਮਾਡਲ ਰਹਿਣਗੇ ਅਤੇ ਉਨ੍ਹਾਂ ਦੀ ਸਾਫ਼-ਸੁਥਰੀ ਛਵੀ ਤੇ ਲੋਕ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਟੂਰਨਾਮੈਂਟ ਕਰਵਾਉਣ ਵਾਲੇ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖੁਸ਼ਹਾਲ ਬਹਿਲ ਦੀ ਯਾਦ ਨੂੰ ਤਾਜ਼ਾ ਕਰਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਕੈਬਨਿਟ ਮੰਤਰੀ ਕਟਾਰੂਚੱਕ ਦਾ ਟੂਰਨਾਮੈਂਟ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਟੂਰਨਾਮੈਂਟ ਵਿਚ 16 ਟੀਮਾਂ ਨੇ ਭਾਗ ਲਿਆ ਅਤੇ ਫਾਈਨਲ ਮੁਕਾਬਲੇ ਵਿਚ ਪਹੁੰਚੀਆਂ ਦੋਵੇਂ ਟੀਮਾਂ ਵਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਰਤ ਭੂਸ਼ਣ ਸ਼ਰਮਾ ਸੰਗਠਨ ਇੰਚਾਰਜ, ਚੇਅਰਮੈਨ ਸਪੋਰਟਸ ਵੈਲਫੇਅਰ ਸਵਿੰਦਰ ਸਿੰਘ ਲੰਬੜ, ਚੇਅਰਮੈਨ ਬਲਾਕ ਸੰਮਤੀ ਰਣਜੀਤ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ, ਪ੍ਰਿੰਸੀਪਲ ਅਸ਼ਵਨੀ ਕੁਮਾਰ ਭੱਲਾ, ਚੇਅਰਮੈਨ ਬਲਵਿੰਦਰ ਸਿੰਘ, ਸਰਪੰਚ ਬਲਜਿੰਦਰ ਸਿੰਘ ਸਮੇਤ ਹੋਰ ਪਤਵੰਤੇ ਤੇ ਖੇਡ ਪ੍ਰੇਮੀ ਹਾਜ਼ਰ ਸਨ।