ਫ਼ਤਹਿਗੜ੍ਹ ਚੂੜੀਆਂ, 4 ਸਤੰਬਰ (ਐੱਮ.ਐੱਸ. ਫੁੱਲ)-ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ਼, ਫ਼ਤਹਿਗੜ੍ਹ ਚੂੜੀਆਂ ਵਿਖੇ ਐੱਸ.ਡੀ. ਸਭਾ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਕੈਂਪਸ ਨੂੰ ਫੁੱਲਾਂ ਤੇ ਰੰਗ-ਬਿਰੰਗੀਆਂ ਸਜਾਵਟਾਂ ਲਾਇਟਾਂ ਨਾਲ ਸਜਾਇਆ ਗਿਆ ਸੀ। ਸਮਾਗਮ ਦੀ ਸ਼ੁਰੂਆਤ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਪੂਜਾ-ਅਰਚਨਾ ਤੇ ਭਜਨ-ਕੀਰਤਨ ਨਾਲ ਕੀਤੀ ਗਈ, ਜਿਸ ’ਚ ਪ੍ਰਿੰਸੀਪਲ, ਸਟਾਫ਼ ਤੇ ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਮੌਕੇ ਵਿਦਿਆਰਥਣਾਂ ਵਲੋਂ ਭਗਵਾਨ ਕ੍ਰਿਸ਼ਨ ਜੀ ਦੀਆਂ ਗੋਪੀਆਂ ਦੇ ਰੂਪ ’ਚ ਸਜੀਆਂ ਸੁੰਦਰ ਝਾਕੀਆਂ ਪੇਸ਼ ਕੀਤੀਆਂ। ਵਿਦਿਆਰਥਣਾਂ ਨੇ ਰਾਧਾ-ਕ੍ਰਿਸ਼ਨ ਦੇ ਰੂਪ ’ਚ ਮਨਮੋਹਕ ਨ੍ਰਿਤ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ, ਬਾਲ ਕ੍ਰਿਸ਼ਨ ਜੀ ਦੀ ਵੇਸ਼-ਭੂਸ਼ਾ ’ਚ ਸਜੇ ਛੋਟੇ ਬੱਚੇ ਨੇ ਮਟਕੀ ਤੋੜਨ ਦੀ ਰਸਮ ਅਦਾ ਕੀਤੀ। ਡਾ. ਮ੍ਰਿਣਾਲ ਗੁਪਤਾ ਨੇ ਵਿਦਿਆਰਥਣਾਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਗੀਤਾ ’ਚ ਦਿੱਤੇ ਗਏ ਕਰਮਯੋਗ ਦੇ ਸੰਦੇਸ਼ ਨੂੰ ਆਪਣੇ ਜੀਵਨ ’ਚ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਸਮੂਹ ਸਟਾਫ਼ ਤੇ ਵਿਦਿਆਰਥਣਾਂ ਨੂੰ ਜਨਮ ਅਸ਼ਟਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਇਸ ਦਿਨ ਦੇ ਸੁੰਦਰ ਆਯੋਜਨ ਲਈ ਡਾ. ਰਸ਼ਮੀ, ਮਿਸਜ਼ ਮਨੀਸ਼ਾ, ਮਿਸ ਨੇਹਾ ਤੇ ਸਮੂਹ ਸਟਾਫ਼ ਦੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ। ਅੰਤ ਵਿਚ ਪ੍ਰਸ਼ਾਦ ਵੰਡਿਆ ਗਿਆ ।