25 ਲੱਖ ਦਾ ਸਟੇਡੀਅਮ ਜਾਂ ਸਿਰਫ਼ ਰੰਗ-ਰੋਗਨ ਕਰ ਕੇ ਲਾਇਆ ਵਿਕਾਸ ਦਾ ਬੋਰਡ
ਕਾਠਗੜ੍ਹ, 15 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਰੈਲ ਮਾਜਰਾ ਵਿੱਚ 25 ਲੱਖ ਰੁਪਏ ਦੀ ਲਾਗਤ ਨਾਲ ਸਟੇਡੀਅਮ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਜ਼ਮੀਨੀ ਹਕੀਕਤ ਬਾਰੇ ਪਿੰਡ ਵਾਸੀਆਂ ਨੇ ਕਈ ਗੰਭੀਰ ਸਵਾਲ ਉਠਾਏ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਨੂੰ ਅੱਜ ਸਟੇਡੀਅਮ ਦੱਸਿਆ ਜਾ ਰਿਹਾ ਹੈ, ਉੱਥੇ ਪਹਿਲਾਂ ਤੋਂ ਹੀ ਪਿੰਡ ਦਾ ਗਰਾਊਂਡ ਮੌਜੂਦ ਸੀ।
ਕਾਠਗੜ੍ਹ, 15 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਰੈਲ ਮਾਜਰਾ ਵਿੱਚ 25 ਲੱਖ ਰੁਪਏ ਦੀ ਲਾਗਤ ਨਾਲ ਸਟੇਡੀਅਮ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਜ਼ਮੀਨੀ ਹਕੀਕਤ ਬਾਰੇ ਪਿੰਡ ਵਾਸੀਆਂ ਨੇ ਕਈ ਗੰਭੀਰ ਸਵਾਲ ਉਠਾਏ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਨੂੰ ਅੱਜ ਸਟੇਡੀਅਮ ਦੱਸਿਆ ਜਾ ਰਿਹਾ ਹੈ, ਉੱਥੇ ਪਹਿਲਾਂ ਤੋਂ ਹੀ ਪਿੰਡ ਦਾ ਗਰਾਊਂਡ ਮੌਜੂਦ ਸੀ। ਉਸੇ ਗਰਾਊਂਡ ਨੂੰ ਨਵਾਂ ਰੰਗ-ਰੋਗਨ ਕਰਕੇ, ਚਾਰ ਵੱਡੀਆਂ ਲਾਈਟਾਂ, ਲਗਭਗ 35 ਛੋਟੀਆਂ ਲਾਈਟਾਂ ਅਤੇ ਕੁੱਝ ਹੋਰ ਕੰਮ ਕਰਵਾ ਕੇ 25 ਲੱਖ ਰੁਪਏ ਦੀ ਲਾਗਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਵਾਲ ਇਹ ਉੱਠ ਰਿਹਾ ਹੈ ਕਿ ਕੀ ਸਿਰਫ਼ ਕੰਧਾਂ ਨੂੰ ਪੇਂਟ ਕਰ ਦੇਣ ਅਤੇ ਲਾਈਟਾਂ ਲਗਾ ਦੇਣ ਨਾਲ ਸਟੇਡੀਅਮ ਬਣ ਜਾਂਦਾ ਹੈ। ਖਿਡਾਰੀਆਂ ਦੀ ਲੋੜ ਅਨੁਸਾਰ ਖੇਡ ਸਹੂਲਤਾਂ ਕਿੱਥੇ ਹਨ, ਖੇਡਾਂ ਲਈ ਬਿਜਲੀ ਦੇ ਪੱਕੇ ਪ੍ਰਬੰਧ ਬਾਰੇ ਸਪੱਸ਼ਟੀਕਰਨ ਕਿੱਥੇ ਹੈ, ਪਿੰਡ ਦੇ ਅਸਲ ਖਿਡਾਰੀਆਂ ਨੂੰ ਉਦਘਾਟਨ ਸਮੇਂ ਸੱਦਾ ਕਿਉਂ ਨਹੀਂ ਦਿੱਤਾ ਗਿਆ, ਤਿੰਨੋਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੂੰ ਭਰੋਸੇ ਵਿੱਚ ਕਿਉਂ ਨਹੀਂ ਲਿਆ ਗਿਆ ਅਤੇ ਸਿਰਫ਼ 25 ਦੇ ਕਰੀਬ ਵਿਅਕਤੀਆਂ ਦੀ ਹਾਜ਼ਰੀ ਵਿੱਚ ਉਦਘਾਟਨ ਕਰਕੇ ਕਿਸ ਵਿਕਾਸ ਦਾ ਸੁਨੇਹਾ ਦਿੱਤਾ ਗਿਆ। ਪਿੰਡ ਵਾਸੀਆਂ ਦੀ ਮੰਗ ਹੈ ਕਿ 25 ਲੱਖ ਰੁਪਏ ਦਾ ਪੂਰਾ ਬਜਟ, ਖ਼ਰਚੇ ਦੇ ਬਿੱਲ ਅਤੇ ਕੰਮ ਦੀ ਮਿਣਤੀ ਜਨਤਕ ਕੀਤੀ ਜਾਵੇ। ਇਸ ਮਾਮਲੇ ਵਿੱਚ ਆਪਣਾ ਪੱਖ ਰੱਖਦਿਆਂ ਤੇਜੀ ਮਾਂਗਟ ਪ੍ਰਧਾਨ ਦੋਆਬਾ ਜ਼ੋਨ ਮਿਸਲ ਸਤਲੁਜ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਟੇਡੀਅਮ ਬਣਾਉਣ ਦਾ ਮਕਸਦ ਸਿਆਸੀ ਤਸਵੀਰਾਂ ਖਿਚਵਾਉਣਾ ਨਹੀਂ, ਸਗੋਂ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਣ ਲਈ ਸਹੂਲਤਾਂ ਦੇਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਬਿਲਕੁਲ ਸਪੱਸ਼ਟ ਹੈ, 25 ਲੱਖ ਰੁਪਏ ਦਾ ਪਾਈ-ਪਾਈ ਹਿਸਾਬ ਜਨਤਾ ਸਾਹਮਣੇ ਰੱਖਿਆ ਜਾਵੇ। ਪਿੰਡ ਦੇ ਗਰਾਊਂਡ ਨੂੰ ਸਟੇਡੀਅਮ ਦਾ ਨਾਮ ਦੇਣ ਨਾਲ ਵਿਕਾਸ ਸਾਬਤ ਨਹੀਂ ਹੁੰਦਾ, ਵਿਕਾਸ ਕੰਮ ਦੀ ਗੁਣਵੱਤਾ ਅਤੇ ਖਿਡਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਨਾਲ ਸਾਬਤ ਹੁੰਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕਿਸੇ ਨਾਲ ਨਿੱਜੀ ਵਿਰੋਧ ਨਹੀਂ, ਇਹ ਪਿੰਡ ਦੇ ਹੱਕਾਂ ਅਤੇ ਜਨਤਾ ਦੇ ਪੈਸੇ ਦੇ ਹਿਸਾਬ ਦੀ ਲੜਾਈ ਹੈ।