ਹਰਿਆਣਾ, 1 ਨਵੰਬਰ (ਹਰਮੇਲ ਸਿੰਘ ਖੱਖ)-ਜੀ. ਜੀ. ਡੀ. ਐੱਸ. ਡੀ ਕਾਲਜ ਹਰਿਆਣਾ ਵਿਖੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਦੌਰਾ ਕੀਤਾ। ਕਾਲਜ ਪਹੁੰਚਣ ’ਤੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਨੇ ਕਾਲਜ ਦੇ ਪ੍ਰਿੰਸੀਪਲ ਤੇ ਸਟਾਫ਼ ਨਾਲ ਮੁਲਾਕਾਤ ਕਰਦਿਆਂ ਸੰਸਥਾ ਦੀਆਂ ਅਕਾਦਮਿਕ ਪ੍ਰਾਪਤੀਆਂ, ਵਿਕਾਸ ਕਾਰਜਾਂ ਅਤੇ ਵਿਦਿਆਰਥੀਆਂ ਦੀ ਭਲਾਈ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਜੀ.ਜੀ.ਡੀ.ਐੱਸ.ਡੀ. ਕਾਲਜ ਹਰਿਆਣਾ ਇਲਾਕੇ ਦੀ ਇੱਕ ਪੁਰਾਤਨ ਅਤੇ ਮਾਣਮੱਤੀ ਸਿੱਖਿਆ ਸੰਸਥਾ ਹੈ, ਜੋ ਲੰਮੇ ਸਮੇਂ ਤੋਂ ਵਿਦਿਆਰਥੀਆਂ ਨੂੰ ਮਿਆਰੀ, ਕਿੱਤਾ ਮੁਖੀ ਕੋਰਸ, ਇੰਟੀਗ੍ਰੇਟਿਡ ਟੀਚਰ ਐਜੂਕੇਸ਼ਨ ਪ੍ਰੋਗਰਾਮ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਯੋਗਦਾਨ ਪਾ ਰਹੀ ਹੈ। ਉਨ੍ਹਾਂ ਨੇ ਇੱਛਾ ਪ੍ਰਗਟਾਈ ਕਿ ਕਾਲਜ ਸਿੱਖਿਆ, ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਦੇ ਖੇਤਰ ਵਿਚ ਹੋਰ ਨਵੀਆਂ ਪ੍ਰਾਪਤੀਆਂ ਹਾਸਿਲ ਕਰੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਨੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦਾ ਕਾਲਜ ਵਿਖੇ ਪਹੁੰਚਣ ਅਤੇ ਸੰਸਥਾ ਦੇ ਵਿਕਾਸ ਪ੍ਰਤੀ ਦਿਲਚਸਪੀ ਦਿਖਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਸੁਰੇਸ਼ ਕੁਮਾਰ, ਡਾ. ਸੂਚੀ ਸ਼ਰਮਾ, ਡਾ. ਹਰਵਿੰਦਰ ਕੌਰ, ਇੰਦਰਜੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।