ਨਾਬਾਲਗ ਵਿਦਿਆਰਥਣ ਨਾਲ ਜਬਰ ਜਨਾਹ, ਪੁਲਿਸ ’ਤੇ ਉਚਿਤ ਕਾਰਵਾਈ ਨਾ ਕਰਨ ਦੇ ਲਗਾਏ ਦੋਸ਼
ਹੁਸ਼ਿਆਰਪੁਰ, 1 ਸਤੰਬਰ (ਬਲਜਿੰਦਰਪਾਲ ਸਿੰਘ)-ਥਾਣਾ ਹਰਿਆਣਾ ਦੇ ਅਧੀਨ ਪੈਂਦੇ ਇਕ ਸਰਕਾਰੀ ਮਿਡਲ ਸਕੂਲ ’ਚ ਪੜ੍ਹਦੀ 12 ਸਾਲਾ ਨਾਬਾਲਗ ਵਿਦਿਆਰਥਣ ਨਾਲ ਹੋਏ ਜਬਰ ਜਨਾਹ ਵਾਲੇ ਮਾਮਲੇ ’ਚ ਪੁਲਿਸ ਵਲੋਂ ਉਚਿਤ ਕਾਰਵਾਈ ਨਾ ਕਰਨ ਅਤੇ ਵਿਦਿਆਰਥਣ ਨੂੰ ਕਥਿਤ ਤੌਰ ’ਤੇ ਡਰਾਉਣ, ਧਮਕਾਉਣ ਦਾ ਦੋਸ਼ ਲਗਾਉਂਦਿਆਂ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚੇ ਉਸਦੇ ਪਰਿਵਾਰਕ ਮੈਂਬਰਾਂ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਪੀ.
ਹੁਸ਼ਿਆਰਪੁਰ, 1 ਸਤੰਬਰ (ਬਲਜਿੰਦਰਪਾਲ ਸਿੰਘ)-ਥਾਣਾ ਹਰਿਆਣਾ ਦੇ ਅਧੀਨ ਪੈਂਦੇ ਇਕ ਸਰਕਾਰੀ ਮਿਡਲ ਸਕੂਲ ’ਚ ਪੜ੍ਹਦੀ 12 ਸਾਲਾ ਨਾਬਾਲਗ ਵਿਦਿਆਰਥਣ ਨਾਲ ਹੋਏ ਜਬਰ ਜਨਾਹ ਵਾਲੇ ਮਾਮਲੇ ’ਚ ਪੁਲਿਸ ਵਲੋਂ ਉਚਿਤ ਕਾਰਵਾਈ ਨਾ ਕਰਨ ਅਤੇ ਵਿਦਿਆਰਥਣ ਨੂੰ ਕਥਿਤ ਤੌਰ ’ਤੇ ਡਰਾਉਣ, ਧਮਕਾਉਣ ਦਾ ਦੋਸ਼ ਲਗਾਉਂਦਿਆਂ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚੇ ਉਸਦੇ ਪਰਿਵਾਰਕ ਮੈਂਬਰਾਂ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਪੀ. ਐੱਸ. ਘੁੰਮਣ ਤੇ ਹੋਰਨਾਂ ਨੇ ਦੱਸਿਆ ਕਿ ਬੇਸ਼ੱਕ ਪੁਲਿਸ ਵਲੋਂ ਮਾਮਲਾ ਦਰਜ ਕਰਨ ਲੈਣ ਤੋਂ ਬਾਅਦ ਕਥਿਤ ਦੋਸ਼ੀ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਇਸ ਦੇ ਬਾਵਜੂਦ ਪੁਲਿਸ ਉਸ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਾਂਚ ਕਰਨ ਦੇ ਬਹਾਨੇ ਜ਼ੇਰੇ-ਏ-ਇਲਾਜ ਲੜਕੀ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਰਹੇ ਅਧਿਕਾਰੀ ਨੂੰ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ ਨਾ ਕਿ ਵਾਰ ਵਾਰ ਬਾਹਰੀ ਪੁਲਿਸ ਵਲੋਂ ਲੜਕੀ ’ਤੇ ਦਬਾਅ ਬਣਾਇਆ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਸਾਰਾ ਮਾਮਲਾ ਪੂਰੀ ਤਰ੍ਹਾਂ ਸਾਫ਼ ਹੈ ਤਾਂ ਲੜਕੀ ਨੂੰ ਪੁਲਿਸ ਵਾਰ ਵਾਰ ਕਿਉਂ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਦਬਾਅ ਦੇ ਨਿਰਪੱਖ ਜਾਂਚ ਕਰੇ ਅਤੇ ਪਰਿਵਾਰ ਨੂੰ ਇਨਸਾਫ਼ ਦੇਵੇ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰਾਂ ਨੇ ਕਿਹਾ ਕਿ ਉਹ ਇਨਸਾਫ਼ ਲੈਣ ਤੋਂ ਪਿੱਛੇ ਨਹੀਂ ਹਟਣਗੇ। ਜੇਕਰ ਲੋੜ ਪਈ ਤਾਂ ਇਨਸਾਫ਼ ਲਈ ਸੰਘਰਸ਼ ਕੀਤਾ ਜਾਵੇਗਾ। ਮੌਕੇ ’ਤੇ ਪਹੁੰਚੇ ਐੱਸ. ਪੀ. (ਡੀ) ਪਰਨੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਨਿਰਪੱਖ ਤੌਰ ’ਤੇ ਜਾਂਚ ਕਰ ਰਹੀ ਹੈ ਤੇ ਜੋ ਵੀ ਇਸ ਮਾਮਲੇ ’ਚ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਸੰਬੰਧੀ ਲੜਕੀ ਦੇ 2 ਸਤੰਬਰ ਨੂੰ 11 ਵਜੇ ਬਿਆਨ ਲੈ ਲਏ ਜਾਣਗੇ। ਇਸ ਸੰਬੰਧੀ ਐੱਸ. ਐਮ. ਓ. ਨਵਜੋਤ ਸਿੰਘ ਨੇ ਦੱਸਿਆ ਕਿ ਲੜਕੀ ਦੀ ਮੈਡੀਕਲ ਜਾਂਚ ਹੋ ਚੁੱਕੀ ਹੈ ਅਤੇ ਉਸ ਦਾ ਸੈਂਪਲ ਲੈਬੋਰੇਟਰੀ ’ਚ ਜਾਂਚ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਲੜਕੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਇਸ ਮੌਕੇ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਐਡਵੋਕੇਟ ਪੁਨੀਤ ਇੰਦਰ ਸਿੰਘ ਕੰਗ, ਐਡਵੋਕੇਟ ਸੰਦੀਪ ਸ਼ਰਮਾ, ਐਡਵੋਕੇਟ ਪ੍ਰਦੀਪ ਜੁਲਕਾ,ਐਡਵੋਕੇਟ ਆਰ. ਪੀ. ਧੀਰ, ਐਡਵੋਕੇਟ ਨਵਜੋਤ ਮਾਨ, ਐਡਵੋਕੇਟ ਅਭਿਨਵ ਮਹਿੰਦਰੂ, ਐਡਵੋਕੇਟ ਨਿਪੁੰਨ ਪਰਾਸ਼ਰ, ਐਡਵੋਕੇਟ ਪ੍ਰੀਤੀ ਜੱਸਲ, ਐਡਵੋਕੇਟ ਮਾਣਿਕ ਡੋਗਰਾ ਆਦਿ ਹਾਜ਼ਰ ਸਨ।