11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਇਤਿਹਾਸ ਦਾ ਸਭ ਤੋਂ ਦੁਖਦਾਈ ਅਤੇ ਸ਼ਰਮਨਾਕ ਅਧਿਆਇ ਹੈ ’84 ਦੇ ਸਿੱਖ ਵਿਰੋਧੀ ਦੰਗੇ-ਸੋਨੀਆ ਗਾਂਧੀ

ਇਤਿਹਾਸ ਦਾ ਸਭ ਤੋਂ ਦੁਖਦਾਈ ਅਤੇ ਸ਼ਰਮਨਾਕ ਅਧਿਆਇ ਹੈ ’84 ਦੇ ਸਿੱਖ ਵਿਰੋਧੀ ਦੰਗੇ-ਸੋਨੀਆ ਗਾਂਧੀ

ਅਜੀਤ ਡੈਸਕ 11-11-2026

ਬਿਨਾਂ ਕਿਸੇ ਸਮਾਗਮ ਤੋਂ ਜਾਰੀ ਹੋਈ ਸਵੈ-ਜੀਵਨੀ : ‘ਬਿਲੌਂਗਿੰਗ-ਏ ਜਰਨੀ ਆਫ਼ ਲਵ’ 

ਸੋਨੀਆ ਦੇ ਬਿਆਨ ’ਤੇ ਭਾਜਪਾ ਤੇ ਅਕਾਲੀ ਦਲ ਹੋਏ ਹਮਲਾਵਰ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 10 ਨਵੰਬਰ-ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਦੀ ਸਵੈ-ਜੀਵਨੀ ‘ਬਿਲੌਗਿੰਗ - ਏ ਜਰਨੀ ਆਫ਼ ਲਵ’ ਮੰਗਲਵਾਰ ਨੂੰ ਬਿਨਾਂ ਕਿਸੇ ਵੱਡੇ ਸਮਾਗਮ ਦੇ ਰਿਲੀਜ਼ ਹੋ ਗਈ। ਜਿਸ ਤੋਂ ਬਾਅਦ ਹਾਰਪਰ ਕਾਲਿਕਸ ਵਲੋਂ ਪ੍ਰਕਾਸ਼ਿਤ ਇਸ ਕਿਤਾਬ ਦੀ ਵਿਕਰੀ ਸ਼ੁਰੂ ਹੋ ਗਈ। 544 ਸਫ਼ਿਆਂ ਦੀ ਇਹ ਕਿਤਾਬ 7 ਅਧਿਆਇਆਂ ’ਚ ਵੰਡੀ ਗਈ ਹੈ, ਜਿਸ ’ਚ ਸੋਨੀਆ ਗਾਂਧੀ ਨੇ ਆਪਣੇ ਨਿੱਜੀ ਅਤੇ ਜਨਤਕ ਜੀਵਨ ਦੇ ਪਹਿਲੂਆਂ ’ਤੇ ਤਫ਼ਸੀਲੀ ਚਰਚਾ ਕੀਤੀ ਹੈ। ਸੋਨੀਆ ਗਾਂਧੀ ਮੁਤਾਬਿਕ ਇਹ ਕਿਤਾਬ ‘ਗ਼ੈਰ-ਸਿਆਸੀ’ ਹੈ, ਹਾਲਾਂਕਿ ਜ਼ਿੰਦਗੀ ’ਚ ਸਿਆਸਤ ਦਾ ਵੱਡਾ ਪਿਛੋਕੜ ਹੋਣ ਕਾਰਨ ਇਹ ਸਿਆਸਤ ਤੋਂ ਸੱਖਣੀ ਨਹੀਂ ਹੈ। ਸੋਨੀਆ ਗਾਂਧੀ ਨੇ ਆਪਣੀ ਸਵੈ-ਜੀਵਨੀ ’ਚ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਦੇਸ਼ ਦਾ ਸਭ ਤੋਂ ਦੁਖਦ ਅਤੇ ਸ਼ਰਮਨਾਕ ਅਧਿਆਇ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਸ ਸਮੇਂ ਦੇ ਭਿਆਨਕ ਦ੍ਰਿਸ਼ ਅੱਜ ਵੀ ਉਨ੍ਹਾਂ ਦੇ ਮਨ ’ਚ ਤਾਜ਼ਾ ਹਨ। ਸੋਨੀਆ ਗਾਂਧੀ ਨੇ ’84 ਦੇ ਦੰਗਿਆਂ ਤੋਂ ਇਲਾਵਾ ਆਪਣੀ ਕਿਤਾਬ ’ਚ ਆਪ੍ਰੇਸ਼ਨ ‘ਬਲੂ ਸਟਾਰ’ ਦਾ ਵੀ ਜ਼ਿਕਰ ਕੀਤਾ। ਉਕਤ ਦਾਅਵਾ ਕੀਤਾ ਕਿ ਆਪ੍ਰੇਸ਼ਨ ‘ਬਲੂ ਸਟਾਰ’ ਤੋਂ ਬਾਅਦ ਜਦੋਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ’ਚ ਹੋਈ ਤਬਾਹੀ ਦੀਆਂ ਤਸਵੀਰਾਂ ਵਿਖਾਈਆਂ ਗਈਆਂ ਤਾਂ ਉਨ੍ਹਾਂ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ। ਉਨ੍ਹਾਂ ਇਹ ਵੀ ਕਿਹਾ ਕਿ ਇੰਦਰਾ ਗਾਂਧੀ ਨੂੰ ਆਪਣੇ ਕਤਲ ਦਾ ਖਦਸ਼ਾ ਸੀ ਅਤੇ ਉਨ੍ਹਾਂ ਨੇ ਪਰਿਵਾਰ ਨੂੰ ਸੰਭਾਵਿਤ ਮੌਤ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਸੀ। ਸੋਨੀਆ ਗਾਂਧੀ ਦੀ ਸਵੈ-ਜੀਵਨੀ ’ਚ ਰਾਜੀਵ ਗਾਂਧੀ ਨਾਲ ਮੁਲਾਕਾਤ, ਪਿਆਰ ਤੇ ਵਿਆਹ, ਭਾਰਤ ਆਉਣਾ, ਐਮਰਜੈਂਸੀ, ਇੰਦਰਾ ਗਾਂਧੀ ਦੀ ਹੱਤਿਆ, ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਂਗਰਸ ਦੀ ਅਗਵਾਈ ਕਰਨੀ ਅਤੇ ਪਾਰਟੀ ਨੂੰ ਬਹੁਮਤ ਮਿਲਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਾ ਬਣਨ ਦੇ ਫ਼ੈਸਲੇ ਸਮੇਤ ਕਈ ਫ਼ੈਸਲਿਆਂ ਦਾ ਜ਼ਿਕਰ ਹੈ। ਕਿਤਾਬ ਦੇ ਕਵਰ ’ਤੇ ਛਪੀ ‘ਸੋਨੀਆ ਗਾਂਧੀ ਦੀ ਤਸਵੀਰ ਸਾਲ 1966’ ’ਚ ਰਾਜੀਵ ਗਾਂਧੀ ਨੇ ਇਟਲੀ ਦੇ ਸ਼ਹਿਰ ਟੋਰੀਨੋ ’ਚ ਆਪਣੇ ਕੈਮਰੇ ਨਾਲ ਖਿੱਚੀ ਸੀ, ਜਦਕਿ ਕਿਤਾਬ ਦੇ ਪਿਛਲੇ ਕਵਰ ਦੀ ਤਸਵੀਰ ਉਨ੍ਹਾਂ ਦੇ ਦੋਹਤੇ ਰੇਹਾਨ ਵਾਡਰਾ ਅਤੇ ਉਸ ਦੀ ਮੰਗੇਤਰ ਅਬੀਬਾ ਬੇਗ ਨੇ ਸਾਲ 2026 ’ਚ ਲਈ ਹੈ। ਸੋਨੀਆ ਗਾਂਧੀ ਨੇ ਇਹ ਕਿਤਾਬ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਆਪਣੇ ਦੋਹਤਾ, ਦੋਹਤੀ ਰੇਹਾਨ ਅਤੇ ਮਿਗਯਾ ਨੂੰ ਸਮਰਪਿਤ ਕੀਤੀ ਹੈ। ਕਿਤਾਬ ਦੀ ਸ਼ੁਰੂਆਤ ਰਿਗਵੇਦ ਦੇ ਇਕ ਮੰਤਰ ਦੇ ਨਾਲ ਕੀਤੀ ਗਈ ਹੈ। ਸੋਨੀਆ ਗਾਂਧੀ ਨੇ ਕਿਤਾਬ ਦੀ ਪ੍ਰਸਤਾਵਨਾ ’ਚ ਇਸ ਨੂੰ ਲਿਖਣ ਦਾ ਕਾਰਨ ਵੀ ਦੱਸਿਆ ਕਿ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਦੇ ਲੋਕਾਂ ਨੇ ਅਕਸਰ ਉਨ੍ਹਾਂ ਨੂੰ ਆਪਣੀ ਸਵੈ-ਜੀਵਨੀ ਲਿਖਣ ਲਈ ਕਿਹਾ ਸੀ। ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਕਈ ਸਾਲਾਂ ਬਾਅਦ ਝਿਜਕਦੇ ਹੋਏ ਲਿਖਣਾ ਸ਼ੁਰੂ ਕੀਤਾ। ਲਿਖਣ ’ਚ ਉਨ੍ਹਾਂ ਨੂੰ ਕਾਫੀ ਲੰਮਾ ਸਮਾਂ ਲੱਗਾ। ਉਨ੍ਹਾਂ ਪ੍ਰਸਤਾਵਨਾ ਦੇ ਅਖੀਰ ’ਚ ਲਿਖਿਆ ਕਿ ਇਹ ਰਹੀ ਉਨ੍ਹਾਂ ਦੀ ਆਪਣੀ ਕਹਾਣੀ।
ਰਾਜੀਵ ਗਾਂਧੀ ਨਾਲ ਮੁਲਾਕਾਤ, ਵਿਆਹ ਅਤੇ ਪਰਿਵਾਰਕ ਜ਼ਿੰਦਗੀ
ਸੋਨੀਆ ਗਾਂਧੀ ਨੇ 1960 ਦੇ ਦਹਾਕੇ ’ਚ ਕੈਂਬਰਿਜ ਦੀ ਪੜ੍ਹਾਈ ਦੌਰਾਨ ਰਾਜੀਵ ਗਾਂਧੀ ਨਾਲ ਮੁਲਾਕਾਤ ਦਾ ਬਿਊਰਾ ਦਿੱਤਾ, ਜਿਸ ਤੋਂ ਬਾਅਦ ਰਾਜੀਵ ਨੇ ਇੰਦਰਾ ਗਾਂਧੀ ਨੂੰ ਚਿੱਠੀ ਲਿਖ ਕੇ ਸੋਨੀਆ ਗਾਂਧੀ ਬਾਰੇ ਦੱਸਿਆ, ਜਿਸ ਤੋਂ ਬਾਅਦ ਉਨ੍ਹਾਂ ਰਜ਼ਾਮੰਦੀ ਦੇਣ ਤੋਂ ਪਹਿਲਾਂ ਜੂਨ 1965 ’ਚ ਲੰਡਨ ’ਚ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਦੂਜੇ ਪਾਸੇ ਸੋਨੀਆ ਦੇ ਸਖ਼ਤ ਮਿਜਾਜ਼ ਪਿਤਾ ਨੇ ਵੀ ਸ਼ੁਰੂ ’ਚ ਇਸ ਰਿਸ਼ਤੇ ਨੂੰ ਲੈ ਕੇ ਕਾਫੀ ਨਾਰਾਜ਼ਗੀ ਵਿਖਾਈ ਪਰ ਬਾਅਦ ’ਚ ਮੰਨ ਗਏ। ਸੋਨੀਆ ਨੇ ਆਪਣੇ ਵਿਆਹ, ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਰਸਮੀ ਮਾਹੌਲ ’ਚ ਖ਼ੁਦ ਨੂੰ ਢਾਲਣ, ਹਿੰਦੀ ਸਿੱਖਣ ਅਤੇ 1983 ’ਚ ਆਪਣੀ ਇਟਲੀ ਦੀ ਨਾਗਰਿਕਤਾ ਛੱਡਣ ਆਦਿ ਦੇ ਕਿੱਸੇ ਦਾ ਬਹੁਤ ਭਾਵਨਾਤਮਿਕ ਢੰਗ ਨਾਲ ਜ਼ਿਕਰ ਕੀਤਾ।
ਪਹਿਲਾ ਬੱਚਾ ਨਹੀਂ ਰਿਹਾ
ਸੋਨੀਆ ਗਾਂਧੀ ਨੇ ਆਪਣੀ ਆਤਮਕਥਾ ’ਚ ਆਪਣੇ ਪਹਿਲੇ ਬੱਚੇ ਦਾ ਜ਼ਿਕਰ ਵੀ ਕੀਤਾ, ਜਿਸ ਦਾ ਜਨਮ ਜਨਵਰੀ 1969 ਨੂੰ ਹੋਇਆ ਪਰ ਸਮੇਂ ਤੋਂ ਪਹਿਲਾਂ ਹੋਏ ਬੱਚੇ ਨੇ ਜਨਮ ਤੋਂ ਕੁਝ ਘੰਟਿਆਂ ਬਾਅਦ ਹੀ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਉਹ ਗਹਿਰੇ ਸਦਮੇ ’ਚ ਚਲੀ ਗਈ। 19 ਜੂਨ 1970 ਨੂੰ ਰਾਹੁਲ ਦੇ ਜਨਮ ’ਤੇ ਸਾਰਾ ਪਰਿਵਾਰ ਬਹੁਤ ਖੁਸ਼ ਹੋਇਆ।
ਜਾਣਦੀ ਸੀ ਕਿ ਮਨਮੋਹਨ ਸਿੰਘ ਦੇ ਹੱਥਾਂ ’ਚ ਦੇਸ਼ ਸੁਰੱਖਿਅਤ ਰਹੇਗਾ
ਸੋਨੀਆ ਗਾਂਧੀ ਨੇ 2004 ’ਚ ਜਦੋਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਮਨ੍ਹਾਂ ਕਰਨ ਦਾ ਆਖਰੀ ਫ਼ੈਸਲਾ ਲਿਆ ਤਾਂ ਉਸ ਵਲੋਂ ਡਾ. ਮਨਮੋਹਨ ਸਿੰਘ ਦੀ ਚੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਅਜਿਹੇ ਵਿਅਕਤੀ ਸਨ ਜਿਨ੍ਹਾਂ ’ਤੇ ਕੋਈ ਉਂਗਲ ਨਹੀਂ ਚੁੱਕ ਸਕਦਾ ਸੀ ਅਤੇ ਜਿਸ ਨੂੰ ਸ਼ਾਸਨ ਅਤੇ ਪ੍ਰਸ਼ਾਸਨ ਦੀ ਡੂੰਘੀ ਸਮਝ ਸੀ। ਉਨ੍ਹਾਂ ਮਨਮੋਹਨ ਸਿੰਘ ਨੂੰ ਚੁਣੇ ਜਾਣ ਦੇ ਹੋਰ ਕਾਰਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਅੰਦਰ ਕਿਸੇ ਖ਼ਾਸ ਗੁੱਟ ਨਾਲ ਜੁੜੇ ਨਹੀਂ ਸਨ। ਉਹ ਜ਼ਮੀਨ ਨਾਲ ਜੁੜੇ ਹੋਣ ਕਾਰਨ ਮੁਸ਼ਕਿਲਾਂ ਅਤੇ ਸੰਘਰਸ਼ਾਂ ਨੂੰ ਚੰਗੀ ਤਰ੍ਹਾਂ ਪਛਾਣਦੇ ਸਨ। ਇਸ ਤੋਂ ਇਲਾਵਾ ਉਹ ਬਹੁਤ ਦਿਆਲੂ ਤੇ ਸੰਵੇਦਨਸ਼ੀਲ ਸਨ ਅਤੇ ਉਨ੍ਹਾਂ ਦੀ ਇਮਾਨਦਾਰੀ ’ਤੇ ਕੋਈ ਸਵਾਲ ਵੀ ਨਹੀਂ ਉਠਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਜਾਣਦੇ ਸਨ ਕਿ ਸਾਡਾ ਪਿਆਰਾ ਦੇਸ਼ ਉਨ੍ਹਾਂ (ਮਨਮੋਹਨ ਸਿੰਘ) ਦੇ ਹੱਥਾਂ ’ਚ ਸੁਰੱਖਿਅਤ ਰਹੇਗਾ।
ਹੁਣ ਪ੍ਰਧਾਨ ਮੰਤਰੀ ਬਦਲਣ ਦਾ ਸਮਾਂ ਆ ਗਿਆ - 2010 ’ਚ ਪ੍ਰਣਬ ਮੁਖਰਜੀ ਦੇ ਸੁਝਾਅ ’ਤੇ ਹੈਰਾਨ ਹੋਈ ਸੋਨੀਆ
ਸੋਨੀਆ ਗਾਂਧੀ ਨੇ ਆਪਣੀ ਕਿਤਾਬ ’ਚ ਖੁਲਾਸਾ ਕਰਦਿਆਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ 2010 ’ਚ ਪ੍ਰਧਾਨ ਮੰਤਰੀ ਬਣਨ ਦੀ ਆਪਣੀ ਦੱਬੀ ਹੋਈ ਆਸ ਪ੍ਰਗਟਾਈ ਸੀ। ਸੋਨੀਆ ਨੇ ਲਿਖਿਆ ਕਿ ਉਸ ਵੇਲੇ ਦੇ ਵਿੱਤ ਮੰਤਰੀ ਪੀ. ਚਿਦੰਬਰਮ ਦੇ ਨਾਲ ਪ੍ਰਣਬ ਮੁਖਰਜੀ ਦਰਮਿਆਨ ਗੰਭੀਰ ਮਤਭੇਦ ਪੈਦਾ ਹੋ ਗਏ ਸਨ। ਇਸੇ ਦੌਰਾਨ 2010 ’ਚ ਇਕ ਵਾਰ ਆਪਣੀ ਨਾਰਾਜ਼ਗੀ ਪ੍ਰਗਟਾਉਂਦਿਆਂ ਅਚਾਨਕ ਇਹ ਸੁਝਾਅ ਦਿੱਤਾ ਕਿ ਸ਼ਾਇਦ ਹੁਣ ਪ੍ਰਧਾਨ ਮੰਤਰੀ ਬਦਲਣ ਦਾ ਸਮਾਂ ਆ ਗਿਆ ਹੈ। ਸੋਨੀਆ ਗਾਂਧੀ ਨੇ ਲਿਖਿਆ ਕਿ ਉਹ ਇਸ ਸੁਝਾਅ ਤੋਂ ਹੈਰਾਨ ਰਹਿ ਗਏ ਸਨ ਅਤੇ ਸਮਝ ਗਏ ਕਿ ਇਹ ਉਨ੍ਹਾਂ ਦੀ ਪ੍ਰਧਾਨ ਮੰਤਰੀ ਬਣਨ ਦੀ ਚਾਹਤ ਦਾ ਸੰਕੇਤ ਸੀ। ਸੋਨੀਆ ਗਾਂਧੀ ਨੇ ਲਿਖਿਆ ਕਿ ਉਨ੍ਹਾਂ ਬਹੁਤ ਸ਼ਾਲੀਨਤਾ ਨਾਲ ਗੱਲ ਦਾ ਰੁਖ਼ ਮੋੜ ਦਿੱਤਾ। ਪ੍ਰਣਬ ਨਿਰਾਸ਼ ਹੋਏ ਪਰ ਉਨ੍ਹਾਂ ਕਦੇ ਇਸ ਦਾ ਬੁਰਾ ਮੰਨ ਕੇ ਉਨ੍ਹਾਂ ਪ੍ਰਤੀ ਕਦੇ ਕੋਈ ਕੜਵਾਹਟ ਨਹੀਂ ਵਿਖਾਈ। ਬਾਅਦ ’ਚ 2012 ’ਚ ਕਾਂਗਰਸ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਅਤੇ ਉਹ ਦੇਸ਼ ਦੇ ਸਰਬਉੱਚ ਅਹੁਦੇ ’ਤੇ ਬਿਰਾਜਮਾਨ ਹੋਏ।
ਨਮਸਤੇ ਤੋਂ ਬਾਅਦ ਨਜ਼ਰਾਂ ਚੁਰਾ ਲੈਂਦੇ ਹਨ ਪ੍ਰਧਾਨ ਮੰਤਰੀ
ਸੋਨੀਆ ਗਾਂਧੀ ਨੇ ਆਪਣੀ ਕਿਤਾਬ ’ਚ ਕਿਹਾ ਕਿ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਜ਼ਰੂਰ ਹਨ ਪਰ ਉਨ੍ਹਾਂ ਦਰਮਿਆਨ ਕਦੇ ਕੋਈ ਨਿੱਜੀ ਗੱਲਬਾਤ ਨਹੀਂ ਹੋਈ। ਉਨ੍ਹਾਂ ਦੀਆਂ ਮੁਲਾਕਾਤਾਂ ਮੁੱਖ ਤੌਰ ’ਤੇ ਅਧਿਕਾਰਕ ਪ੍ਰੋਗਰਾਮਾਂ ’ਚ ਰਸਮੀ ਨਮਸਤੇ ਤੱਕ ਹੀ ਸੀਮਤ ਰਹਿੰਦੀਆਂ ਹਨ। ਸੋਨੀਆ ਗਾਂਧੀ ਨੇ ਅੱਗੇ ਲਿਖਿਆ ਕਿ ਆਪਸ ’ਚ ਅਸੀਂ ਨਮਸਤੇ ਤਾਂ ਕਰਦੇ ਹਾਂ ਪਰ ਪ੍ਰਧਾਨ ਮੰਤਰੀ ਮੋਦੀ ਇਸ ਦੌਰਾਨ ਨਜ਼ਰਾਂ ਚੁਰਾਉਂਦੇ ਨਜ਼ਰ ਆਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਨੇ ਇਕ ਗਰੀਬ ਪਿਛੋਕੜ ਤੋਂ ਆਉਣ ਦੇ ਬਾਵਜੂਦ ਸੰਗਠਨ ’ਚ ਮਿਹਨਤ ਕਰ ਕੇ ਆਪਣਾ ਮੁਕਾਮ ਬਣਾਇਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਨੂੰ ਲੈ ਕੇ ਦੋਹਾਂ ਦੇ ਨਜ਼ਰੀਏ ਅਤੇ ਵਿਚਾਰ ਪੂਰੀ ਤਰ੍ਹਾਂ ਵੱਖ ਹਨ। ਉਹ ਸ਼ਮੂਲੀਅਤ ਵਾਲੇ, ਧਰਮ ਨਿਰਪੱਖ ਅਤੇ ਸਮਾਜਿਕ ਨਿਆਂ ਦੇ ਭਾਰਤ ਲਈ ਲੜ ਰਹੇ ਸਨ, ਜਦਕਿ ਪ੍ਰਧਾਨ ਮੰਤਰੀ ਦਾ ਆਪਣਾ ਨਜ਼ਰੀਆ ਹੈ।
ਇੰਦਰਾ ਗਾਂਧੀ ਦੀ ਹੱਤਿਆ ਦਾ ਕੀਤਾ ਜ਼ਿਕਰ
ਸੋਨੀਆ ਗਾਂਧੀ ਨੇ ਇੰਦਰਾ ਗਾਂਧੀ ਦੀ ਹੱਤਿਆ ਵਾਲੇ ਦਿਨ ’ਤੇ ਲਿਖਿਆ ਕਿ ਉਨ੍ਹਾਂ ਨੂੰ ਇੰਝ ਲੱਗਾ ਕਿ ਜਿਵੇਂ ਉਨ੍ਹਾਂ ਦੇ ਦਿਲ ’ਚ ਛੁਰਾ ਖੋਭ ਦਿੱਤਾ ਗਿਆ ਹੋਵੇ। ਉਨ੍ਹਾਂ ਉਸ ਬਲ ਦਾ ਵੀ ਜ਼ਿਕਰ ਕਰਦਿਆਂ ਇਹ ਕਿਹਾ ਕਿ ਜਦੋਂ ਰਾਜੀਵ ਗਾਂਧੀ ਨੇ ਉਨ੍ਹਾਂ ਨੂੰ ਦੱਸਿਆ ਕਿ ਇੰਦਰਾ ਗਾਂਧੀ ਦੀ ਹੱਤਿਆ ਵਾਲੇ ਦਿਨ ਹੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਲਈ ਕਿਹਾ ਗਿਆ। ਸੋਨੀਆ ਗਾਂਧੀ ਨੇ ਅੱਗੇ ਰਾਜੀਵ ਗਾਂਧੀ ਦੀ ਹੱਤਿਆ ਨਾਲ ਜੁੜੇ ਘਟਨਾਕ੍ਰਮ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬੇਟੇ ਰਾਹੁਲ ਗਾਂਧੀ ਨੇ ਹੱਤਿਆ ਤੋਂ ਤਕਰੀਬਨ ਦੋ ਮਹੀਨੇ ਪਹਿਲਾਂ ਹੀ ਆਪਣੇ ਪਿਤਾ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਪਾਪਾ ਦੀ ਸੁਰੱਖਿਆ ਲਈ ਕੁਝ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਨੂੰ ਛੇਤੀ ਹੀ ਉਨ੍ਹਾਂ (ਰਾਜੀਵ ਗਾਂਧੀ) ਦੇ ਅੰਤਿਮ ਸੰਸਕਾਰ ’ਚ ਸ਼ਾਮਿਲ ਹੋਣ ਲਈ ਪਰਤਣਾ ਪਵੇਗਾ। ਸੋਨੀਆ ਗਾਂਧੀ ਮੁਤਾਬਿਕ ਰਾਜੀਵ ਗਾਂਧੀ ਦੀ ਹੱਤਿਆ ਦੀ ਕੋਸ਼ਿਸ਼ ਅਜਿਹੇ ਸਮੇਂ ਹੋਈ ਸੀ ਜਦੋਂ ਉਸ ਵੇਲੇ ਦੀ ਵੀ.ਪੀ. ਸਿੰਘ ਸਰਕਾਰ ਵਲੋਂ ਉਨ੍ਹਾਂ ਦੀ ਵਿਸ਼ੇਸ਼ ਸੁਰੱਖਿਆ ਸਮੂਹ ਦੀ ਸੁਰੱਖਿਆ ਵਾਪਸ ਲਈ ਗਈ ਸੀ। ਹਾਲਾਂਕਿ ਦਸੰਬਰ ’ਚ ਹੋਈ ਕਮੇਟੀ ਦੀ ਬੈਠਕ ’ਚ ਤੈਅ ਕੀਤਾ ਗਿਆ ਸੀ ਕਿ ਕਿਸੇ ਨਵੇਂ ਖਤਰੇ ਦੀ ਸਮੀਖਿਆ ਦੇ ਆਧਾਰ ’ਤੇ ਬਦਲਾਅ ਦੀ ਜ਼ਰੂਰਤ ਸਾਹਮਣੇ ਆਉਣ ਤੱਕ ਐਸ.ਪੀ.ਜੀ. ਸੁਰੱਖਿਆ ਜਾਰੀ ਰਹਿਣੀ ਚਾਹੀਦੀ ਹੈ ਪਰ ਅਜਿਹੀ ਕੋਈ ਸਮੀਖਿਆ ਨਹੀਂ ਕੀਤੀ ਗਈ।
ਐਮਰਜੈਂਸੀ ਅਤੇ ਸੰਜੇ ਗਾਂਧੀ
ਸੋਨੀਆ ਗਾਂਧੀ ਨੇ ਆਪਣੀ ਕਿਤਾਬ ’ਚ ਐਮਰਜੈਂਸੀ ਅਤੇ ਸੰਜੇ ਗਾਂਧੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਲਿਖਿਆ ਕਿ ਇੰਦਰਾ ਗਾਂਧੀ ਮਨ ਹੀ ਮਨ ਐਮਰਜੈਂਸੀ ਨੂੰ ਲੈ ਕੇ ਕਦੇ ਵੀ ਪੂਰੀ ਤਰ੍ਹਾਂ ਸਹਿਜ ਨਹੀਂ ਸਨ ਪਰ ਉਸ ਸਮੇਂ ਦੇ ਹਿੰਸਕ ਪ੍ਰਦਰਸ਼ਨਾਂ ਅਤੇ ਅਧਿਕਾਰੀਆਂ ਵਲੋਂ ਗੱਲ ਨਾ ਮੰਨਣ ਦੇ ਕਾਰਨ ਪੈਦਾ ਹੋਈ ਅਰਾਜਕ ਸਥਿਤੀ ਦੇ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਸੋਨੀਆ ਗਾਂਧੀ ਨੇ ਸੰਜੇ ਗਾਂਧੀ ਬਾਰੇ ਲਿਖਿਆ ਕਿ ਐਮਰਜੈਂਸੀ ਅਤੇ ਉਸ ਦੌਰ ਦੀਆਂ ਉੱਥਲ-ਪੁਥਲ ਭਰੀਆਂ ਘਟਨਾਵਾਂ ’ਚ ਸੰਜੇ ਦੀ ਭੂਮਿਕਾ ਨੂੰ ਲੈ ਕੇ ਸੱਚ ਅਤੇ ਝੂਠ ਦੋਹਾਂ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਲਿਖੀਆਂ ਸਨ। ਸੋਨੀਆ ਨੇ ਲਿਖਿਆ ਕਿ ਸੰਜੇ ’ਚ ਜੋ ਵੀ ਕਮੀਆਂ ਰਹੀਆਂ ਹੋਣ ਪਰ ਉਹ ਡਰਪੋਕ ਨਹੀਂ ਸਨ। ਸਗੋਂ ਉਹ ਇਸ ਹੱਦ ਤੱਕ ਬਹਾਦਰ ਸਨ ਕਿ ਲਾਪ੍ਰਵਾਹ ਹੋ ਜਾਂਦੇ ਸਨ। ਬਾਅਦ ਦੀਆਂ ਘਟਨਾਵਾਂ ਤੋਂ ਇਹ ਵੀ ਸਾਬਿਤ ਹੋਇਆ ਕਿ ਉਨ੍ਹਾਂ ’ਚ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਅਤੇ ਸੰਘਰਸ਼ ਕਰ ਕੇ ਦੁਬਾਰਾ ਸਿਆਸੀ ਲੀਡਰਸ਼ਿਪ ਹਾਸਿਲ ਕਰਨ ਦੀ ਦਲੇਰੀ ਸੀ।
ਪ੍ਰਿਅੰਕਾ ਦੀ ਥਾਂ ’ਤੇ ਰਾਹੁਲ ਨੂੰ ਤਰਜੀਹ ਕਿਉਂ ?
ਸੋਨੀਆ ਗਾਂਧੀ ਨੇ ਆਪਣੀ ਕਿਤਾਬ ’ਚ ਵੀ ਖੁਲਾਸਾ ਕੀਤਾ ਕਿ ਰਾਹੁਲ ਗਾਂਧੀ ਨੂੰ ਸਿਆਸਤ ’ਚ ਤਰਜੀਹ ਕਿਉਂ ਦਿੱਤੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਕਾਫੀ ਸਮੇਂ ਤੋਂ ਸਿਆਸਤ ’ਚ ਦਿਲਚਸਪੀ ਸੀ। ਪ੍ਰਿਅੰਕਾ ਉਨ੍ਹਾਂ ਦੇ ਚੋਣ ਅਤੇ ਸੰਸਦੀ ਹਲਕੇ ਦੇ ਕੰਮ ’ਚ ਹੱਥ ਵੰਡਾਉਂਦੀ ਸੀ ਪਰ ਉਸ ਦੀ ਤਰਜੀਹ ਆਪਣੇ ਛੋਟੇ ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਬੋਧ ਸਟੱਡੀਜ਼ ’ਚ ਪੀ.ਜੀ. ਡਿਪਲੋਮਾ ਕਰਨਾ ਸੀ। ਸੋਨੀਆ ਨੇ ਇਹ ਵੀ ਕਿਹਾ ਕਿ ਉਨ੍ਹਾਂ ਰਾਜੀਵ ਗਾਂਧੀ ਨੂੰ ਸਿਆਸਤ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਬਹੁਤ ਵਾਰ ਕਿਹਾ ਸੀ ਪਰ ਉਨ੍ਹਾਂ ਰਾਹੁਲ ਨੂੰ ਰੋਕਿਆ ਨਹੀਂ। ਉਨ੍ਹਾਂ ਕਿਹਾ ਕਿ ਰਾਹੁਲ ਦੇ ਅਕਸ ਨੂੰ ਬੜੇ ਵਿਵਸਥਿਤ ਢੰਗ ਨਾਲ ਨਾਸਮਝ ਦਾ ਅਕਸ ਬਣਾਉਣ ਦੀ ਕੋਸ਼ਿਸ਼ ਵੇਖ ਕੇ ਉਨ੍ਹਾਂ ਦਾ ਦਿਲ ਟੁੱਟ ਗਿਆ, ਜਿਸ ’ਚ ਪਰਦੇ ਦੇ ਪਿੱਛਿਓਂ ਕੁਝ ਅਸੰਤੁਸ਼ਟ ਨੇਤਾ ਵੀ ਮਦਦ ਕਰ ਰਹੇ ਸਨ ਪਰ ਭੈਣ ਪ੍ਰਿਅੰਕਾ ਦੇ ਰੂਪ ’ਚ ਰਾਹੁਲ ਨੂੰ ਤਾਕਤ ਅਤੇ ਸਭ ਤੋਂ ਕਰੀਬੀ ਦੋਸਤ ਮਿਲਿਆ।

ਸੋਨੀਆ ਦੇ ਬਿਆਨ ’ਤੇ ਭਾਜਪਾ ਤੇ ਅਕਾਲੀ ਦਲ ਹੋਏ ਹਮਲਾਵਰ

ਸੋਨੀਆ ਗਾਂਧੀ ਵਲੋਂ ‘ਬਲੂ ਸਟਾਰ’ ਆਪ੍ਰੇਸ਼ਨ ਅਤੇ ’84 ਦੇ ਦੰਗਿਆਂ ਬਾਰੇ ਕਿਤਾਬ ’ਚ ਕੀਤੇ ਖੁਲਾਸੇ ਤੋਂ ਬਾਅਦ ਭਾਜਪਾ ਅਤੇ ਅਕਾਲੀ ਦਲ ਹਮਲਾਵਰ ਹੋ ਗਏ। ਭਾਜਪਾ ਨੇਤਾ ਤਰੁਣ ਚੁੱਘ ਨੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਸੋਨੀਆ ਗਾਂਧੀ ਆਪਣੀ ਕਿਤਾਬ ’ਚ ਦੇਸ਼ ਦੀਆਂ ਮੁੱਖ ਘਟਨਾਵਾਂ ਦਾ ਚੋਣਵੇਂ ਤਰੀਕੇ ਨਾਲ ਸਮੀਖਿਆ ਨਾ ਕਰਨ, ਸਗੋਂ ਉਨ੍ਹਾਂ ਸਾਰੀਆਂ ਅਹਿਮ ਘਟਨਾਵਾਂ ’ਤੇ ਆਪਣੇ ਪਰਿਵਾਰ ਦਾ ਨਜ਼ਰੀਆ ਵੀ ਸਪੱਸ਼ਟ ਕਰਨ। ਭਾਜਪਾ ਦੇ ਬੁਲਾਰੇ ਸੀ.ਆਰ. ਕੇਸ਼ਵਨ ਨੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਕਿਤਾਬ ਦਾ ਮਕਸਦ ਨਹਿਰੂ ਗਾਂਧੀ ਪਰਿਵਾਰ ਅਤੇ ਕਾਂਗਰਸ ਦੀਆਂ ਇਤਿਹਾਸਕ ਗਲਤੀਆਂ ’ਤੇ ਪਰਦਾ ਪਾਉਣਾ ਭਾਵ ‘ਵ੍ਹਾਈਟ ਵਾਸ਼’ ਕਰਨਾ ਹੈ। ਕੇਸ਼ਵਨ ਨੇ ਸੋਸ਼ਲ ਮੀਡੀਆ ’ਤੇ ਪਾਏ ਸੰਦੇਸ਼ ’ਚ ਕਿਹਾ ਕਿ ਇਸ ਕਿਤਾਬ ਦਾ ਸਿਰਲੇਖ ‘ਬਿਲੌਗਿੰਗ’ ਦੀ ਥਾਂ ’ਤੇ ਵ੍ਹਾਈਟਵਾਸ਼ਿੰਗ ਹੋਣਾ ਚਾਹੀਦਾ ਸੀ ਕਿਉਂਕਿ ਇਸ ’ਚ ਕਾਂਗਰਸ ਦੀਆਂ ਇਤਿਹਾਸਕ ਗਲਤੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਨੇਤਾ ਨੇ ਬਾਬਰੀ ਮਸਜਿਦ ਦੀ ਤਬਾਹੀ ’ਤੇ ਸੋਨੀਆ ਗਾਂਧੀ ਵਲੋਂ ਹੰਝੂ ਵਹਾਉਣ ਦੇ ਜ਼ਿਕਰ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕੀ ਉਨ੍ਹਾਂ (ਸੋਨੀਆ ਗਾਂਧੀ) ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਲਈ ਇਕ ਵੀ ਹੰਝੂ ਵਗਾਇਆ? ਕੇਸ਼ਵਨ ਨੇ ਕਿਹਾ ਕਿ ਕਾਂਗਰਸ ਦੇ ਰਾਜ ’ਚ ਗੁਰਦੁਆਰਿਆਂ ’ਤੇ ਹਮਲੇ ਹੋਏ ਅਤੇ ਹਜ਼ਾਰਾਂ ਬੇਗੁਨਾਹਾਂ ਸਿੱਖਾਂ ਦਾ ਕਤਲੇਆਮ ਹੋਇਆ, ਪਰ ਉਸ ਤ੍ਰਾਸਦੀ ’ਤੇ ਗਾਂਧੀ ਪਰਿਵਾਰ ਖਾਮੋਸ਼ ਰਿਹਾ। ਸ਼੍ਰੋਮਣੀ ਅਕਾਲੀ ਦਲ ਨੇ ਵੀ ਸੋਨੀਆ ਗਾਂਧੀ ’ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਆਪ੍ਰੇਸ਼ਨ ‘ਬਲੂ ਸਟਾਰ’ ਕੋਈ ਸਾਧਾਰਨ ਘਟਨਾ ਨਹੀਂ ਸੀ, ਸਗੋਂ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ’ਤੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਿੱਧਾ ਹਮਲਾ ਸੀ। ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਸਵਾਲ ਕਰਦਿਆਂ ਕਿਹਾ ਕਿ ਜਿਸ ਸਿਆਸੀ ਪਾਰਟੀ ਦੀ ਸਰਕਾਰ ਨੇ ਇਹ ਫ਼ੌਜੀ ਕਾਰਵਾਈ ਕਰਵਾਈ, ਉਹ ਅੱਜ ਉਸ ਦੇ ਦਰਦ ’ਤੇ ਹਮਦਰਦੀ ਪ੍ਰਗਟਾ ਕੇ ਖ਼ੁਦ ਨੂੰ ਕਿਵੇਂ ਬੇਗਨਾਹ ਸਾਬਤ ਕਰ ਸਕਦੀ ਹੈ। ਕਲੇਰ ਨੇ ਦੋਸ਼ ਲਾਇਆ ਕਿ ਆਪ੍ਰੇਸ਼ਨ ‘ਬਲੂ ਸਟਾਰ’ ਇਕ ਸੋਚੀ -ਸਮਝੀ ਸਾਜਿਸ਼ ਦਾ ਹਿੱਸਾ ਸੀ ਅਤੇ ਇਸ ਦੇ ਜ਼ਖ਼ਮ ਅੱਜ ਵੀ ਸਿੱਖ ਸਮਾਜ ਦੇ ਮਨ ’ਚ ਤਾਜ਼ਾ ਹਨ। ਕਲੇਰ ਨੇ ’84 ਦੇ ਦੰਗਿਆਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਕਾਂਗਰਸ ਵਲੋਂ ਸਿੱਖ ਭਾਈਚਾਰੇ ਨੂੰ ਪਹੁੰਚਾਏ ਗਏ ਦਰਦ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਜੇਕਰ ਕਾਂਗਰਸ ਲੀਡਰਸ਼ਿਪ ਅਸਲ ’ਚ ’84 ਦੇ ਦੰਗਿਆਂ ਦੇ ਪੀੜਤਾਂ ਦੇ ਦਰਦ ਨੂੰ ਸਮਝਣਾ ਚਾਹੁੰਦੀ ਹੈ ਤਾਂ ਉਸ ਨੂੰ ਉਨ੍ਹਾਂ ਪਰਿਵਾਰਾਂ ਨਾਲ ਮਿਲਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣਿਆਂ ਨੂੰ ਗੁਆਇਆ ਹੈ, ਆਪਣੇ ਘਰ ਸੜਦੇ ਵੇਖੇ ਹਨ ਅਤੇ ਸਾਲਾਂ ਤੱਕ ਇਨਸਾਫ਼ ਲਈ ਸੰਘਰਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਭਾਵਨਾਤਮਿਕ ਬਿਆਨ ਦੇਣ ਨਾਲ ਇਤਿਹਾਸ ਦੀ ਤ੍ਰਾਸਦੀ ਨਹੀਂ ਮਿਟ ਸਕਦੀ ਅਤੇ ਨਾ ਹੀ ਭਾਈਚਾਰੇ ਦੇ ਜ਼ਖ਼ਮ ਭਰ ਸਕਦੇ ਹਨ।

 

ਅਗਲੀ ਖ਼ਬਰ ਸੇਵਾਮੁਕਤ ਅਧਿਕਾਰੀਆਂ ’ਤੇ ਵੀ ਲਾਗੂ ਹੋਣਗੀਆਂ ਚੋਣ ਜ਼ਾਬਤੇ ਦੀਆਂ ਪਾਬੰਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।