29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਰਾਜਨਾਥ ਸਿੰਘ ਵਲੋਂ ਅਮਰੀਕੀ ਰੱਖਿਆ ਮੰਤਰੀ ਹੇਗਸੇਥ ਨਾਲ ਮੁਲਾਕਾਤ

ਰਾਜਨਾਥ ਸਿੰਘ ਵਲੋਂ ਅਮਰੀਕੀ ਰੱਖਿਆ ਮੰਤਰੀ ਹੇਗਸੇਥ ਨਾਲ ਮੁਲਾਕਾਤ

ਅਜੀਤ ਡੈਸਕ 29-10-2026

ਅੱਤਵਾਦ ਨੂੰ ਹੱਲਾਸ਼ੇਰੀ ਦੇਣ ਵਾਲੇ ਦੇਸ਼ਾਂ ਪ੍ਰਤੀ ‘ਸਿਫ਼ਰ ਸਹਿਣਸ਼ੀਲਤਾ’ ਦੀ ਨੀਤੀ ਅਪਣਾਉਣ ’ਤੇ ਦਿੱਤਾ ਜ਼ੋਰ

ਨਵੀਂ ਦਿੱਲੀ, 28 ਅਕਤੂਬਰ (ਪੀ.ਟੀ.ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਬੁੱਧਵਾਰ ਨੂੰ ਭਾਰਤ-ਅਮਰੀਕਾ ਵਿਚਾਲੇ 10 ਸਾਲਾ ਰੱਖਿਆ ਢਾਂਚਾ ਸਮਝੌਤੇ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਇਸ ਸਮਝੌਤੇ ਦਾ ਉਦੇਸ਼ ਅਹਿਮ ਤਕਨਾਲੋਜੀਆਂ, ਜਾਣਕਾਰੀ ਸਾਂਝੀ ਕਰਨ ਅਤੇ ਫੌਜੀ ਸਾਜ਼ੋ-ਸਾਮਾਨ ਦੇ ਸਾਂਝੇ ਉਤਪਾਦਨ ਦੇ ਖੇਤਰਾਂ ’ਚ ਰਣਨੀਤਕ ਤਾਲਮੇਲ ਨੂੰ ਵਧਾਉਣਾ ਹੈ। ਭਾਰਤੀ ਪੱਖ ਵਲੋਂ ਜਾਰੀ ਜਾਣਕਾਰੀ ਅਨੁਸਾਰ ਫਿਲੀਪੀਨਜ਼ ਦੇ ਸੇਬੂ ’ਚ ਹੇਗਸੇਥ ਨਾਲ ਹੋਈ ਵਿਆਪਕ ਗੱਲਬਾਤ ਦੌਰਾਨ ਰਾਜਨਾਥ ਸਿੰਘ ਨੇ ਜ਼ੋਰ ਦਿੱਤਾ ਕਿ ਵਿਸ਼ਵ ਭਾਈਚਾਰੇ ਨੂੰ ਉਨ੍ਹਾਂ ਦੇਸ਼ਾਂ ਪ੍ਰਤੀ “ਸਖ਼ਤ ਅਤੇ ਜ਼ੀਰੋ ਟੋਲਰੈਂਸ” (ਬਿਲਕੁਲ ਬਰਦਾਸ਼ਤ ਨਾ ਕਰਨ) ਵਾਲਾ ਰਵੱਈਆ ਅਪਣਾਉਣਾ ਚਾਹੀਦਾ ਹੈ, ਜੋ ਅੱਤਵਾਦੀ ਸੰਗਠਨਾਂ ਦਾ ਸਮਰਥਨ ਕਰਦੇ ਹਨ, ਉਨ੍ਹਾਂ ਨੂੰ ਸਿਖਲਾਈ ਦਿੰਦੇ ਹਨ ਜਾਂ ਉਨ੍ਹਾਂ ਨੂੰ ਵਿੱਤੀ ਮਦਦ ਮੁਹੱਈਆ ਕਰਵਾਉਂਦੇ ਹਨ। ਇਸ ਵਿਚ ਦੱਸਿਆ ਗਿਆ ਹੈ ਕਿ ਹੇਗਸੇਥ ਨੇ ਸਰਹੱਦ ਪਾਰੋਂ ਹੋਣ ਵਾਲੇ ਅੱਤਵਾਦ ਵਿਰੁੱਧ ਲੜਾਈ ’ਚ ਭਾਰਤ ਨਾਲ ਅਮਰੀਕਾ ਦੀ ਅਟੁੱਟ ਇਕਜੁੱਟਤਾ ਅਤੇ ਪੂਰਨ ਸਮਰਥਨ ਨੂੰ ਦੁਹਰਾਇਆ। ਦੋਵਾਂ ਧਿਰਾਂ ਨੇ ਹਿੰਦ ਪ੍ਰਸ਼ਾਂਤ ਖੇਤਰ ਦੀ ਸਥਿਤੀ ਅਤੇ ਤੇਜ਼ੀ ਨਾਲ ਬਦਲ ਰਹੇ ਖੇਤਰੀ ਸੁਰੱਖਿਆ ਹਾਲਾਤ ਦੀ ਵੀ ਸਮੀਖਿਆ ਕੀਤੀ। ਹਾਲਾਂਕਿ, ਗੱਲਬਾਤ ਦਾ ਮੁੱਖ ਕੇਂਦਰ ਪਿਛਲੇ ਸਾਲ ਅਕਤੂਬਰ ’ਚ ਹੋਏ ਭਾਰਤ-ਅਮਰੀਕਾ ਰੱਖਿਆ ਢਾਂਚਾ ਸਮਝੌਤੇ ਨੂੰ ਲਾਗੂ ਕਰਨ ’ਚ ਹੋਈ ਪ੍ਰਗਤੀ ਦਾ ਜਾਇਜ਼ਾ ਲੈਣਾ ਸੀ। ਇਸ ਸਮਝੌਤੇ ’ਚ ਦੋਵਾਂ ਰਣਨੀਤਕ ਭਾਈਵਾਲਾਂ ਵਿਚਕਾਰ ਰੱਖਿਆ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਅਭਿਲਾਸ਼ੀ ਖਾਕਾ ਤਿਆਰ ਕੀਤਾ ਗਿਆ ਹੈ। ਹੇਗਸੇਥ ਅਤੇ ਰਾਜਨਾਥ ਸਿੰਘ ਸੇਬੂ ’ਚ ਆਸੀਆਨ ਦੇ ਮੈਂਬਰ ਦੇਸ਼ਾਂ ਅਤੇ ਇਸਦੇ ਕੁਝ ਭਾਈਵਾਲ ਦੇਸ਼ਾਂ ਦੇ ਸਮੂਹ ਦੀ ਇਕ ਮੀਟਿੰਗ ’ਚ ਹਿੱਸਾ ਲੈ ਰਹੇ ਹਨ। ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਰੱਖਿਆ ਮੰਤਰੀ ਨੇ ਹੇਗਸੇਥ ਨਾਲ ਹੋਈ ਆਪਣੀ ਗੱਲਬਾਤ ਨੂੰ ਬਹੁਤ ਵਧੀਆ ਦੱਸਿਆ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਗੱਲਬਾਤ ਦੌਰਾਨ ਫ਼ੌਜਾਂ ਵਿਚਕਾਰ ਆਪਸੀ ਆਦਾਨ-ਪ੍ਰਦਾਨ ਨੂੰ ਅੱਗੇ ਵਧਾਉਣ, ਸਮੁੰਦਰੀ ਸੁਰੱਖਿਆ ਸਹਿਯੋਗ ਨੂੰ ਵਧਾਉਣ ਅਤੇ ਰੱਖਿਆ ਸਪਲਾਈ ਲੜੀ ਨੂੰ ਮਜ਼ਬੂਤ ਕਰਨ ’ਤੇ ਚਰਚਾ ਕੀਤੀ ਗਈ। ਅਮਰੀਕੀ ਪੱਖ ਵਲੋਂ ਜਾਰੀ ਬਿਆਨ ਅਨੁਸਾਰ ਰਾਜਨਾਥ ਸਿੰਘ ਅਤੇ ਹੇਗਸੇਥ ਨੇ ਅਮਰੀਕਾ-ਭਾਰਤ ‘ਪ੍ਰਮੁੱਖ ਰੱਖਿਆ ਭਾਈਵਾਲੀ’ ਦੀ ਪਹਿਲੀ ਵਰ੍ਹੇਗੰਢ ਦਾ ਜ਼ਿਕਰ ਕੀਤਾ ਤੇ “ਸੰਚਾਲਨ ਤਾਲਮੇਲ, ਜਾਣਕਾਰੀ ਸਾਂਝੀ ਕਰਨ ਅਤੇ ਰੱਖਿਆ ਉਦਯੋਗਿਕ ਸਹਿਯੋਗ ’ਚ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ’ਚ ਕਿਹਾ ਗਿਆ ਹੈ ਕਿ ਦੋਵਾਂ ਧਿਰਾਂ ਨੇ ਹਾਲ ਹੀ ’ਚ ਹੋਏ ਦੁਵੱਲੇ ਅਭਿਆਸ ‘ਯੁੱਧ ਅਭਿਆਸ’ ਦਾ ਜ਼ਿਕਰ ਕੀਤਾ। ਬਿਆਨ ਅਨੁਸਾਰ ਹੇਗਸੇਥ ਅਤੇ ਰਾਜਨਾਥ ਸਿੰਘ ਨੇ ਭਵਿੱਖ ’ਚ ਸਹਿਯੋਗ ਦੇ ਖੇਤਰਾਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਅਤੇ ਖੇਤਰ ’ਚ ਸਾਂਝੇ ਹਿੱਤਾਂ ਦੀ ਪੂਰਤੀ ਲਈ ਅਮਰੀਕਾ-ਭਾਰਤ ‘ਪ੍ਰਮੁੱਖ ਰੱਖਿਆ ਭਾਈਵਾਲੀ’ ਨੂੰ ਹੋਰ ਵਿਸਤਾਰ ਦੇਣ ਲਈ ਵਚਨਬੱਧਤਾ ਪ੍ਰਗਟਾਈ।  ਰਾਜਨਾਥ ਸਿੰਘ ਨੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਨਾਲ ਵੀ ਮੁਲਾਕਾਤ ਕੀਤੀ।

ਪਿਛਲੀ ਖ਼ਬਰ ਮੈਂ ਫਖ਼ਰ ਨਾਲ ਕਹਿੰਦਾ ਹਾਂ ਕਿ ਦਿਮਾਗੀ ਨਕਸਲ ਹਾਂ- ਨਸੀਰੂਦੀਨ ਸ਼ਾਹ ਅਗਲੀ ਖ਼ਬਰ ‘ਮੈਂ ਦਿਮਾਗੀ ਨਕਸਲ ਹਾਂ’, ਨਸੀਰੂਦੀਨ ਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।