ਜਾਇਦਾਦ ਦੇ ਮਾਲਕ ਤੇ ਕਿਰਾਏਦਾਰ ਵਿਚਕਾਰ ਵਿਵਾਦ ਨੇ ਧਾਰਿਆ ਖੂਨੀ ਰੂਪ
ਗੁਹਾਟੀ, 26 ਅਕਤੂਬਰ (ਪੀ.ਟੀ.ਆਈ.)-ਸੋਮਵਾਰ ਰਾਤ ਗੁਹਾਟੀ ਦੇ ਇਕ ਹੋਟਲ ’ਚ ਜਾਇਦਾਦ ਦੇ ਮਾਲਕ ਅਤੇ ਉਸ ਦੇ ਕਿਰਾਏਦਾਰ ਵਿਚਕਾਰ ਹੋਏ ਵਿਵਾਦ ਦੌਰਾਨ ਪੰਜ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਅਨੁਸਾਰ, ਇਹ ਘਟਨਾ ਰਾਤ ਕਰੀਬ 9 ਵਜੇ ਜੀ.ਐਸ. ਰੋਡ ’ਤੇ ਸਥਿਤ ‘ਹੋਟਲ ਬਿਲਾਸ ਇਨ’ ’ਚ ਵਾਪਰੀ। ਇਹ ਹੋਟਲ ‘ਬੋਰਾ ਸਰਵਿਸ’ ਦੇ ਸਾਹਮਣੇ ਹੈ। ਪੁਲਿਸ ਕਮਿਸ਼ਨਰ ਪਾਰਥ ਸਾਰਥੀ ਮਹੰਤ ਨੇ ਦੱਸਿਆ ਕਿ ਛੇ ਵਿਅਕਤੀਆਂ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ ’ਚੋਂ ਪੰਜ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ, ਜੋ ਕਿ ਜਾਇਦਾਦ ਦਾ ਕਿਰਾਏਦਾਰ (ਪੱਟੇਦਾਰ) ਹੈ, ਨੂੰ ਘਟਨਾ ਦੇ ਇਕ ਘੰਟੇ ਦੇ ਅੰਦਰ ਹੀ ਫੜ ਲਿਆ ਗਿਆ। ਉਨ੍ਹਾਂ ਕਿਹਾ ਕਿ ਘਟਨਾ ’ਚ ਵਰਤਿਆ ਗਿਆ ਹਥਿਆਰ, .32 ਬੋਰ ਦਾ ਲਾਇਸੰਸਸ਼ੁਦਾ ਪਿਸਤੌਲ, ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮਰਨ ਵਾਲੇ ਸਾਰੇ ਵਿਅਕਤੀ ਹੋਟਲ ਦੇ ਮਾਲਕ ਨਾਲ ਜੁੜੇ ਹੋਏ ਸਨ। ਕਿਰਾਏਦਾਰ ਨੇ ਗੋਲੀਆਂ ਚਲਾਈਆਂ ਤੇ ਉਨ੍ਹਾਂ ਨੂੰ ਮਾਰ ਦਿੱਤਾ।