25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਕਾਰੋਬਾਰੀਆਂ ਵਲੋਂ ਰਾਹੁਲ ਗਾਂਧੀ ਨੂੰ 1 ਨਵੰਬਰ ਦੀ ਰੈਲੀ ਮੁਲਤਵੀ ਕਰਨ ਦੀ ਅਪੀਲ 10 ਹਜ਼ਾਰ ਕਰੋੜ ਦੇ ਨੁਕਸਾਨ ਦਾ ਜਤਾਇਆ ਖ਼ਦਸ਼ਾ

ਨਵੀਂ ਦਿੱਲੀ, 24 ਅਕਤੂਬਰ (ਉਪਮਾ ਡਾਗਾ ਪਾਰਥ)-ਚੈਂਬਰ ਆਫ਼ ਟਰੇਡ ਐਂਡ ਇੰਡਸਟਰੀ (ਸੀ.ਟੀ.ਆਈ.) ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਪਹਿਲੀ ਨਵੰਬਰ ਨੂੰ ਹੋਣ ਵਾਲੀ ‘ਇੰਡੀਆ’ ਗੱਠਜੋੜ ਦੀ ਰੈਲੀ ...

ਅਜੀਤ ਡੈਸਕ 25-10-2026

ਨਵੀਂ ਦਿੱਲੀ, 24 ਅਕਤੂਬਰ (ਉਪਮਾ ਡਾਗਾ ਪਾਰਥ)-ਚੈਂਬਰ ਆਫ਼ ਟਰੇਡ ਐਂਡ ਇੰਡਸਟਰੀ (ਸੀ.ਟੀ.ਆਈ.) ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਪਹਿਲੀ ਨਵੰਬਰ ਨੂੰ ਹੋਣ ਵਾਲੀ ‘ਇੰਡੀਆ’ ਗੱਠਜੋੜ ਦੀ ਰੈਲੀ ਮੁਲਤਵੀ ਕਰ ਦੇਣ। ਵਪਾਰੀਆਂ ਦੀ ਜਥੇਬੰਦੀ ਨੇ ਕਿਹਾ ਹੈ ਕਿ ਦੀਵਾਲੀ ਦੇ ਖ਼ਰੀਦਦਾਰੀ ਸੀਜ਼ਨ ਦੌਰਾਨ ਰੈਲੀ ਕਾਰਨ 10 ਹਜ਼ਾਰ ਕਰੋੜ ਰੁਪਏ ਦੇ ਕਾਰੋਬਾਰ ਦੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਵਪਾਰੀਆਂ ਦੀ ਜਥੇਬੰਦੀ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਉਹ ਵਿਰੋਧੀ ਧਿਰ ਦੇ ‘ਇੰਡੀਆ’ ਗੱਠਜੋੜ ਦੀ ਰੈਲੀ 10 ਨਵੰਬਰ ਤੋਂ ਬਾਅਦ ਕਰਵਾਉਣ ਬਾਰੇ ਵਿਚਾਰ ਕਰਨ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਲਿਖੇ ਪੱਤਰ ’ਚ ਸੀ.ਟੀ.ਆਈ. ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਕਿਹਾ ਹੈ ਕਿ ਰੈਲੀ ਕਾਰਨ ਰਾਮਲੀਲਾ ਮੈਦਾਨ ਦੇ ਆਲੇ-ਦੁਆਲੇ ਦੇ ਥੋਕ ਤੇ ਪ੍ਰਚੂਨ ਬਾਜ਼ਾਰ ਪ੍ਰਭਾਵਿਤ ਹੋ ਸਕਦੇ ਹਨ। ਧਨਤੇਰਸ ਤੇ ਦੀਵਾਲੀ ਤੋਂ ਪਹਿਲਾਂ ਵਪਾਰੀਆਂ ਨੂੰ ਵੱਡੀ ਗਿਣਤੀ ’ਚ ਗਾਹਕਾਂ ਦੇ ਪਹੁੰਚਣ ਦੀ ਉਮੀਦ ਹੈ। ਗੋਇਲ ਨੇ ਕਿਹਾ ਕਿ ਦਿੱਲੀ ’ਚ ਧਨਤੇਰਸ ਮੌਕੇ ਸੋਨੇ-ਚਾਂਦੀ, ਇਲੈਕਟ੍ਰਾਨਿਕਸ, ਕੱਪੜਿਆਂ, ਭਾਂਡਿਆਂ, ਸੁੱਕੇ ਮੇਵਿਆਂ, ਮਠਿਆਈਆਂ, ਵਾਹਨਾਂ, ਜਾਇਦਾਦ ਤੇ ਤੋਹਫ਼ਿਆਂ ਸਮੇਤ ਵੱਖ-ਵੱਖ ਖੇਤਰਾਂ ’ਚ ਲਗਭਗ 25 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਹੈ। ਇਸ ਸਾਲ ਧਨਤੇਰਸ 6 ਨਵੰਬਰ ਨੂੰ ਤੇ ਦੀਵਾਲੀ 8 ਨਵੰਬਰ ਨੂੰ ਮਨਾਈ ਜਾਵੇਗੀ ਜਦਕਿ ਭਾਈ ਦੂਜ 10 ਨਵੰਬਰ ਨੂੰ ਹੈ। ਵਪਾਰੀਆਂ ਦੀ ਜਥੇਬੰਦੀ ਨੇ ਕਿਹਾ ਕਿ ਤਿਉਹਾਰਾਂ ਤੋਂ ਲਗਭਗ ਇਕ ਹਫ਼ਤਾ ਪਹਿਲਾਂ ਹੀ ਬਾਜ਼ਾਰਾਂ ’ਚ ਰੌਣਕ ਵਧਣ ਲਗਦੀ ਹੈ। ਇਸ ਲਈ ਰੈਲੀ ਦੇ ਸਮੇਂ ਨੂੰ ਲੈ ਕੇ ਵਪਾਰੀਆਂ ’ਚ ਚਿੰਤਾ ਹੈ। ਸੀ.ਟੀ.ਆਈ. ਦੇ ਅਨੁਮਾਨ ਅਨੁਸਾਰ ਅਕਤੂਬਰ ਮਹੀਨੇ ਦੌਰਾਨ ਕਨਾਟ ਪਲੇਸ, ਇੰਡੀਆ ਗੇਟ ਤੇ ਕੇਂਦਰੀ ਦਿੱਲੀ ੍ਯਚ ਰੈਲੀਆਂ, ਮਾਰਚਾਂ ਤੇ ਸੜਕਾਂ ਬੰਦ ਹੋਣ ਕਾਰਨ ਵਪਾਰੀਆਂ ਨੂੰ ਪਹਿਲਾਂ ਹੀ ਲਗਭਗ 3,000 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਜਥੇਬੰਦੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਰੁਕਾਵਟਾਂ ਕਾਰਨ ਥੋਕ ਬਾਜ਼ਾਰਾਂ ਤੱਕ ਸਾਮਾਨ ਪਹੁੰਚਾਉਣ ’ਚ ਮੁਸ਼ਕਿਲ ਆਈ ਤੇ ਪ੍ਰਚੂਨ ਦੁਕਾਨਾਂ ’ਤੇ ਗਾਹਕਾਂ ਦੀ ਆਮਦ ਵੀ ਘਟ ਗਈ। ਸੀ.ਟੀ.ਆਈ. ਨੇ ਦੱਸਿਆ ਕਿ ਰਾਮਲੀਲਾ ਮੈਦਾਨ ਦੇ ਪੰਜ ਕਿਲੋਮੀਟਰ ਦੇ ਘੇਰੇ ’ਚ ਲਗਭਗ 20 ਥੋਕ ਤੇ ਪ੍ਰਚੂਨ ਬਾਜ਼ਾਰ ਹਨ। ਇਨ੍ਹਾਂ ’ਚ ਚਾਂਦਨੀ ਚੌਕ, ਸਦਰ ਬਾਜ਼ਾਰ, ਚਾਵੜੀ ਬਾਜ਼ਾਰ, ਭਾਗੀਰਥ ਪੈਲੇਸ, ਖਾਰੀ ਬਾਉਲੀ, ਕਸ਼ਮੀਰੀ ਗੇਟ, ਨਈ ਸੜਕ, ਮੋਰੀ ਗੇਟ, ਕਿਨਾਰੀ ਬਾਜ਼ਾਰ, ਦਰੀਬਾ, ਦਰਿਆਗੰਜ, ਅਜਮੇਰੀ ਗੇਟ, ਜਾਮਾ ਮਸਜਿਦ, ਕਰੋਲ ਬਾਗ ਤੇ ਆਜ਼ਾਦ ਮਾਰਕੀਟ ਸ਼ਾਮਿਲ ਹਨ। ਜਥੇਬੰਦੀ ਨੇ ਕਿਹਾ ਕਿ ਇਹ ਬਾਜ਼ਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਮਾਨ ਦੀ ਸਪਲਾਈ ਕਰਦੇ ਹਨ। ਰੈਲੀ ਦੌਰਾਨ ਆਵਾਜਾਈ ਦੇ ਰੂਟ ਬਦਲਣ, ਬੈਰੀਕੇਡ ਲਗਾਉਣ ਤੇ ਜਨਤਕ ਆਵਾਜਾਈ ’ਤੇ ਸੰਭਾਵਿਤ ਪਾਬੰਦੀਆਂ ਕਾਰਨ ਕਾਰੋਬਾਰੀ ਸਰਗਰਮੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਗੋਇਲ ਨੇ ਪੁਰਾਣੀ ਦਿੱਲੀ ਤੇ ਨਵੀਂ ਦਿੱਲੀ ਰੇਲਵੇ ਸਟੇਸ਼ਨਾਂ ਰਾਹੀਂ ਦੂਜੇ ਸੂਬਿਆਂ ਤੋਂ ਦਿੱਲੀ ਆਉਣ ਵਾਲੇ ਵਪਾਰੀਆਂ ਤੇ ਖ਼ਰੀਦਦਾਰਾਂ ਨੂੰ ਹੋਣ ਵਾਲੀ ਸੰਭਾਵਿਤ ਪ੍ਰੇਸ਼ਾਨੀ ’ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਪਾਬੰਦੀਆਂ ਤੇ ਭੀੜ ਕਾਰਨ ਬਾਹਰਲੇ ਸ਼ਹਿਰਾਂ ਤੋਂ ਆਉਣ ਵਾਲੇ ਖ਼ਰੀਦਦਾਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਦਿੱਲੀ ਆਉਣ ਤੋਂ ਗੁਰੇਜ਼ ਕਰ ਸਕਦੇ ਹਨ। ਸ਼ਾਂਤਮਈ ਵਿਰੋਧ ਪ੍ਰਦਰਸ਼ਨ ਤੇ ਜਮਹੂਰੀ ਢੰਗ ਨਾਲ ਆਪਣੀ ਗੱਲ ਰੱਖਣ ਦੇ ਅਧਿਕਾਰ ਨੂੰ ਸਵੀਕਾਰ ਕਰਦਿਆਂ ਸੀ.ਟੀ.ਆਈ. ਨੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦਾ ਸਮਾਂ ਖ਼ਤਮ ਹੋਣ ਤੱਕ ਮੁੱਖ ਵਪਾਰਕ ਇਲਾਕਿਆਂ ’ਚ ਵੱਡੀਆਂ ਰੈਲੀਆਂ ਕਰਨ ਤੋਂ ਗੁਰੇਜ਼ ਕੀਤਾ ਜਾਵੇ।
ਜਥੇਬੰਦੀ ਨੇ ਕਿਹਾ ਕਿ ਰੈਲੀ ਮੁਲਤਵੀ ਕਰਨ ਨਾਲ ਸਾਲ ਦੇ ਸਭ ਤੋਂ ਰੁਝੇਵੇਂ ਵਾਲੇ ਕਾਰੋਬਾਰੀ ਸਮੇਂ ਦੌਰਾਨ ਵਪਾਰਕ ਸਰਗਰਮੀਆਂ ਨੂੰ ਬਚਾਉਣ ’ਚ ਮਦਦ ਮਿਲੇਗੀ। ਵਿਰੋਧੀ ਧਿਰ ਵਲੋਂ ਇਹ ਰੈਲੀ ‘ਵੋਟ ਚੋਰੀ’ ਦੇ ਮੁੱਦੇ ’ਤੇ ਸਰਕਾਰ ’ਤੇ ਦਬਾਅ ਵਧਾਉਣ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਲਈ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਜਦੋਂ ਪਾਣੀ ਦੇ ਕੀਮਤੀ ਸਰੋਤ ਅਸੁਰੱਖਿਅਤ ਹੋਣ ਤਾਂ ਅਦਾਲਤਾਂ ਮੂਕ ਦਰਸ਼ਕ ਨਹੀਂ ਰਹਿ ਸਕਦੀਆਂ-ਸੁਪਰੀਮ ਕੋਰਟ ਸਾਰੇ ਰਾਜਾਂ ਨੂ... ਅਗਲੀ ਖ਼ਬਰ ਰੈਲੀ ਕਰ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਚਾਹੁੰਦੇ ਹਨ ਰਾਹੁਲ-ਭਾਜਪਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।