21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਝੋਟਾ ਹੱਤਿਆ ਕਾਂਡ ਦੀ ਜਾਂਚ ਸੀ.ਬੀ.ਆਈ. ਅੱਜ ਤੋਂ ਸ਼ੁਰੂ ਕਰ ਦੇਵੇਗੀ-ਅਮਿਤ ਸ਼ਾਹ ਗ੍ਰਹਿ ਮੰਤਰੀ ਵਲੋਂ ਪਰਿਵਾਰ ਨਾਲ ਮੁਲਾਕਾਤ

ਝੋਟਾ ਹੱਤਿਆ ਕਾਂਡ ਦੀ ਜਾਂਚ ਸੀ.ਬੀ.ਆਈ. ਅੱਜ ਤੋਂ ਸ਼ੁਰੂ ਕਰ ਦੇਵੇਗੀ-ਅਮਿਤ ਸ਼ਾਹ ਗ੍ਰਹਿ ਮੰਤਰੀ ਵਲੋਂ ਪਰਿਵਾਰ ਨਾਲ ਮੁਲਾਕਾਤ

ਅਜੀਤ ਡੈਸਕ 21-10-2026

ਮਾਨਸਾ, 20 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ/ਗੁਰਚੇਤ ਸਿੰਘ ਫੱਤੇਵਾਲੀਆ)-ਨਸ਼ਿਆਂ ਖ਼ਿਲਾਫ਼ ਲੜਨ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ਦੀ ਜਾਂਚ ਸੀ.ਬੀ.ਆਈ. 21 ਅਕਤੂਬਰ ਤੋਂ ਸ਼ੁਰੂ ਕਰ ਦੇਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਭਰੋਸਾ ਅੱਜ ਨੌਜਵਾਨ ਦੇ ਪਿਤਾ ਭੀਮ ਸਿੰਘ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਮੌਕੇ ਦਿੱਤਾ। ਉਹ ਵਿਸ਼ੇਸ਼ ਤੌਰ ’ਤੇ ਸਥਾਨਕ ਸ਼ਹਿਰ ’ਚ ਝੋਟਾ ਦੇ ਘਰ ਹਮਦਰਦੀ ਕਰਨ ਪਹੁੰਚੇ ਸਨ। ਪਰਿਵਾਰ ਵਲੋਂ ਅਮਿਤ ਸ਼ਾਹ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ’ਚ ਸੀ.ਬੀ.ਆਈ. ਦੀ ਜਾਂਚ ਤੋਂ ਇਲਾਵਾ ਮੁੱਖ ਮੰਤਰੀ ਤੇ ਡੀ.ਜੀ.ਪੀ. ਪੰਜਾਬ ਦੀ ਬਰਖ਼ਾਸਤਗੀ ਤੋਂ ਇਲਾਵਾ ਕਈ ਮੰਗਾਂ ਰੱਖੀਆਂ ਗਈਆਂ ਹਨ। ਸੀਨੀਅਰ ਭਾਜਪਾ ਆਗੂ ਸੁਨੀਲ ਕੁਮਾਰ ਜਾਖੜ ਤੇ ਰਾਜ ਸਭਾ ਮੈਂਬਰ ਬਿਕਰਮਜੀਤ ਸਿੰਘ ਸਾਹਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗ੍ਰਹਿ ਮੰਤਰੀ ਵਲੋਂ ਝੋਟੇ ਦੇ ਪਰਿਵਾਰ ਨੂੰ 120 ਦਿਨਾਂ ਦੇ ਅੰਦਰ-ਅੰਦਰ ਇਨਸਾਫ਼ ਦਿੱਤਾ ਜਾਵੇਗਾ। ਝੋਟੇ ਦੇ ਪਿਤਾ ਵਲੋਂ  ਉਠਾਈਆਂ ਗਈਆਂ ਅਹਿਮ ਮੰਗਾਂ ’ਚ ਸਿਆਸੀ-ਪੁਲਿਸ ਤੇ ਨਸ਼ਾ ਮਾਫ਼ੀਆ ਗੱਠਜੋੜ ਨੂੰ ਤੋੜਨਾ ਅਤੇ ਉਨ੍ਹਾਂ ਪਿੱਛੇ ਕੰਮ ਕਰਦੀਆਂ ਤਾਕਤਾਂ ਨੂੰ ਨੰਗਾ ਕਰ ਕੇ ਕਾਰਵਾਈ ਕੀਤੀ ਜਾਵੇ, ਡਰੱਗ ਇੰਸਪੈਕਟਰਾਂ ਤੇ ਚਿੱਟੇ ਦੇ ਸਰਪ੍ਰਸਤਾਂ, ਜਿਨ੍ਹਾਂ ’ਚ ਕੁਝ ਸਿਆਸੀ ਲੋਕਾਂ ਦੇ ਨਾਂਅ ਵੀ ਲਿਖੇ ਗਏ ਹਨ, ਉਨ੍ਹਾਂ ਤੇ ਉਨ੍ਹਾਂ ਦੇ ਨੇੜਲਿਆਂ ਦੀ ਜਾਇਦਾਦ ਦੀ ਜਾਂਚ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਕੁਝ ਨਸ਼ੀਲੀਆਂ ਦਵਾਈਆਂ ਨੂੰ ਬੀ.ਐਨ.ਐੱਸ. ਧਾਰਾ 188 ’ਚੋਂ ਕੱਢ ਕੇ ਐਨ.ਡੀ.ਪੀ.ਐੱਸ. ਐਕਟ ਅਧੀਨ ਲਿਆਉਣ ਦੀ ਅਪੀਲ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁਝ ਪੁਲਿਸ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕਰਨ ਦੀ ਗੱਲ ਉਠਾਈ ਗਈ ਹੈ, ਜਿਸ ’ਚ ਇਥੇ ਰਹਿ ਚੁੱਕੇ ਇਕ ਪੁਲਿਸ ਅਧਿਕਾਰੀ ਦਾ ਨਾਂਅ ਵੀ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਝੋਟੇ ਦੀ ਯਾਦ ’ਚ ਮਾਨਸਾ ਵਿਖੇ ਮੈਡੀਕਲ ਕਾਲਜ ਤੇ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਭਾਜਪਾ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਮਹਾਰਾਣੀ ਪ੍ਰਨੀਤ ਕੌਰ, ਮਨਪ੍ਰੀਤ ਸਿੰਘ ਬਾਦਲ, ਜਗਦੀਪ ਸਿੰਘ ਨਕੱਈ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਭਾਜਪਾ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਐਂਟੀ ਡਰੱਗ ਫੋਰਸ ਦੇ ਗਗਨਦੀਪ ਸਿਰਸੀਵਾਲਾ, ਅਮਨ ਪਟਵਾਰੀ, ਬਰਿੰਦਰ ਸਚਦੇਵਾ ਅਤੇ ਜੀਵਨ ਗਰਗ ਵੀ ਹਾਜ਼ਰ ਸਨ। 
ਸੀ.ਬੀ.ਆਈ. ਜਾਂਚ ਸ਼ੁਰੂ ਹੋਣ ’ਤੇ ਹੀ ਕੁਝ ਕਹਾਂਗਾ-ਭੀਮ ਸਿੰਘ 
ਗ੍ਰਹਿ ਮੰਤਰੀ ਨਾਲ ਮਿਲਣੀ ਕਰਨ ਉਪਰੰਤ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਗ੍ਰਹਿ ਮੰਤਰੀ ਵਲੋਂ 24 ਘੰਟਿਆਂ ਦੇ ਅੰਦਰ-ਅੰਦਰ ਸੀ.ਬੀ.ਆਈ. ਤੋਂ ਜਾਂਚ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਅਮਿਤ ਸ਼ਾਹ ਵਲੋਂ ਮਿਲੇ ਭਰੋਸੇ ’ਤੇ ਸਤੁੰਸ਼ਟ ਹਨ ਤਾਂ ਉਨ੍ਹਾਂ ਕਿਹਾ ਕਿ ਜਦੋਂ ਕਾਰਵਾਈ ਸਾਹਮਣੇ ਆਈ ਫਿਰ ਹੀ ਕੁਝ ਕਹਾਂਗਾ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਪੰਜਾਬ ਸਰਕਾਰ ਨਾਲ ਵੀ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਜੇਕਰ ਸਰਕਾਰ ਗ਼ਲਤ ਗੱਲਾਂ ਕਰੇਗੀ ਤਾਂ ਗੱਲਬਾਤ ਨਹੀਂ ਹੋਵੇਗੀ। ਉੱਧਰ ਦੂਸਰੇ ਪਾਸੇ ਮੁੱਖ ਮੰਤਰੀ ਪੰਜਾਬ ਵਲੋਂ ਸੀ.ਬੀ.ਆਈ. ਦੀ ਜਾਂਚ ਕਰਵਾਉਣ ਸੰਬੰਧੀ ਮਾਰਕ ਕੀਤਾ ਪੱਤਰ ਧਰਨੇ ’ਚ ਐਕਸ਼ਨ ਕਮੇਟੀ ਦੇ ਮੈਂਬਰਾਂ ਨੂੰ ਦਿੱਤਾ ਗਿਆ, ਜੋ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਇਸੇ ਦੌਰਾਨ ਐਕਸ਼ਨ ਕਮੇਟੀ ਦੀ ਅੱਜ ਕੋਈ ਮੀਟਿੰਗ ਨਹੀਂ ਹੋਈ, ਜਦਕਿ ਪ੍ਰਸ਼ਾਸਨ ਵਲੋਂ ਮਸਲੇ ਦੇ ਹੱਲ ਲਈ ਸੱਦੇ ਪੱਤਰ ਭੇਜੇ ਗਏ ਹਨ। ਕਮੇਟੀ ਮੈਂਬਰ ਮਾਨਿਕ ਗੋਇਲ ਤੇ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਪਰਵਿੰਦਰ ਦੇ ਪਿਤਾ ਭੀਮ ਸਿੰਘ ਦੀ ਸਿਹਤ ਨਾਸਾਜ ਹੋਣ ਕਰ ਕੇ ਮੀਟਿੰਗ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਇਕੱਤਰਤਾ ਸੰਬੰਧੀ ਭਲਕੇ ਵਿਚਾਰਿਆ ਜਾਵੇਗਾ। ਝੋਟੇ ਦੀ ਮ੍ਰਿਤਕ ਦੇਹ ਹਸਪਤਾਲ ਦੇ ਮੁਰਦਾਘਰ ’ਚ ਪਈ ਹੈ। ਹਾਲੇ ਤੱਕ ਪੋਸਟਮਾਰਟਮ ਕਰਵਾਉਣ ਸੰਬੰਧੀ ਅੜਿੱਕਾ ਬਰਕਰਾਰ ਹੈ।

ਪਿਛਲੀ ਖ਼ਬਰ ਨਸ਼ਿਆਂ ਨੂੰ ਕਾਬੂ ਕਰਨ ’ਚ ਨਾਕਾਮ ਰਹੀ ਪੰਜਾਬ ਸਰਕਾਰ-ਅਮਿਤ ਸ਼ਾਹ ਅਗਲੀ ਖ਼ਬਰ ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਗੁਰਦਾਸਪੁਰ ਦੇ ਪਿੰਡ ਮਾੜੀ ਪੰਨੂਆਂ ਵਿਖੇ ਪੁੱਜੇ ਗ੍ਰਹਿ ਮੰਤਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।