21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਡਿਪਟੀ ਕਮਿਸ਼ਨਰ ਮਾਨਸਾ ਦੇ ਗੰਨਮੈਨ ਵਲੋਂ ਪਤਨੀ ਤੇ 2 ਬੱਚਿਆਂ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਵੱਡੇ ਪੁੱਤਰ ਦੀ ਮੌਤ, ਪਤਨੀ ਗੰਭੀਰ, ਛੋਟਾ ਪੁੱਤਰ ਖ਼ਤਰੇ ਤੋਂ ਬਾਹਰ

ਡਿਪਟੀ ਕਮਿਸ਼ਨਰ ਮਾਨਸਾ ਦੇ ਗੰਨਮੈਨ ਵਲੋਂ ਪਤਨੀ ਤੇ 2 ਬੱਚਿਆਂ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਵੱਡੇ ਪੁੱਤਰ ਦੀ ਮੌਤ, ਪਤਨੀ ਗੰਭੀਰ, ਛੋਟਾ ਪੁੱਤਰ ਖ਼ਤਰੇ ਤੋਂ ਬਾਹਰ

ਅਜੀਤ ਡੈਸਕ 21-10-2026

ਮਾਨਸਾ, 20 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਦੇ ਗੰਨਮੈਨ ਨੇ ਅੱਜ ਸਵੇਰੇ ਆਪਣੇ ਘਰ ’ਚ ਸਰਕਾਰੀ ਹਥਿਆਰ ਨਾਲ ਆਪਣੀ ਪਤਨੀ ਤੇ 2 ਬੱਚਿਆਂ ਨੂੰ ਗੋਲੀਆਂ ਮਾਰ ਦਿੱਤੀਆਂ। ਘਟਨਾ ਨੂੰ ਅੰਜਾਮ ਦੇਣ ਬਾਅਦ ਉਸ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ (36) ਨੇ ਬੀਤੀ ਸ਼ਾਮ ਹੀ ਵਾਰਡ ਨੰਬਰ 5 ਦੇ ਜੁਝਾਰ ਨਗਰ ਵਿਖੇ ਮਾਨਸਾ ਖ਼ੁਰਦ ਰੋਡ ’ਤੇ ਨਵੀਂ ਕੋਠੀ ’ਚ ਪ੍ਰਵੇਸ਼ ਕੀਤਾ ਸੀ, ਜੋ ਹਾਲੇ ਅਧੂਰੀ ਹੈ ਪਰ ਸਵੇਰ ਵੇਲੇ ਇਹ ਘਟਨਾ ਵਾਪਰ ਗਈ। ਗੁਆਂਢੀਆਂ ਦੇ ਦੱਸਣ ਅਨੁਸਾਰ ਗੋਲੀਆਂ ਦੀ ਆਵਾਜ਼ ਤਾਂ ਆਈ ਪਰ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ ਕਿ ਕਿਧਰ ਗੋਲੀ ਚੱਲੀ ਹੈ। ਜਿਉਂ ਹੀ ਗੁਰਵਿੰਦਰ ਦੀ ਪਤਨੀ ਜੋ ਗੰਭੀਰ ਰੂਪ ’ਚ ਜ਼ਖਮੀ ਸੀ, ਨੇ ਗਲੀ ’ਚ ਆ ਕੇ ਰੌਲਾ ਪਾਇਆ ਤਾਂ ਨੇੜਲੇ ਲੋਕ ਭੱਜ ਕੇ ਉਨ੍ਹਾਂ ਦੇ ਘਰੇ ਗਏ। ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਰਸਤੇ ’ਚ ਹੀ ਗੁਰਵਿੰਦਰ ਤੇ ਉਸ ਦੇ ਵੱਡੇ ਪੁੱਤਰ ਗੁਰਜੋਤ ਸਿੰਘ (17), ਜੋ 11ਵੀਂ ਜਮਾਤ ਦਾ ਵਿਦਿਆਰਥੀ ਸੀ, ਦੀ ਮੌਤ ਹੋ ਗਈ। ਉਸ ਦੀ ਪਤਨੀ ਹਰਪ੍ਰੀਤ ਕੌਰ (33) ਅਤੇ ਛੋਟਾ ਪੁੱਤਰ ਦਿਲਸ਼ਾਨ ਸਿੰਘ (13), ਜੋ ਰੈਨੇਸਾ ਸਕੂਲ ਮਾਨਸਾ ’ਚ 8ਵੀਂ ਜਮਾਤ ਦਾ ਵਿਦਿਆਰਥੀ ਹੈ, ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡੀ.ਐੱਮ.ਸੀ. ਲੁਧਿਆਣਾ ਭੇਜ ਦਿੱਤਾ ਗਿਆ। ਬੱਚਾ ਖ਼ਤਰੇ ਤੋਂ ਬਾਹਰ ਹੈ ਜਦਕਿ ਮ੍ਰਿਤਕ ਦੀ ਪਤਨੀ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਜ਼ਿਲ੍ਹਾ ਪੁਲਿਸ ਮੁਖੀ ਵੈਭਵ ਚੌਧਰੀ ਵੀ ਘਟਨਾ ਸਥਾਨ ’ਤੇ ਪਹੁੰਚ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਘਰੇਲੂ ਝਗੜਾ ਦੱਸਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਥਿਆਰ ਤੇ ਘਟਨਾ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਫੋਰੈਂਸਿਕ ਟੀਮਾਂ ਵਲੋਂ ਵਿਗਿਆਨਿਕ ਤਰੀਕੇ ਨਾਲ ਜਾਂਚ ਕੀਤੀ ਜਾਵੇਗੀ।

ਪਿਛਲੀ ਖ਼ਬਰ ਸਾਰੀਆਂ ਸੰਸਥਾਵਾਂ ਤੇ ਸਿਆਸੀ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਲੋੜ-ਮੋਦੀ ਦਿੱਲੀ ਵਿਖੇ ਦੁਸਹਿਰਾ ਸਮਾਗਮ ’ਚ ਕੀਤੀ ਸ਼ਿਰਕਤ ਅਗਲੀ ਖ਼ਬਰ ਰੂਬੀਓ ਤੇ ਜੈਸ਼ੰਕਰ ਵਲੋਂ ਊਰਜਾ ਸੁਰੱਖਿਆ ਅਤੇ ਰੱਖਿਆ ਸੰਬੰਧਾਂ ’ਤੇ ਚਰਚਾ ਤਿੰਨ ਦਿਨਾ ਭਾਰਤ ਦੌਰੇ ਲਈ ਮੁੰਬਈ ਪਹੁੰਚੇ ਅਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।