ਸੁਰਿੰਦਰ ਕੋਛੜ
ਅੰਮ੍ਰਿਤਸਰ, 29 ਸਤੰਬਰ-ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀ. ਓ. ਕੇ.) ’ਚ ਹਾਲਾਤ ਬੇਹੱਦ ਤਣਾਅਪੂਰਨ ਬਣੇ ਹੋਏ ਹਨ। ਪਾਕਿਸਤਾਨੀ ਫ਼ੌਜ ਤੇ ਹਕੂਮਤ ਵਿਰੁੱਧ ਲੋਕਾਂ ਦਾ ਗੁੱਸਾ ਹੁਣ ਇਕ ਇਤਿਹਾਸਕ ਮੋੜ ’ਤੇ ਪਹੁੰਚ ਚੁੱਕਾ ਹੈ। ਪਿਛਲੇ 110 ਦਿਨਾਂ ਤੋਂ ਲਗਾਤਾਰ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਹੁਣ ਪ੍ਰਦਰਸ਼ਨਕਾਰੀਆਂ ਨੇ ਕੰਟਰੋਲ ਰੇਖਾ (ਐੱਲ. ਓ. ਸੀ.) ’ਤੇ ਲੱਗੀ ਵਾੜ ਨੂੰ ਹਟਾਉਣ ਤੇ ਭਾਰਤ ਨਾਲ ਰਲੇਵੇਂ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਖੇਤਰ ਦੇ ਪ੍ਰਮੁੱਖ ਆਗੂ ਸਰਦਾਰ ਅਮਾਨ ਖ਼ਾਨ ਨੇ ਕੰਟਰੋਲ ਰੇਖਾ ‘ਤੇ ਅਣਮਿਥੇ ਸਮੇਂ ਲਈ ਧਰਨਾ ਦੇਣ ਦਾ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪਾਕਿ ਫ਼ੌਜ ਵਲੋਂ ਲਗਾਈ ਗਈ ਵਾੜ ਨੂੰ ਤੁਰੰਤ ਹਟਾਇਆ ਜਾਵੇ ਤੇ ਪੁਣਛ ਤੇ ਮੇਂਢਰ ਦੇ ਰਸਤੇ ਭਾਰਤ ਨਾਲ ਇਤਿਹਾਸਕ ਸੰਪਰਕ ਤੇ ਰਸਤੇ ਮੁੜ ਬਹਾਲ ਕੀਤੇ ਜਾਣ। ਕੰਟਰੋਲ ਰੇਖਾ ਤੋਂ ਮਹਿਜ਼ 7 ਕਿੱਲੋਮੀਟਰ ਦੂਰ ਸਥਿਤ ਮੰਡੀਹੋਲ ਪਿੰਡ ’ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਸਰਦਾਰ ਅਮਾਨ ਖ਼ਾਨ ਦੇ ਇਸ ਸੱਦੇ ਦਾ ਜ਼ੋਰਦਾਰ ਸਮਰਥਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਨੇ ਐੱਲ. ਓ. ਸੀ. ਦੀ ਵਾੜ ਹਟਾਓ ਅਤੇ ਪੀ. ਓ. ਕੇ. ਨੂੰ ਭਾਰਤ ਨਾਲ ਜੋੜੋ ਦੇ ਨਾਅਰੇ ਲਗਾਏ। ਉੱਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਵਾੜ ਨੇ ਦਹਾਕਿਆਂ ਤੋਂ ਉਨ੍ਹਾਂ ਦੇ ਪਰਿਵਾਰਾਂ, ਸਭਿਆਚਾਰ ਤੇ ਵਪਾਰ ਨੂੰ ਵੱਖ ਕਰ ਰੱਖਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨੀ ਫ਼ੌਜ ਦੀ ਇਸ ਬਨਾਵਟੀ ਵੰਡ ਨੂੰ ਖ਼ਤਮ ਕਰਕੇ ਰਵਾਇਤੀ ਰਸਤਿਆਂ ਰਾਹੀਂ ਪੁਰਾਣੇ ਸੰਬੰਧਾਂ ਨੂੰ ਦੁਬਾਰਾ ਜੋੜਿਆ ਜਾਵੇ।ਦੂਜੇ ਪਾਸੇ ਮਕਬੂਜ਼ਾ ਕਸ਼ਮੀਰ ’ਚ ‘ਜੰਮੂ ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ’ ਦੀ ਅਗਵਾਈ ਹੇਠ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਭੜਕੀ ਹਿੰਸਾ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ 122 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ 69 ਖ਼ਿਲਾਫ਼ ਪੁਲਿਸ ਕੇਸ ਦਰਜ ਕੀਤੇ ਹਨ। ਆਈ. ਜੀ. ਪੀ. ਲਿਆਕਤ ਅਲੀ ਮਲਿਕ ਨੇ ਮੁੱਖ ਸਕੱਤਰ ਖ਼ੁਸ਼ਹਾਲ ਖ਼ਾਨ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਤੇ ਪੁਲਿਸ ਤੇ ਹੋਰ ਸੁਰੱਖਿਆ ਬਲਾਂ ’ਤੇ ਹਮਲੇ ਕਰਨ ਤੇ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਝੜਪਾਂ ਦੌਰਾਨ ਤਿੰਨ ਪੁਲਿਸ ਮੁਲਾਜ਼ਮ ਮਾਰੇ ਗਏ ਜਦਕਿ ਪੁਲਿਸ, ਰੇਂਜਰਜ਼, ਫ਼ਰੰਟੀਅਰ ਕਾਂਸਟੇਬੁਲਰੀ ਤੇ ਆਮ ਨਾਗਰਿਕਾਂ ਸਮੇਤ 1,000 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਕੁਝ ਪ੍ਰਦਰਸ਼ਨਕਾਰੀਆਂ ਨੂੰ ਸ਼ਰਾਰਤੀ ਅਨਸਰ ਕਰਾਰ ਦਿੰਦਿਆਂ ਦੋਸ਼ ਲਗਾਇਆ ਕਿ ਉਹ ਲੋਕਾਂ ਦੀਆਂ ਮੰਗਾਂ ਦੀ ਆੜ ਹੇਠ ਸਰਕਾਰ ਨੂੰ ਚੁਣੌਤੀ ਦੇ ਰਹੇ ਸਨ।
ਮਕਬੂਜ਼ਾ ਕਸ਼ਮੀਰ ’ਚ ਪਾਕਿ ਫ਼ੌਜ ਖ਼ਿਲਾਫ਼ ਭੜਕਿਆ ਲੋਕ ਰੋਹ ਵਾੜ ਹਟਾ ਕੇ ਭਾਰਤ ਨਾਲ ਰਲਣ ਦੀ ਮੰਗ ਤੇਜ਼
ਸੁਰਿੰਦਰ ਕੋਛੜ ਅੰਮ੍ਰਿਤਸਰ, 29 ਸਤੰਬਰ-ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀ. ਓ. ਕੇ.) ’ਚ ਹਾਲਾਤ ਬੇਹੱਦ ਤਣਾਅਪੂਰਨ ਬਣੇ ਹੋਏ ਹਨ। ਪਾਕਿਸਤਾਨੀ ਫ਼ੌਜ ਤੇ ਹਕੂਮਤ ਵਿਰੁੱਧ ਲੋਕਾਂ ਦਾ ਗੁੱਸਾ ਹੁਣ ਇਕ ...
ਅਜੀਤ ਡੈਸਕ
30-09-2026