20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਰੰਗਾਰੰਗ ਸਮਾਗਮ ਨਾਲ ਏਸ਼ਿਆਈ ਖੇਡਾਂ ਦਾ ਆਗਾਜ਼

ਨਾਗੋਆ, 19 ਸਤੰਬਰ (ਪੀ. ਟੀ. ਆਈ.)-ਜਾਪਾਨ ਨੇ ਸਨਿਚਰਵਾਰ ਨੂੰ 20ਵੀਆਂ ਏਸ਼ਿਆਈ ਖੇਡਾਂ ਦੇ ਇਕ ਸਾਦੇ ਪਰ ਰੰਗਾਰੰਗ ਉਦਘਾਟਨੀ ਸਮਾਗਮ ਦੌਰਾਨ ਆਪਣੀ ਤਕਨੀਕੀ ਅਤੇ ਉਦਯੋਗਿਕ ਤਾਕਤ ਦੇ ਨਾਲ-ਨਾਲ ਆਪਣੀਆਂ ਡੂੰਘੀਆਂ ਸੱਭਿਆਚਾਰਕ ਜੜ੍ਹਾਂ ਦਾ ...

ਅਜੀਤ ਡੈਸਕ 20-09-2026

ਨਾਗੋਆ, 19 ਸਤੰਬਰ (ਪੀ. ਟੀ. ਆਈ.)-ਜਾਪਾਨ ਨੇ ਸਨਿਚਰਵਾਰ ਨੂੰ 20ਵੀਆਂ ਏਸ਼ਿਆਈ ਖੇਡਾਂ ਦੇ ਇਕ ਸਾਦੇ ਪਰ ਰੰਗਾਰੰਗ ਉਦਘਾਟਨੀ ਸਮਾਗਮ ਦੌਰਾਨ ਆਪਣੀ ਤਕਨੀਕੀ ਅਤੇ ਉਦਯੋਗਿਕ ਤਾਕਤ ਦੇ ਨਾਲ-ਨਾਲ ਆਪਣੀਆਂ ਡੂੰਘੀਆਂ ਸੱਭਿਆਚਾਰਕ ਜੜ੍ਹਾਂ ਦਾ ਪ੍ਰਦਰਸ਼ਨ ਕੀਤਾ। ਇਸ ਸਮਾਗਮ ਨੇ ਉਸ ਸਮੇਂ ਇਕ ਉਮੀਦ ਦੀ ਕਿਰਨ ਪੇਸ਼ ਕੀਤੀ, ਜਦੋਂ ਪ੍ਰਬੰਧਕੀ ਅਤੇ ਲੌਜਿਸਟਿਕਲ ਮੁਸ਼ਕਲਾਂ ਨੇ ਇਸ ਵੱਡੇ ਸਮਾਗਮ ਦੀਆਂ ਤਿਆਰੀਆਂ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕੀਤਾ ਸੀ। ਅਗਲੇ 15 ਦਿਨਾਂ ਤੱਕ, 4 ਅਕਤੂਬਰ ਨੂੰ ਸਮਾਪਤੀ ਵਾਲੇ ਦਿਨ ਤੱਕ, 45 ਦੇਸ਼ਾਂ ਦੇ ਲਗਭਗ 11,000 ਖਿਡਾਰੀ 43 ਖੇਡਾਂ ਅਤੇ 71 ਉਪ ਵਰਗਾਂ ਵਿਚ ਮੁਕਾਬਲਾ ਕਰਨਗੇ ਅਤੇ ਕੁੱਲ 469 ਸੋਨ ਤਗਮਿਆਂ ਲਈ ਜ਼ੋਰ-ਅਜ਼ਮਾਈ ਕਰਨਗੇ। ਬਾਸਕਟਬਾਲ, ਫੁੱਟਬਾਲ, ਕ੍ਰਿਕਟ ਅਤੇ ਕੁਝ ਹੋਰ ਖੇਡਾਂ ਦੇ ਮੁਕਾਬਲੇ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ। ‘ਹਾਰਮੋਨਿਕ ਹਾਰਟ ਬੀਟ’ (ਤਾਲਮੇਲ ਵਾਲੀ ਦਿਲ ਦੀ ਧੜਕਣ) ਦੇ ਸੰਕਲਪ ਨਾਲ, ਜਾਪਾਨ ਨੇ 1958 (ਟੋਕੀਓ) ਅਤੇ 1994 (ਹਿਰੋਸ਼ੀਮਾ) ਤੋਂ ਬਾਅਦ ਆਪਣੇ ਇਤਿਹਾਸ ਵਿਚ ਤੀਜੀ ਵਾਰ ਏਸ਼ਿਆਈ ਖਿਡਾਰੀਆਂ ਦਾ ਸਵਾਗਤ ਕੀਤਾ।ਸਮਾਗਮ ਦਾ ਮੁੱਖ ਕੇਂਦਰ ਦਿਲ ਦੇ ਆਕਾਰ ਦਾ ਮੁੱਖ ਮੰਚ ਸੀ, ਜਿਸ ਨੂੰ ‘ਵਨ ਏਸ਼ੀਆ’ (ਇਕ ਏਸ਼ੀਆ) ਦੇ ਸੰਕਲਪ ਨੂੰ ਦ੍ਰਿਸ਼ਟੀਗਤ ਰੂਪ ਵਿਚ ਪੇਸ਼ ਕਰਨ ਲਈ ਚੁਣਿਆ ਗਿਆ ਸੀ। ਇਹ ਪੂਰੇ ਮਹਾਂਦੀਪ ਦੇ ਖਿਡਾਰੀਆਂ ਅਤੇ ਲੋਕਾਂ ਦੇ ‘ਦਿਲ ਤੋਂ ਦਿਲ’ ਦੇ ਮਿਲਾਪ ਦਾ ਪ੍ਰਤੀਕ ਸੀ। 30,000 ਦੀ ਸਮਰੱਥਾ ਵਾਲੇ ਖਚਾਖਚ ਭਰੇ ਮਿਜ਼ੂਹੋ ਪਾਰਕ ਐਥਲੈਟਿਕ ਸਟੇਡੀਅਮ ਵਿਚ ਹੋਏ ਇਸ ਸ਼ਾਨਦਾਰ ਪ੍ਰਦਰਸ਼ਨ ਵਿਚ ਸਥਾਨਕ ਆਈਚੀ ਉਦਯੋਗਿਕ ਤਕਨਾਲੋਜੀ ਅਤੇ ਕਲਾਸੀਕਲ ਕਲਾ ਦਾ ਸੁਮੇਲ ਦੇਖਣ ਨੂੰ ਮਿਲਿਆ। ਇਸ ਵਿਚ ਜਪਾਨੀ ਕਾਬੂਕੀ ਮੰਚ ਦੀ ਸ਼ੈਲੀ ਦੇ ਨਾਲ-ਨਾਲ ਝੰਡਾ ਲਹਿਰਾਉਂਦਾ ਇਕ ਵਿਸ਼ਾਲ ਉਦਯੋਗਿਕ ਰੋਬੋਟਿਕ ਹੱਥ ਵੀ ਸ਼ਾਮਿਲ ਸੀ।ਦੋ ਘੰਟੇ ਚੱਲੇ ਉਦਘਾਟਨੀ ਸਮਾਗਮ ਦੇ ਵਿਚਕਾਰ, ਜਪਾਨ ਦੇ ਸਮਰਾਟ ਨਾਰੂਹਿਤੋ ਨੇ 20ਵੀਆਂ ਏਸ਼ਿਆਈ ਖੇਡਾਂ ਦੇ ਆਗਾਜ਼ ਦਾ ਐਲਾਨ ਕੀਤਾ। ਇਸ ਮੌਕੇ ਮਹਾਰਾਣੀ ਮਾਸਾਕੋ, ਉਲੰਪਿਕ ਕੌਂਸਲ ਆਫ਼ ਏਸ਼ੀਆ ਦੇ ਪ੍ਰਧਾਨ ਸ਼ੇਖ ਜੋਆਨ ਬਿਨ ਹਮਾਦ ਅਲ ਥਾਨੀ ਅਤੇ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੀ ਮੁਖੀ ਕਰਿਸਟੀ ਕੋਵੈਂਟਰੀ ਵੀ ਮੌਜੂਦ ਸਨ।ਆਈਚੀ ਖੇਤਰ ਵਿਚ ਟੋਯੋਟਾ ਮੋਟਰ ਕਾਰਪੋਰੇਸ਼ਨ ਦਾ ਮੁੱਖ ਦਫ਼ਤਰ ਹੋਣ ਕਾਰਨ, ਇਸ ਨਾਲ ਜੁੜੀ ਕਿਸੇ ਸ਼ਾਨਦਾਰ ਕਾਢ ਨੂੰ ਦਿਖਾਏ ਬਿਨਾ ਇਹ ਸ਼ੋਅ ਪੂਰਾ ਨਹੀਂ ਹੋ ਸਕਦਾ ਸੀ। ਸ਼ੋਅ ਦਾ ਇਕ ਅਹਿਮ ਹਿੱਸਾ ‘ਐਕਸੀਬਲ ਪੀਪਲ ਮੂਵਰ’ ਸੀ, ਜੋ ਟੋਕੀਓ 2020 ਉਲੰਪਿਕ ਅਤੇ ਪੈਰਾਲੰਪਿਕ ਖੇਡਾਂ ਲਈ ਟੋਯੋਟਾ ਵਲੋਂ ਵਿਕਸਿਤ ਇਕ ਖਾਸ, ਘੱਟ ਗਤੀ ਵਾਲੀ ਮੋਬਿਲਿਟਟੀ ਵਾਹਨ ਹੈ। ਹਾਲਾਂਕਿ, ਇਸ ਵਿਸ਼ਾਲ ਬਹੁ-ਖੇਡ ਸਮਾਗਮ ਦੀਆਂ ਤਿਆਰੀਆਂ ਦੌਰਾਨ ਕਈ ਸੰਚਾਲਨ ਸੰਬੰਧੀ ਗਲਤੀਆਂ, ਪ੍ਰਬੰਧਕੀ ਮੁਸ਼ਕਲਾਂ ਅਤੇ ਰਿਹਾਇਸ਼ ਦੀ ਤੰਗੀ ਵਰਗੀਆਂ ਸਮੱਸਿਆਵਾਂ ਸਾਹਮਣੇ ਆਈਆਂ, ਜਿਸ ਕਾਰਨ ਮੁਸੀਬਤਾਂ ਵਿਚ ਘਿਰੀ ਪ੍ਰਬੰਧਕ ਕਮੇਟੀ ਅਤੇ ਉਲੰਪਿਕ ਕੌਂਸਲ ਆਫ਼ ਏਸ਼ੀਆ ਨੂੰ ਬਚਾਅ ਦੀ ਸਥਿਤੀ ਵਿਚ ਆਉਣਾ ਪਿਆ।ਇਸ ਪ੍ਰਬੰਧਕੀ ਅਰਾਜਕਤਾ ਨੇ ਜਪਾਨ ਦੀ ਸਾਖ ਨੂੰ ਜ਼ਰੂਰ ਠੇਸ ਪਹੁੰਚਾਈ, ਜਿਸ ਨੇ ਪਹਿਲਾਂ ਫੀਫਾ ਵਿਸ਼ਵ ਕੱਪ (2002) ਅਤੇ ਉਲੰਪਿਕ (1964, 2021) ਵਰਗੇ ਵੱਡੇ ਵਿਸ਼ਵ ਪੱਧਰੀ ਸਮਾਗਮਾਂ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ ਹੈ।ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਕਬੱਡੀ ਖਿਡਾਰੀ ਪਵਨ ਸਹਿਰਾਵਤ ਦੀ ਅਗਵਾਈ ਵਿਚ ਭਾਰਤੀ ਦਲ ਨੇ ਜ਼ਬਰਦਸਤ ਤਾੜੀਆਂ ਦੀ ਗੂੰਜ ਵਿਚਕਾਰ ‘ਐਥਲੀਟ ਪਰੇਡ’ ਵਿਚ ਪ੍ਰਵੇਸ਼ ਕੀਤਾ। ਨੇਵੀ ਬਲੂ ਸਾੜੀ ਅਤੇ ‘ਬੰਦਗਲਾ’ ਸ਼ੈਲੀ ਦੀ ਰਸਮੀ ਜੈਕਟ ਪਹਿਨੇ ਭਾਕਰ ਸਹਿਰਾਵਤ ਦੇ ਨਾਲ 150 ਮੈਂਬਰੀ ਭਾਰਤੀ ਦਲ ਦੀ ਅਗਵਾਈ ਕਰਦੇ ਹੋਏ ਅਖਾੜੇ ਵਿਚ ਦਾਖਲ ਹੋਈ ਅਤੇ ਭੀੜ ਵੱਲ ਹੱਥ ਹਿਲਾ ਕੇ ਸਵਾਗਤ ਕਬੂਲਦੀ ਦਿਖਾਈ ਦਿੱਤੀ।ਭਾਰਤੀ ਪੁਰਸ਼ ਖਿਡਾਰੀਆਂ ਨੇ ਵੀ ਨੇਵੀ ਬਲੂ ਰੰਗ ਦੀ ‘ਬੰਦਗਲਾ’ ਸ਼ੈਲੀ ਵਾਲੀਆਂ ਰਸਮੀ ਜੈਕਟਾਂ ਅਤੇ ਉਨ੍ਹਾਂ ਨਾਲ ਮੇਲ ਖਾਂਦੀਆਂ ਪੈਂਟਾਂ ਪਹਿਨੀਆਂ ਹੋਈਆਂ ਸਨ। ਉਲੰਪਿਕ ਕੌਂਸਲ ਆਫ਼ ਏਸ਼ੀਆ ਦੀ ਦੋ ਖਿਡਾਰੀਆਂ ਵਾਲੀ ‘ਸ਼ਰਨਾਰਥੀ ਟੀਮ’ ਮੇਜ਼ਬਾਨ ਜਪਾਨ ਤੋਂ ਠੀਕ ਪਹਿਲਾਂ ਆਈ, ਪਰੰਪਰਾ ਅਨੁਸਾਰ 46 ਟੀਮਾਂ ਦੀ ਇਸ ਪਰੇਡ ਵਿਚ ਮੇਜ਼ਬਾਨ ਦੇਸ਼ ਸਭ ਤੋਂ ਅਖੀਰ ਵਿਚ ਆਉਂਦਾ ਹੈ।ਸਭ ਤੋਂ ਵੱਧ ਉਤਸ਼ਾਹ ਅਤੇ ਸ਼ੋਰ-ਸ਼ਰਾਬਾ ਜਪਾਨ ਲਈ ਦੇਖਣ ਨੂੰ ਮਿਲਿਆ, ਜੋ ਇਨ੍ਹਾਂ ਖੇਡਾਂ ਵਿਚ 900 ਤੋਂ ਵੱਧ ਖਿਡਾਰੀਆਂ ਦੇ ਸਭ ਤੋਂ ਵੱਡੇ ਦਲ ਨਾਲ ਹਿੱਸਾ ਲੈ ਰਿਹਾ ਹੈ।’ਅਵੇਕਨਿੰਗ ਆਫ਼ ਦ ਸਪੇਸ ਐਂਡ ਦ ਰੈਜ਼ੋਨੇਟਿੰਗ ਹਾਰਟ ਬੀਟ’ ਨਾਮਕ ਸਵਾਗਤੀ ਪੇਸ਼ਕਾਰੀ ਨੇ ਸਮਾਗਮ ਦਾ ਮਾਹੌਲ ਬਣਾਇਆ। ਇਸ ਦੌਰਾਨ ਜਪਾਨ ਦੇ ਸਭ ਤੋਂ ਪਸੰਦੀਦਾ ਵਾਇਲਨ ਵਾਦਕਾਂ ਅਤੇ ਸੰਗੀਤਕਾਰਾਂ ਵਿਚੋਂ ਇਕ ਟਾਰੋ ਹਾਕਾਸੇ ਨੇ ਖੇਡ ਉਤਸਵ ਦੇ ਉਦਘਾਟਨ ਦੇ ਅਨੁਕੂਲ ਸ਼ਾਨਦਾਰ ਸੰਗੀਤ ਪੇਸ਼ ਕੀਤਾ, ਜਦਕਿ ਫੈਲਦੀ ਰੌਸ਼ਨੀ ਅਤੇ ਲੇਜ਼ਰਾਂ ਨੇ ਪੂਰੇ ਸਥਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ।ਜਦੋਂ ਮੁਕਾਬਲੇ ਦੀ ਸ਼ੁਰੂਆਤ ਦਾ ਸੰਕੇਤ ਦਿੰਦਾ 10 ਮੀਟਰ ਉੱਚਾ ਚਮਕਦਾਰ ਝੰਡਾ ਉੱਪਰ ਉੱਠਿਆ ਤਾਂ ਦਿਲ ਦੇ ਆਕਾਰ ਦੇ ਖੰਭਾਂ ਵਾਲੇ ‘ਏਂਜਲ ਡਰੋਨ’  ਚਮਕਦੇ ਹੋਏ ਸਥਾਨ ਦੇ ਆਲੇ-ਦੁਆਲੇ ਤੈਰਨ ਲੱਗੇ। ਇਸ ਨਾਲ ਪੂਰਾ ਸਥਾਨ ‘ਦਿਲਾਂ ਦੀ ਦੁਨੀਆਂ’ ਵਿਚ ਬਦਲ ਗਿਆ, ਜੋ ਕਿ ਉਦਘਾਟਨੀ ਸਮਾਰੋਹ ਦਾ ਮੁੱਖ ਵਿਸ਼ਾ ਸੀ ਅਤੇ ਨਾਲ ਹੀ ਡਾਂਸਰਾਂ ਨੇ ਸੁਆਗ ਜਾਪਾਨੀ ਝੰਡਾ ਲਹਿਰਾਉਣ ਦੀ ਰਸਮ ਅਤੇ ਮੇਜ਼ਬਾਨ ਦੇਸ਼ ਦੇ ਰਾਸ਼ਟਰੀ ਗੀਤ ਦੀ ਪੇਸ਼ਕਾਰੀ ਤੋਂ ਬਾਅਦ ਖਿਡਾਰੀਆਂ ਦੀ ਪਰੇਡ ਸ਼ੁਰੂ ਹੋਈ।

ਪਿਛਲੀ ਖ਼ਬਰ ਐਲ.ਕੇ.ਸੀ.ਟੀ.ਸੀ. ਵਲੋਂ ਅਲਫ਼ਾ ਆਈ.ਟੀ. ਪ੍ਰਾਈਵੇਟ ਲਿਮਟਿਡ ਮੋਹਾਲੀ ਦਾ ਉਦਯੋਗਿਕ ਦੌਰਾ ਅਗਲੀ ਖ਼ਬਰ ਬੰਬੀਆਂਵਾਲ ਵਾਸੀ ਔਰਤ ਨੇ ਗੁਆਂਢ ’ਚ ਰਹਿੰਦੀ ਮਹਿਲਾ ਮੁਲਾਜ਼ਮ ’ਤੇ ਲਾਏ ਪ੍ਰੇਸ਼ਾਨ ਕਰਨ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।