ਨਵੀਂ ਦਿੱਲੀ, 19 ਸਤੰਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ 20ਵੇਂ ਰੁਜਗਾਰ ਮੇਲੇ ਤਹਿਤ 51 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਪ੍ਰਧਾਨ ਮੰਤਰੀ ਨੇ ਦੇਸ਼ ਭਰ ’ਚ 45 ਥਾਵਾਂ ’ਤੇ ਲੱਗੇ ਰੁਜ਼ਗਾਰ ਮੇਲੇ ’ਚ ਸ਼ਾਮਿਲ ਨੌਜਵਾਨਾਂ ਨੂੰ ਵਰਚੁਅਲੀ ਸੰਬੋਧਨ ਵੀ ਕੀਤਾ। ਮੋਦੀ ਨੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਨੌਜਵਾਨ ਇਕ ਅਜਿਹੇ ਸਮੇਂ ’ਚ ਭਾਰਤ ਸਰਕਾਰ ਨਾਲ ਜੁੜੇ ਹਨ, ਜਦੋਂ ਦੇਸ਼ ਇਕ ਬਹੁਤ ਵੱਡੇ ਟੀਚੇ ਵੱਲ ਅੱਗੇ ਵਧ ਰਿਹਾ ਹੈ। ਇਹ ਟੀਚਾ ਹੈ 2047 ਤੱਕ ਵਿਕਸਿਤ ਭਾਰਤ ਬਣਾਉਣ ਦਾ। ਮੋਦੀ ਨੇ ਵੱਖ-ਵੱਖ ਮੰਤਰਾਲਿਆਂ ਲਈ ਚੁਣੇ ਗਏ ਨੌਜਵਾਨਾਂ ਨੂੰ ਕਿਹਾ ਕਿ ਉਹ ਸਰਕਾਰ ’ਚ ਰਹਿੰਦੇ ਹੋਏ ਹਰ ਉਹ ਫ਼ੈਸਲਾ ਲੈਣ, ਜੋ ਵਿਕਸਿਤ ਅਤੇ ਆਤਮ ਨਿਰਭਰ ਭਾਰਤ ਦੀ ਮੁਹਿੰਮ ਨੂੰ ਲਗਾਤਾਰ ਮਜ਼ਬੂਤ ਕਰੇ। ਪ੍ਰਧਾਨ ਮੰਤਰੀ ਨੇ ਹਾਲ ਹੀ ’ਚ ਹੋਏ ਬ੍ਰਿਕਸ ਸਿਖਰ ਸੰਮੇਲਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਦੀ ਕੋਸ਼ਿਸ਼ ਰਹੀ ਹੈ ਕਿ ਬ੍ਰਿਕਸ ਕਾਰਪੋਰੇਸ਼ਨ ਸਿਰਫ਼ ਸਰਕਾਰਾਂ ਤੱਕ ਸੀਮਿਤ ਨਾ ਰਹੇ ਸਾਡੇ ਕਿਸਾਨ, ਔਰਤਾਂ, ਨੌਜਵਾਨ, ਹਰ ਕੋਈ ਇਸ ਭਾਈਵਾਲੀ ਦਾ ਸਰਗਰਮ ਭਾਗੀਦਾਰ ਬਣੇ। ਇਸੇ ਸੋਚ ਦੇ ਨਾਲ ਬ੍ਰਿਕਸ ਕੁਨੈਕਟ ਅਤੇ ਬ੍ਰਿਕਸ ਐਮ.ਐਸ.ਐਮ. ਈ. ਕੋਆਰਪਰੇਸ਼ਨ ਪੋਰਟਲ ਜਿਹੀ ਪਹਿਲ ਦੀ ਸ਼ੁਰੂਆਤ ਕੀਤੀ ਗਈ। ਮੋਦੀ ਨੇ ਇਹ ਵੀ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਸਰਕਾਰ ਦਾ ਲਗਾਤਾਰ ਧਿਆਨ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰਨ ’ਤੇ ਰਿਹਾ ਹੈ। ਰਾਸ਼ਟਰੀ ਸਿਖਿਆ ਨੀਤੀ, ਸਕਿੱਲ ਇੰਡੀਆ, ਮਿਸ਼ਨ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਨੂੰ ਹੁਲਾਰਾ ਦੇਣ ਤਹਿਤ ਸਰਕਾਰ ਦੀ ਕੋਸ਼ਿਸ਼ ਰਹੀ ਹੈ ਕਿ ਨੌਜਵਾਨਾਂ ਨੂੰ ਸਿੱਖਿਆ ਜਾਂ ਉਨ੍ਹਾਂ ਦੇ ਹੁਨਰ ਨੂੰ ਬਦਲਦੀ ਅਰਥਵਿਵਸਥਾ ਦੀਆਂ ਜ਼ਰੂਰਤਾਂ ਦੇ ਮੁਤਾਬਿਕ ਬਣਾਇਆ ਜਾਵੇ। ਜ਼ਿਕਰਯੋਗ ਹੈ ਕਿ ਅਕਤੂਬਰ 2022 ਤੋਂ ਸ਼ੁਰੂ ਹੋਏ ਰੁਜ਼ਗਾਰ ਮੇਲਿਆਂ ਤਹਿਤ ਹੁਣ ਤੱਕ ਵੱਖ-ਵੱਖ ਵਿਭਾਗਾਂ ਅਤੇ ਸਰਕਾਰੀ ਸੰਗਠਨਾਂ ’ਚ ਤਕਰੀਬਨ 12.75 ਲੱਖ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲ ਚੁਕੇ ਹਨ। ਮੋਦੀ ਨੇ ਕਿਹਾ ਕਿ ਭਾਰਤ ਨੇ 40 ਮੁਕਤ ਵਪਾਰ ਸਮਝੌਤਿਆਂ ’ਤੇ ਦਸਤਖਤ ਕੀਤੇ। ਇਹ ਐੱਫ.ਟੀ.ਏ. ਸਾਡੇ ਨੌਜਵਾਨਾਂ ਲਈ ਸੰਭਾਵਨਾਵਾਂ ਦੇ ਨਵੇਂ ਦਰਵਾਜ਼ੇ ਖੋਲ੍ਹ ਰਹੇ ਹਨ ਅਤੇ ਸਾਡੇ ਨੌਜਵਾਨਾਂ ਲਈ ਕਰੀਅਰ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਕਰਦੇ ਹਨ। ਦੇਸ਼ ਦੇ ਸਟਾਰਟਅੱਪ ਈਕੋਸਿਸਟਮ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਯੁਵਾ ਸ਼ਕਤੀ ਇਸ ’ਚ ਝਲਕਦੀ ਹੈ ਤੇ ਸਟਾਰਟਅੱਪ ਈਕੋਸਿਸਟਮ ਹੁਣ ਵੱਡੇ ਸ਼ਹਿਰਾਂ ਤੱਕ ਸੀਮਤ ਨਹੀਂ ਹੈ ਬਲਕਿ ਛੋਟੇ ਸ਼ਹਿਰਾਂ ਤੱਕ ਵੀ ਫੈਲ ਗਿਆ ਹੈ। ਉਨ੍ਹਾਂ ਕਿਹਾ ਸਰਕਾਰ ਦੇਸ਼ ’ਚ ਰੁਜ਼ਗਾਰ ਵਧਾਉਣ ਲਈ ਹਰ ਮੋਰਚੇ ’ਤੇ ਕੰਮ ਕਰ ਰਹੀ ਹੈ। ਮੋਦੀ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਨੌਜਵਾਨਾਂ ਦੀ ਸਿੱਖਿਆ ਅਤੇ ਹੁਨਰ ਬਦਲਦੀ ਅਰਥਵਿਵਸਥਾ ਦੀਆਂ ਜ਼ਰੂਰਤਾਂ ਦੇ ਅਨੁਸਾਰ ਚੱਲੇ। ਉਨ੍ਹਾਂ ਕਿਹਾ ਕਿ ਜਦੋਂ ਅਰਥਵਿਵਸਥਾ ਵਧਦੀ ਹੈ, ਨਿਵੇਸ਼ ਵਧਦਾ ਹੈ ਤੇ ਨਵੇਂ ਉਦਯੋਗ ਫੈਲਦੇ ਹਨ ਤਾਂ ਨੌਜਵਾਨਾਂ ਲਈ ਮੌਕੇ ਵਧਦੇ ਹਨ।
ਵਿਕਸਿਤ ਭਾਰਤ ਦੀ ਦਿਸ਼ਾ ’ਚ ਵਧਣ ਲਈ ਨੌਜਵਾਨਾਂ ਦੀ ਭੂਮਿਕਾ ਅਹਿਮ-ਮੋਦੀ ਪ੍ਰਧਾਨ ਮੰਤਰੀ ਨੇ ਵੰਡੇ 51 ਹਜ਼ਾਰ ਨਿਯੁਕਤੀ ਪੱਤਰ
ਨਵੀਂ ਦਿੱਲੀ, 19 ਸਤੰਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ 20ਵੇਂ ਰੁਜਗਾਰ ਮੇਲੇ ਤਹਿਤ 51 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਪ੍ਰਧਾਨ ਮੰਤਰੀ ਨੇ ਦੇਸ਼ ਭਰ ’ਚ 45 ਥਾਵਾਂ ’ਤੇ ਲੱਗੇ ਰੁਜ਼ਗਾਰ ਮੇਲੇ ’ਚ ਸ਼ਾਮਿਲ ...
ਅਜੀਤ ਡੈਸਕ
20-09-2026