ਫ਼ਤਹਿਗੜ੍ਹ ਸਾਹਿਬ, 19 ਸਤੰਬਰ (ਬਲਜਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀਆਂ ਯਾਤਰਾਵਾਂ ਤਹਿਤ ਦੂਸਰੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਸ਼ੁਰੂਆਤ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵਲੋਂ ਫ਼ਤਹਿਗੜ੍ਹ ਸਾਹਿਬ ਤੋਂ ਕੀਤੀ ਗਈ। ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸਮੇਤ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਪੁਰਾਣੀ ਅਨਾਜ ਮੰਡੀ ਸਰਹਿੰਦ ਵਿਖੇ ਰੈਲੀ ਕੀਤੀ ਗਈ। ਜਿਥੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਡਾ. ਸ਼ਤੀਸ਼ ਪੂਨੀਆ, ਭਾਜਪਾ ਦੇ ਕੌਮੀ ਉੱਪ-ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ ਵਿਚ ਯਾਤਰਾ ਨੂੰ ਹਰੀ ਝੰਡੀ ਦਿਖਾਈ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੱਡੇ ਪੱਧਰ ’ਤੇ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਰਾਹੀਂ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਅਤੇ ਇਸ ਮੁੱਦੇ ’ਤੇ ਲੋਕਾਂ ਨੂੰ ਇਕੱਠਾ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯਾਤਰਾ ਦੀ ਲੋੜ ਦਾ ਅੰਦਾਜ਼ਾ ਉਨ੍ਹਾਂ ਪਰਿਵਾਰਾਂ ਦੀ ਸਥਿਤੀ ਤੋਂ ਲਗਾਇਆ ਜਾ ਸਕਦਾ ਹੈ, ਜਿਨ੍ਹਾਂ ਦੇ ਬੱਚੇ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਸਬੰਧੀ ਨਾਅਰੇ ਤਾਂ ਦਿੱਤੇ ਗਏ ਪਰ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾ ਵਿਚ ਆਉਣ ਸਮੇਂ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ 3 ਮਹੀਨੇ ਵਿਚ ਪੰਜਾਬ ਵਿਚੋਂ ਨਸ਼ੇ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਇਹ ਸਮਾਂ-ਹੱਦ ਕਦੇ 3 ਮਹੀਨੇ, ਕਦੇ 4 ਮਹੀਨੇ ਵਧਾਈ ਗਈ ਅਤੇ ਵਾਰ ਵਾਰ ਇਹ ਆਖਰੀ ਤਰੀਕ (ਡੈੱਡਲਾਈਨ) ਅੱਗੇ ਵਧ ਚੁੱਕੀ ਹੈ ਤੇ ਅਜਿਹੀ ਸਰਕਾਰ ਤੋਂ ਨਸ਼ਾ ਖ਼ਤਮ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਲੋਕਾਂ ਨੂੰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਸਾਂਝੇ ਤੌਰ ’ਤੇ ਕੰਮ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਇੰਚਾਰਜ ਰਾਜੇਸ਼ ਬਾਘਾ, ਜੰਗੀ ਲਾਲ ਮਹਾਜਨ, ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਮਨਜੀਤ ਸਿੰਘ ਰਾਏ, ਭਾਜਪਾ ਆਗੂ ਐੱਚ.ਐੱਸ. ਫੂਲਕਾ, ਜਗਦੀਪ ਸਿੰਘ ਚੀਮਾ, ਏਕਤਾ ਨਾਗਪਾਲ, ਐੱਨ.ਕੇ. ਵਰਮਾ, ਅਜੇ ਕੌਸ਼ਲ, ਸੁਖਵਿੰਦਰ ਸਿੰਘ ਗੋਲਡੀ, ਖੁਸ਼ਵੰਤ ਰਾਏ ਗੀਗਾ, ਕਰਮਬੀਰ ਟੌਹੜਾ, ਅਰੁਣ ਖੌਸਲਾ, ਮੀਨੂੰ ਸੇਠੀ, ਕੇ.ਡੀ. ਭੰਡਾਰੀ, ਰਾਜ ਜਤਿੰਦਰ ਸਿੰਘ ਬਿੱਟੂ,ਐੱਸ.ਐੱਸ. ਚੰਨੀ, ਰਣਜੀਤ ਸਿੰਘ, ਜੀਵਨ ਗੁਪਤਾ, ਰਾਕੇਸ਼ ਸ਼ਰਮਾ, ਅਮਨਜੀਤ ਕੌਰ ਰਾਮੂਵਾਲੀਆ, ਸਾਬਕਾ ਮੰਤਰੀ ਡਾ.ਹਰਬੰਸ ਲਾਲ, ਇਕਬਾਲ ਸਿੰਘ ਚੰਨੀ ਵੀ ਹਾਜ਼ਰ ਸਨ।
ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਯਾਤਰਾ ਦਾ ਵਿਰੋਧ ਕਰਨ ਵਾਲਿਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਕੱਢੀ ਜਾ ਰਹੀ ਇਸ ਯਾਤਰਾ ਦਾ ਵਿਰੋਧ ਕਰਨ ਵਾਲਿਆਂ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਾਰੇ ਪੰਜਾਬ ਨੂੰ ਇਕਜੁੱਟ ਹੋਣ ਦੀ ਲੋੜ ਹੈ ਅਤੇ ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਪੰਜਾਬ ਵਿਚੋਂ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਲੰਬੇ ਸਮੇਂ ਦੀ ਰਣਨੀਤੀ ਨਾਲ ਕੰਮ ਕਰੇਗੀ ਅਤੇ ਇਸ ਸਬੰਧੀ ਪਾਰਟੀ ਵਲੋਂ ਦੋ ਸਾਲਾਂ ਦਾ ਟੀਚਾ ਰੱਖਿਆ ਗਿਆ ਹੈ।
ਭਾਜਪਾ ਵਲੋਂ ਇਸ ਯਾਤਰਾ ਨੂੰ ਸਿਆਸੀ ਪ੍ਰੋਗਰਾਮ ਦੀ ਬਜਾਏ ਇਕ ਵੱਡੀ ਲੋਕ ਮੁਹਿੰਮ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਯਾਤਰਾ ਸਿਆਸੀ ਲਾਹੇ ਲਈ ਨਹੀਂ ਬਲਕਿ ਇਕ ਲੋਕ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਤੋਂ ਨਸ਼ਾ ਬੰਦ ਨਹੀਂ ਹੋਇਆ ਤਾਂ ਇਹ ਲੋਕਾਂ ਦੀ ਆਵਾਜ਼ ਬੰਦ ਕਰਨ ਲੱਗ ਪਈ। ਮੋਹਨਜੀਤ ਸ਼ੇਰੋਂ ਤੇ ਗੁਲਜ਼ਾਰ ਸਿੰਘ ਕਾਂਡ ਦੇ ਹਵਾਲੇ ਨਾਲ ਉਨ੍ਹਾਂ ਸਵਾਲ ਕੀਤਾ ਕਿ ਕੀ ਕਸੂਰ ਸੀ ਇਨ੍ਹਾਂ ਦੋਵਾਂ ਦਾ, ਇਕ ਨੂੰ ਵੈਂਟੀਲੇਟਰ ’ਤੇ ਜਾਣਾ ਪਿਆ ਤੇ ਇਕ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ।