ਸੁਰਿੰਦਰ ਕੋਛੜ
ਅੰਮ੍ਰਿਤਸਰ, 17 ਸਤੰਬਰ-ਅੰਮ੍ਰਿਤਸਰ ਵਿਖੇ ਨਵੀਨੀਕਰਨ ਕੀਤੇ ਗਏ ਜੰਮੂ-ਕਸ਼ਮੀਰ ਰੈਸਟ ਹਾਊਸ ਦੇ ਰਸਮੀ ਉਦਘਾਟਨ ਲਈ ਪਹੁੰਚੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੂਬੇ (ਜੰਮੂ-ਕਸ਼ਮੀਰ) ’ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਨਿਵੇਸ਼ ਬਾਰੇ ਗੱਲ ਕਰਦਿਆਂ ਕਿਹਾ ਕਿ ਜਿਸ ਪੱਧਰ ਦੇ ਨਿਵੇਸ਼ ਦੀ ਉਮੀਦ ਜਤਾਈ ਗਈ ਸੀ, ਉਹ ਜ਼ਮੀਨੀ ਪੱਧਰ ’ਤੇ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਭੂਗੋਲਿਕ ਅਤੇ ਆਰਥਿਕ ਸਥਿਤੀ ਪੰਜਾਬ ਵਾਂਗ ਭਾਰੀ ਉਦਯੋਗਿਕ ਇਕਾਈਆਂ ਲਗਾਉਣ ਲਈ ਢੁਕਵੀਂ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੰਮੂ-ਕਸ਼ਮੀਰ ਦੇ ਸਥਾਨਕ ਸਰੋਤਾਂ ਨੂੰ ਧਿਆਨ ’ਚ ਰੱਖਦਿਆਂ ਖੇਤੀਬਾੜੀ, ਐਗਰੀ-ਪ੍ਰੋਸੈਸਿੰਗ, ਬਾਗ਼ਬਾਨੀ ਅਤੇ ਡੇਅਰੀ ਫਾਰਮਿੰਗ ਵਰਗੇ ਖੇਤਰਾਂ ’ਚ ਵਧੇਰੇ ਸੰਭਾਵਨਾਵਾਂ ਹਨ। ਉਨ੍ਹਾਂ ਦੀ ਸਰਕਾਰ ਦਾ ਧਿਆਨ ਸਥਾਨਕ ਹਾਲਾਤ ਮੁਤਾਬਿਕ ਨਿਵੇਸ਼ ਮਾਡਲ ਤਿਆਰ ਕਰਕੇ ਆਰਥਿਕ ਗਤੀਵਿਧੀਆਂ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ’ਤੇ ਰਹੇਗਾ। ਉਮਰ ਅਬਦੁੱਲਾ ਨੇ ਅੱਜ ਸਵੇਰੇ ਸਥਾਨਕ ਕਚਹਿਰੀ ਚੌਕ ਦੇ ਨਜ਼ਦੀਕ ਨਵੀਨੀਕਰਨ ਕੀਤੇ ਗਏ ਜੰਮੂ-ਕਸ਼ਮੀਰ ਰੈਸਟ ਹਾਊਸ ਦੇ ਰਸਮੀ ਉਦਘਾਟਨ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਜੰਮੂ-ਕਸ਼ਮੀਰ ਤੋਂ ਵੱਡੀ ਗਿਣਤੀ ’ਚ ਲੋਕ ਇਲਾਜ ਕਰਵਾਉਣ ਲਈ ਅੰਮ੍ਰਿਤਸਰ ਦੇ ਹਸਪਤਾਲਾਂ ਵਿਚ ਆਉਂਦੇ ਹਨ ਅਤੇ ਉਨ੍ਹਾਂ ਨੂੰ ਰਿਹਾਇਸ਼ ਦੀ ਦਿੱਕਤ ਪੇਸ਼ ਆਉਂਦੀ ਹੈ। ਇਸੇ ਲੋੜ ਨੂੰ ਧਿਆਨ ’ਚ ਰੱਖਦਿਆਂ ਜੰਮੂ-ਕਸ਼ਮੀਰ ਰੈਸਟ ਹਾਊਸ ਦੀ ਹੈਰੀਟੇਜ ਇਮਾਰਤ ਦੇ ਪਿੱਛੇ ਖ਼ਾਲੀ ਪਈ ਜ਼ਮੀਨ ’ਤੇ ਇਕ ਨਵਾਂ ਬਲਾਕ ਬਣਾਇਆ ਜਾਵੇਗਾ ਤਾਂ ਜੋ ਜੰਮੂ ਤੋਂ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਠਹਿਰਨ ਦੀ ਸਹੂਲਤ ਮਿਲ ਸਕੇ।
ਧਾਰਾ 370 ਹਟਾਏ ਜਾਣ ਤੋਂ ਬਾਅਦ ਨਿਵੇਸ਼ ਦੀ ਉਮੀਦ ਜ਼ਮੀਨੀ ਹਕੀਕਤ ’ਚ ਨਹੀਂ ਬਦਲੀ-ਉਮਰ ਅਬਦੁੱਲਾ ਅੰਮ੍ਰਿਤਸਰ ’ਚ ਜੰਮੂ-ਕਸ਼ਮੀਰ ਰੈਸਟ ਹਾਊਸ ਦਾ ਰਸਮੀ ਉਦਘਾਟਨ
ਸੁਰਿੰਦਰ ਕੋਛੜ ਅੰਮ੍ਰਿਤਸਰ, 17 ਸਤੰਬਰ-ਅੰਮ੍ਰਿਤਸਰ ਵਿਖੇ ਨਵੀਨੀਕਰਨ ਕੀਤੇ ਗਏ ਜੰਮੂ-ਕਸ਼ਮੀਰ ਰੈਸਟ ਹਾਊਸ ਦੇ ਰਸਮੀ ਉਦਘਾਟਨ ਲਈ ਪਹੁੰਚੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੂਬੇ (ਜੰਮੂ-ਕਸ਼ਮੀਰ) ’ਚ ਧਾਰਾ 370 ਹਟਾਏ ਜਾਣ ...
ਅਜੀਤ ਡੈਸਕ
18-09-2026