ਵਿਦਿਆਰਥੀਆਂ ਸਮੇਤ 5 ਮੌਤਾਂ-ਕਈ ਮਲਬੇ ਹੇਠ ਫਸੇ
ਬੇਸਮੈਂਟ ’ਚ ਚੱਲ ਰਿਹਾ ਸੀ ਖੁਦਾਈ ਦਾ ਕੰਮ
ਨਵੀਂ ਦਿੱਲੀ, 6 ਸਤੰਬਰ (ਪੀ.ਟੀ.ਆਈ.)-ਦੱਖਣੀ ਦਿੱਲੀ ਦੇ ਸੱਤਿਆ ਨਿਕੇਤਨ ’ਚ ਵਿਦਿਆਰਥੀਆਂ ਲਈ ਪੇਇੰਗ ਗੈਸਟ (ਪੀ.ਜੀ.) ਰਿਹਾਇਸ਼ ਵਜੋਂ ਕੰਮ ਕਰਨ ਵਾਲੀ ਲਗਭਗ 30 ਸਾਲ ਪੁਰਾਣੀ 5 ਮੰਜ਼ਿਲਾ ਇਮਾਰਤ ਐਤਵਾਰ ਦੁਪਹਿਰ ਢਹਿ ਗਈ, ਜਿਸ ਕਾਰਨ ਵਿਦਿਆਰਥੀਆਂ ਸਮੇਤ 5 ਦੀ ਮੌਤ ਹੋ ਗਈ ਤੇ ਕਈ ਮਲਬੇ ਹੇਠ ਦਬ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਹੇਠ ਫਸੇ ਲਗਭਗ 15-20 ਹੋਰ ਲੋਕਾਂ ਨੂੰ ਬਚਾਉਣ ਲਈ ਬਹੁ-ਏਜੰਸੀ ਕਾਰਵਾਈ ਜਾਰੀ ਹੈ।
ਇਸ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖ-ਵੱਖ ਨੇਤਾਵਾਂ ਨੇ ਘਟਨਾ ਨੂੰ ਬੇਹਦ ਦੁੱਖਦਾਈ ਕਰਾਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਟਰਾਮਾ ਸੈਂਟਰ ’ਚ 10 ਜ਼ਖਮੀਆਂ ਨੂੰ ਲਿਆਂਦਾ ਗਿਆ। ਜਿਥੇ 4 ਨੂੰ ਮ੍ਰਿਤਕ ਲਿਆਂਦਾ ਗਿਆ, ਜਦੋਂ ਕਿ ਇਕ ਮਰੀਜ਼ ਜੋ ਗੰਭੀਰ ਹਾਲਤ ’ਚ ਸੀ, ਬਾਅਦ ’ਚ ਆਪਣੀ ਸੱਟਾਂ ਦੀ ਤਾਬ ਨਾ ਝੱਲਦਾ ਦਮ ਤੋੜ ਗਿਆ।
ਤਿੰਨ ਮਰੀਜ਼ਾਂ ਨੂੰ ਦਾਖਲ ਕਰਵਾਇਆ ਗਿਆ ਹੈ ਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਕ ਮਰੀਜ਼ ਦੇ ਅੰਗਾਂ ਦੀ ਸਰਜਰੀ ਹੋਈ ਤੇ ਇਕ ਹੋਰ ਜਿਸਨੂੰ ਮਾਮੂਲੀ ਸੱਟ ਲੱਗੀ ਸੀ, ਨੂੰ ਨਿਗਰਾਨੀ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਪੁਲਿਸ ਨੇ ਇਮਾਰਤ ਦੇ ਮਾਲਕ ਹਰੀਰਾਮ ਤੇ ਹੋਰਾਂ ਵਿਰੁੱਧ ਦੱਖਣੀ ਕੈਂਪਸ ਪੁਲਿਸ ਸਟੇਸ਼ਨ ’ਚ ਦੋਸ਼ੀ ਕਤਲ, ਢਾਂਚੇ ਦੀ ਦੇਖਭਾਲ ’ਚ ਲਾਪਰਵਾਹੀ ਤੇ ਦੂਜਿਆਂ ਦੀ ਸੁਰੱਖਿਆ ਨੂੰ ਖਤਰੇ ’ਚ ਪਾਉਣ ਦੇ ਦੋਸ਼ਾਂ ’ਚ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਮਾਰਤ ਇਕ ਪੀ.ਜੀ. ਸੀ। ਦੁਪਹਿਰ 1.30 ਵਜੇ ਦੇ ਕਰੀਬ ਗਰਾਊਂਡ ਫਲੋਰ ’ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਇਮਾਰਤ ਢਹਿ ਗਈ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਵਿਅਕਤੀਆਂ ਦਾ ਪਤਾ ਲਗਾਉਣ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ।
ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐਮ.ਏ.), ਦਿੱਲੀ ਫਾਇਰ ਸਰਵਿਸਿਜ਼, ਦਿੱਲੀ ਪੁਲਿਸ, ਦਿੱਲੀ ਨਗਰ ਨਿਗਮ (ਐਮ.ਸੀ.ਡੀ.), ਸੀ.ਏ.ਟੀ.ਐਸ. ਤੇ ਸਿਵਲ ਡਿਫੈਂਸ ਮੌਕੇ ’ਤੇ ਬਚਾਅ ਕਾਰਜਾਂ ’ਚ ਲੱਗੇ ਹੋਏ ਹਨ। ਸਥਾਨਕ ਲੋਕਾਂ ਮੁਤਾਬਕ ਕਈ ਦਿਨਾਂ ਦੇ ਮੀਂਹ ਨਾਲ ਬੇਸਮੈਂਟ ’ਚ ਪਾਣੀ ਭਰਨ ਕਾਰਨ ਨੀਂਹ ਕਮਜ਼ੋਰ ਹੋਈ ਤੇ ਇਮਾਰਤ ਡਿੱਗ ਗਈ। ਇਮਾਰਤ ’ਚ 15 ਕਮਰਿਆਂ ’ਚ 2-3 ਵਿਦਿਆਰਥੀ ਪ੍ਰਤੀ ਕਮਰਾ ਰਹਿੰਦੇ ਸਨ, ਜਿਨ੍ਹਾਂ ’ਚ ਜ਼ਿਆਦਾਤਰ ਕੇਰਲ, ਹਰਿਆਣਾ ਤੇ ਯੂ.ਪੀ. ਦੇ ਸਨ। ਹਾਦਸੇ ਵੇਲੇ ਕੁਝ ਵਿਦਿਆਰਥੀ ਕਮਰਿਆਂ ’ਚ ਸਨ। ਨਿਵਾਸੀਆਂ ਨੇ ਹੋਰ ਇਮਾਰਤਾਂ ਦੀ ਸੁਰੱਖਿਆ ’ਤੇ ਵੀ ਚਿੰਤਾ ਜਤਾਈ। ਉਨ੍ਹਾਂ ਦੱਸਿਆ ਕਿ ਐਮ.ਸੀ.ਡੀ. ਨੇ ਨਾਲ ਲੱਗਦੀ ਮਹਿਲਾ ਪੀ.ਜੀ. ਵਾਲੀ ਇਮਾਰਤ ਖਾਲੀ ਕਰਵਾ ਕੇ ਸੀਲ ਕਰ ਦਿੱਤੀ।