ਸ੍ਰੀਹਰੀਕੋਟਾ, 4 ਸਤੰਬਰ (ਏਜੰਸੀ)-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਸਵੇਰੇ ਇਕ ਹੋਰ ਵੱਡੀ ਕਾਮਯਾਬੀ ਹਾਸਲ ਕਰਦਿਆਂ ਈ.ਓ.ਐਸ.-05 ਧਰਤੀ ਨਿਰੀਖਣ ਉੱਪਗ੍ਰਹਿ ਨੂੰ ਸਫਲਤਾਪੂਰਵਕ ਪੁਲਾੜ ’ਚ ਭੇਜਿਆ ਹੈ। ਇਸ ਉੱਪਗ੍ਰਹਿ ਨੂੰ ਜੀ.ਐਸ.ਐਲ.ਵੀ. ਰਾਕੇਟ ਰਾਹੀਂ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਵੇਰੇ 2.55 ਵਜੇ ਲਾਂਚ ਕੀਤਾ ਗਿਆ। ਇਸਰੋ ਮੁਤਾਬਕ ਉੱਪਗ੍ਰਹਿ ਨੂੰ ਨਿਰਧਾਰਤ ਪੰਧ ’ਚ ਸਫਲਤਾਪੂਰਵਕ ਸਥਾਪਿਤ ਕਰ ਦਿੱਤਾ ਗਿਆ ਹੈ। EOS-05 ਭਾਰਤ ਦਾ ਪਹਿਲਾ ਸਮਰਪਿਤ ਇਮੇਜਿੰਗ ਸੈਟੇਲਾਈਟ ਹੈ, ਜੋ ਜੀਓਸਿੰਕ੍ਰੋਨਸ ਆਰਬਿਟ ਤੋਂ ਧਰਤੀ ਦੀਆਂ ਤਸਵੀਰਾਂ ਤੇ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰੇਗਾ। ਇਹ ਲਗਭਗ 36,000 ਕਿਲੋਮੀਟਰ ਦੀ ਉਚਾਈ ਤੋਂ ਲਗਾਤਾਰ ਧਰਤੀ ਦੇ ਇਕ ਨਿਰਧਾਰਤ ਖੇਤਰ ਦੀ ਨਿਗਰਾਨੀ ਕਰਨ ਦੀ ਸਮਰੱਥਾ ਰੱਖਦਾ ਹੈ।
ਈ.ਓ.ਐਸ.-05 ਭਾਰਤ ਤੇ ਇਸ ਦੇ ਆਲੇ-ਦੁਆਲੇ ਦੇ ਵੱਡੇ ਖੇਤਰਾਂ ਦੀਆਂ ਲਗਾਤਾਰ ਤਸਵੀਰਾਂ ਭੇਜ ਸਕੇਗਾ। ਇਸ ਨਾਲ ਪਾਕਿਸਤਾਨ-ਚੀਨ ਸਰਹੱਦ ਸਮੇਤ ਸੰਵੇਦਨਸ਼ੀਲ ਤੇ ਰਣਨੀਤਕ ਖੇਤਰਾਂ ‘ਤੇ ਨਜ਼ਰ ਰੱਖਣ ’ਚ ਮਦਦ ਮਿਲੇਗੀ। ਇਸ ਉੱਪਗ੍ਰਹਿ ਦੀ ਵਰਤੋਂ ਹੜ੍ਹਾਂ, ਚੱਕਰਵਾਤਾਂ ਤੇ ਹੋਰ ਕੁਦਰਤੀ ਆਫ਼ਤਾਂ ਦੀ ਨਿਗਰਾਨੀ ਲਈ ਵੀ ਕੀਤੀ ਜਾਵੇਗੀ। ਇਸ ਨਾਲ ਆਫ਼ਤ ਦੀ ਸਥਿਤੀ ਦਾ ਜਲਦੀ ਪਤਾ ਲਗਾਉਣ ਤੇ ਸਮੇਂ ਸਿਰ ਚਿਤਾਵਨੀ ਜਾਰੀ ਕਰਨ ’ਚ ਮਦਦ ਮਿਲੇਗੀ। ਇਸਰੋ ਦੇ ਮੁਖੀ ਡਾ. ਵੀ. ਨਾਰਾਇਣਨ ਨੇ ਕਿਹਾ ਕਿ ਜੀ.ਐਸ.ਐਲ.ਵੀ. ਐਫ-17 ਨੇ ਈ.ਓ.ਐਸ-05 ਨੂੰ ਬਿਲਕੁਲ ਸਹੀ ਢੰਗ ਨਾਲ ਨਿਰਧਾਰਤ ਪੰਧ ’ਚ ਪਹੁੰਚਾਇਆ ਹੈ। ਉਨ੍ਹਾਂ ਮੁਤਾਬਿਕ ਇਹ ਮਿਸ਼ਨ ਭਾਰਤ ਲਈ ਮਹੱਤਵਪੂਰਨ ਰਣਨੀਤਕ ਜਾਣਕਾਰੀ ਤੇ ਧਰਤੀ ਨਿਰੀਖਣ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗਾ।
ਇਸਰੋ ਦੇ ਮੁਖੀ ਵੀ. ਨਾਰਾਇਣਨ ਨੇ ਦੱਸਿਆ ਕਿ ਸੰਗਠਨ ਦਾ ਇਸ ਸਾਲ ਛੇ ਹੋਰ ਮਿਸ਼ਨ ਲਾਂਚ ਕਰਨ ਦਾ ਟੀਚਾ ਹੈ। ਲਗਭਗ ਅੱਠ ਮਹੀਨਿਆਂ ਬਾਅਦ ਇਸਰੋ ਦੀ ਇਹ ਪਹਿਲੀ ਲਾਂਚਿੰਗ ਹੈ। ਇਸ ਤੋਂ ਪਹਿਲਾਂ ਜਨਵਰੀ 2026 ਅਤੇ ਮਾਰਚ 2025 ਵਿੱਚ ਇਸ ਦੇ ਦੋ ਮਿਸ਼ਨ ਸਫਲ ਨਹੀਂ ਹੋ ਸਕੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸਰੋ ਦੀ ਇਸ ਕਾਮਯਾਬੀ ਨੂੰ ਦੇਸ਼ ਲਈ ਮਾਣ ਵਾਲਾ ਪਲ ਦੱਸਦਿਆਂ ਵਿਗਿਆਨੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਭਾਰਤ ਦੇ ਪੁਲਾੜ ਖੇਤਰ ’ਚ ਤਕਨੀਕੀ ਸਮਰੱਥਾ, ਨਵੀਨਤਾ ਤੇ ਇਸਰੋ ਤੇ ਭਾਰਤੀ ਉਦਯੋਗ ਵਿਚਾਲੇ ਵਧ ਰਹੇ ਸਹਿਯੋਗ ਨੂੰ ਦਰਸਾਉਂਦੀ ਹੈ। ਇਹ ਮਿਸ਼ਨ ਇਸਰੋ ਲਈ 2026 ਦੀ ਪਹਿਲੀ ਸਫਲ ਲਾਂਚਿੰਗ ਵੀ ਹੈ ਤੇ ਪੁਲਾੜ ਪ੍ਰੋਗਰਾਮ ਲਈ ਇਕ ਮਹੱਤਵਪੂਰਨ ਮੀਲ ਪੱਥਰ ਮੰਨਿਆ ਜਾ ਰਿਹਾ ਹੈ।