ਸੰਗਰੂਰ, 4 ਸਤੰਬਰ (ਫੁੱਲ, ਬਿੱਟਾ)-ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪਿੰਡ ਸ਼ੇਰੋਂ ਦੀ ਘਟਨਾ ਦੀ ਪੜਤਾਲ ਦੀ ਜ਼ਿੰਮੇਵਾਰੀ ਐਸ.ਪੀ. (ਐੱਚ) ਸੁਖਅੰਮ੍ਰਿਤ ਸਿੰਘ ਰੰਧਾਵਾ ਨੂੰ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨੀਂ ਲੋਕ ਮਿਲਣੀ ਸਮਾਗਮ ਤਹਿਤ ਪਿੰਡ ਸ਼ੇਰੋਂ ਆਏ ਸਨ। ਸਮਾਗਮ ਦੌਰਾਨ ਉਥੋਂ ਦੋ ਢਾਈ ਸੌ ਮੀਟਰ ਦੀ ਦੂਰੀ ’ਤੇ ਇਕ ਮਕਾਨ ਦੀ ਛੱਤ ਉੱਪਰ ਮੋਹਨਜੀਤ ਸਿੰਘ ਨੇ ਕਾਲਾ ਕੱਪੜਾ ਲਹਿਰਾ ਕੇ ਕੁਝ ਬੋਲਣਾ ਸ਼ੁਰੂ ਕਰ ਦਿੱਤਾ, ਜਿਸ ’ਤੇ ਪੁਲਿਸ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ। ਡੀ.ਐਸ.ਪੀ. ਸੁਨਾਮ ਵਲੋਂ ਉਸ ਨੂੰ ਚੀਮਾ ਥਾਣੇ ਭੇਜ ਦਿੱਤਾ ਗਿਆ। ਸਵੇਰੇ 10 ਵਜੇ ਉਸ ਦਾ ਮੈਡੀਕਲ ਕਰਵਾਇਆ ਗਿਆ। ਮੈਡੀਕਲ ਰਿਪੋਰਟ ਅਨੁਸਾਰ ਉਸ ਦੇ ਕੋਈ ਸੱਟ ਜਾਂ ਜ਼ਖਮ ਨਹੀਂ ਸੀ। ਬਾਅਦ ਵਿਚ ਉਸ ਦਾ ਡੋਪ ਟੈੱਸਟ ਕਰਵਾਇਆ ਗਿਆ ਜੋ ਪਾਜ਼ੀਟਿਵ ਆਇਆ।
ਪਰਿਵਾਰ ਦੇ ਕਹਿਣ ’ਤੇ ਉਸ ਦਾ ਡੋਪ ਟੈੱਸਟ ਦੁਬਾਰਾ ਕਰਵਾਇਆ ਗਿਆ ਅਤੇ ਉਹ ਵੀ ਪਾਜ਼ੀਟਿਵ ਪਾਇਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੋਹਨਜੀਤ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ 8 ਕੇਸ ਪਾਏ ਗਏ ਹਨ ਪਰ ਨਾਲ ਹੀ ਉਨ੍ਹਾਂ ਮੰਨਿਆ ਕਿ ਉਸ ਵਿਰੁੱਧ 2020 ਤੋਂ ਬਾਅਦ ਕੋਈ ਕੇਸ ਦਰਜ ਨਹੀਂ। ਡਾ. ਗਰੇਵਾਲ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਕਿਹਾ ਹੈ ਕਿ ਮੋਹਨਜੀਤ ਸਿੰਘ ਨਸ਼ਾ ਵਗੈਰਾ ਨਹੀਂ ਕਰਦਾ, ਹੋ ਸਕਦਾ ਹੈ ਕਿ ਉਸ ਨੇ ਕੋਈ ਦਵਾਈ ਲਈ ਹੋਵੇ। ਪੰਚਾਇਤ ਦੀ ਜਿੰਮੇਵਾਰੀ ’ਤੇ ਉਸ ਨੂੰ ਐਸ.ਡੀ.ਐਮ. ਸੁਨਾਮ ਦੇ ਪੇਸ਼ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਹੋ ਗਿਆ। ਸੰਗਰੂਰ ਦੇ ਸਿਵਲ ਹਸਪਤਾਲ ਵਿਚ ਉਸ ਦੇ ਹੋਏ ਮੈਡੀਕਲ ਵਿਚ 10 ਜ਼ਖਮ ਪਾਏ ਗਏ ਹਨ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਜ਼ਖਮ 2 ਤੋਂ 6 ਘੰਟੇ ਪੁਰਾਣੇ ਹਨ।
ਅੱਜ ਡੀ.ਐਸ.ਪੀ. ਸੰਗਰੂਰ ਦਲਬੀਰ ਸਿੰਘ ਸਿੱਧੂ ਦੀ ਦੇਖ ਰੇਖ ਹੇਠ ਮੋਹਨਜੀਤ ਸਿੰਘ ਦੇ ਬਿਆਨ ਦਰਜ ਕੀਤੇ ਗਏ ਹਨ। ਇਨ੍ਹਾਂ ਸਾਰੀਆਂ ਗੱਲਾਂ ਦੀ ਪੜਤਾਲ ਪਿੱਛੋਂ ਕੋਈ ਪੁਲਿਸ ਅਧਿਕਾਰੀ ਕਸੂਰਵਾਰ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਮੋਹਨਜੀਤ ਸਿੰਘ ਦੇ ਕੇਸਾਂ ਦੀ ਬੇਅਦਬੀ ਤੇ ਉਸ ’ਤੇ ਤਸ਼ੱਦਦ ਕਰਨ ਅਤੇ ਕਰੰਟ ਲਗਾਉਣ ਦੇ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ ਦੀ ਪੜਤਾਲ ਹੋਵੇਗੀ। ਇਸ ਮੌਕੇ ਐਸ.ਪੀ. (ਐੱਚ) ਸੁਖਅੰਮ੍ਰਿਤ ਸਿੰਘ ਰੰਧਾਵਾ ਅਤੇ ਡੀ.ਐਸ.ਪੀ. ਦਲਬੀਰ ਸਿੰਘ ਸਿੱਧੂ ਵੀ ਮੌਜੂਦ ਸਨ।