ਸੈਕਰਾਮੈਂਟੋ, 24 ਨਵੰਬਰ (ਹੁਸਨ ਲੜੋਆ ਬੰਗਾ)-ਕਰਨਾਟਕ ਸੰਗੀਤ ਦੇ ਪ੍ਰਸਿੱਧ ਵਾਇਲਨ ਵਾਦਕ ਐੱਚ. ਐੱਨ. ਭਾਸਕਰ ਵਿਰੁੱਧ ਇਕ ਨਾਬਾਲਗ ਨਾਲ ਸੰਬੰਧਿਤ ਜਿਨਸੀ ਅਪਰਾਧਾਂ ਦੇ ਦੋਸ਼ ਲੱਗਣ ਕਾਰਨ ਭਾਰਤੀ ਸ਼ਾਸਤਰੀ ਸੰਗੀਤ ਜਗਤ ’ਚ ਹਲਚਲ ਮਚ ਗਈ ਹੈ। ਕੈਲੀਫੋਰਨੀਆ ’ਚ ਉਨ੍ਹਾਂ ਵਿਰੁੱਧ ਚਾਰ ਗੰਭੀਰ ਅਪਰਾਧਿਕ ਦੋਸ਼ ਦਰਜ ਕੀਤੇ ਜਾਣ ਤੋਂ ਬਾਅਦ ਸਾਥੀ ਸੰਗੀਤਕਾਰਾਂ ਨੇ ਗੁੱਸੇ ਤੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਹੈ।
ਸੈਨ ਡਿਏਗੋ ਸੁਪੀਰੀਅਰ ਕੋਰਟ ਦੇ ਰਿਕਾਰਡ ਅਨੁਸਾਰ, 50 ਸਾਲਾ ਭਾਸਕਰ ਵਿਰੁੱਧ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਦਰਜ ਕੀਤੇ ਗਏ ਹਨ। ਇਹ ਕਥਿਤ ਅਪਰਾਧ 4 ਸਤੰਬਰ ਤੋਂ 26 ਸਤੰਬਰ 2026 ਦਰਮਿਆਨ ਵਾਪਰੇ ਦੱਸੇ ਜਾਂਦੇ ਹਨ। 6 ਨਵੰਬਰ ਨੂੰ ਉਨ੍ਹਾਂ ਵਿਰੁੱਧ ਅਪਰਾਧਿਕ ਸ਼ਿਕਾਇਤ ਦਰਜ ਕੀਤੀ ਗਈ ਸੀ ਤੇ ਉਸੇ ਦਿਨ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਸੀ।
ਭਾਸਕਰ ਇਸ ਸਮੇਂ ਬੋਸਟਨ ਦੀ ਇਕ ਜੇਲ੍ਹ ਵਿਚ ਬੰਦ ਹਨ। ਅਦਾਲਤ ’ਚ ਉਨ੍ਹਾਂ ਦੀ ਪੇਸ਼ੀ ਦੀ ਤਰੀਕ ਅਜੇ ਨਿਰਧਾਰਤ ਨਹੀਂ ਕੀਤੀ ਗਈ ਹੈ।