ਚੰਡੀਗੜ੍ਹ, 13 ਨਵੰਬਰ (ਸੰਦੀਪ ਕੁਮਾਰ ਮਾਹਨਾ) - ਸੜਕਾਂ 'ਤੇ ਆਵਾਜਾਈ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ ਨੇ ਸ਼ੁੱਕਰਵਾਰ ਨੂੰ ਇਕ ਹੋਰ ਜਾਨ ਲੈ ਲਈ। ਐਸ.ਏ.ਐਸ. ਨਗਰ (ਮੁਹਾਲੀ) ਦੇ ਇੰਡਸਟਰੀਅਲ ਏਰੀਆ ਵਿਚ ਗਲਤ ਦਿਸ਼ਾ ਤੋਂ ਆ ਰਹੇ ਇਕ ਟਰੱਕ ਨਾਲ ਰਾਤ ਕਰੀਬ 8.30 ਵਜੇ ਵਾਪਰੇ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਵਿਚ ਪੁਲਿਸ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿਚ ਹੈ, ਕਿਉਂਕਿ ਟਰੱਕ ਚਾਲਕ ਅਤੇ ਇਕ ਰਾਹਗੀਰ ਵਲੋਂ ਐਮਰਜੈਂਸੀ ਨੰਬਰ 112 'ਤੇ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਕਰੀਬ ਅੱਧਾ ਘੰਟਾ ਦੇਰੀ ਨਾਲ ਮੌਕੇ 'ਤੇ ਪਹੁੰਚੀ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਰਾਤ ਉਸ ਸਮੇਂ ਵਾਪਰਿਆ ਜਦੋਂ ਮੋਟਰਸਾਈਕਲ ਸਵਾਰ ਆਪਣੇ ਰਾਹ ਜਾ ਰਿਹਾ ਸੀ। ਇਸੇ ਦੌਰਾਨ ਗਲਤ ਦਿਸ਼ਾ ਤੋਂ ਆ ਰਹੇ ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ ਅਤੇ ਟਰੱਕ ਹੇਠਾਂ ਆਉਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੌਕੇ 'ਤੇ ਲੋਕ ਇਕੱਠੇ ਹੋ ਗਏ।
ਘਟਨਾ ਦੇ ਚਸ਼ਮਦੀਦ ਰਾਹਗੀਰ ਰਾਘਵ ਸੱਚਦੇਵਾ ਨੇ ਦੱਸਿਆ ਕਿ ਹਾਦਸਾ ਵਾਪਰਨ ਤੋਂ ਤੁਰੰਤ ਬਾਅਦ ਰਾਤ ਕਰੀਬ 8.35 ਵਜੇ ਉਸ ਨੇ ਅਤੇ ਖੁੱਦ ਟਰੱਕ ਚਾਲਕ ਨੇ ਪੁਲਿਸ ਦੇ ਐਮਰਜੈਂਸੀ ਨੰਬਰ 112 'ਤੇ ਫ਼ੋਨ ਕਰਕੇ ਸੂਚਨਾ ਦਿੱਤੀ। ਇਸ ਦੇ ਬਾਵਜੂਦ ਕਰੀਬ ਅੱਧਾ ਤੋਂ ਪੌਣਾ ਘੰਟਾ ਬੀਤ ਜਾਣ ਤੱਕ ਪੁਲਿਸ ਮੌਕੇ 'ਤੇ ਨਹੀਂ ਪਹੁੰਚੀ। ਉਨ੍ਹਾਂ ਅਨੁਸਾਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਘਟਨਾ ਸਥਾਨ ਤੋਂ ਪੁਲਿਸ ਚੌਕੀ ਇੰਡਸਟਰੀਅਲ ਏਰੀਆ-8ਬੀ ਦੀ ਦੂਰੀ ਮਹਿਜ਼ ਕੁਝ ਮਿੰਟਾਂ ਦੀ ਹੈ, ਫਿਰ ਵੀ ਪੁਲਿਸ ਨੂੰ ਪਹੁੰਚਣ ਵਿਚ ਇੰਨਾ ਸਮਾਂ ਲੱਗ ਗਿਆ। ਹਾਦਸੇ ਵਿਚ ਮਾਰੇ ਗਏ ਮੋਟਰਸਾਈਕਲ ਸਵਾਰ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਪੁਲਿਸ ਵਲੋਂ ਉਸ ਦੀ ਪਛਾਣ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਪੁਲਿਸ ਦੀ ਕਾਰਜਪ੍ਰਣਾਲੀ 'ਤੇ ਉੱਠੇ ਸਵਾਲ
ਪੁਲਿਸ ਚੌਕੀ ਇੰਡਸਟਰੀਅਲ ਏਰੀਆ-8ਬੀ ਵਿਖੇ ਤਾਇਨਾਤ ਏ.ਐੱਸ.ਆਈ. ਤਰਸੇਮ ਸਿੰਘ ਕਰੀਬ ਅੱਧਾ ਘੰਟਾ ਬਾਅਦ ਮੌਕੇ 'ਤੇ ਪਹੁੰਚੇ। ਇਸ ਘਟਨਾ ਨੇ ਐਮਰਜੈਂਸੀ ਸੂਚਨਾ ਪ੍ਰਣਾਲੀ ਅਤੇ ਪੁਲਿਸ ਦੀ ਤੁਰੰਤ ਕਾਰਵਾਈ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਦੋਂ ਹਾਦਸੇ ਵਿਚ ਇਕ ਵਿਅਕਤੀ ਦੀ ਜਾਨ ਚਲੀ ਗਈ ਹੋਵੇ ਅਤੇ ਮੌਕੇ 'ਤੇ ਤੁਰੰਤ ਪੁਲਿਸ ਤੇ ਹੋਰ ਐਮਰਜੈਂਸੀ ਸਹਾਇਤਾ ਦੀ ਲੋੜ ਹੋਵੇ ਤਾਂ ਅਜਿਹੇ ਸਮੇਂ ਵਿਚ ਪੁਲਿਸ ਦੀ ਸਮੇਂ ਸਿਰ ਪਹੁੰਚ ਬੇਹੱਦ ਅਹਿਮ ਹੁੰਦੀ ਹੈ।
ਰਾਹਗੀਰ ਰਾਘਵ ਸਚਦੇਵਾ ਦਾ ਕਹਿਣਾ ਸੀ ਕਿ ਸੜਕ ਹਾਦਸਿਆਂ ਤੋਂ ਬਾਅਦ ਸ਼ੁਰੂਆਤੀ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ। ਅਜਿਹੇ ਮੌਕਿਆਂ 'ਤੇ ਪੁਲਿਸ ਦੀ ਤੁਰੰਤ ਮੌਜੂਦਗੀ ਨਾ ਸਿਰਫ਼ ਹਾਦਸੇ ਵਾਲੀ ਥਾਂ 'ਤੇ ਸਥਿਤੀ ਨੂੰ ਸੰਭਾਲਣ ਲਈ ਜ਼ਰੂਰੀ ਹੈ, ਸਗੋਂ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਸਬੂਤਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਅਹਿਮ ਹੈ। ਇਸ ਲਈ ਪੁਲਿਸ ਦੇ ਦੇਰੀ ਨਾਲ ਪਹੁੰਚਣ ਦੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ।
ਟਰੱਕ ਚਾਲਕ ਮੁਹਾਲੀ ਤੋਂ ਗੱਡੀ ਖਾਲੀ ਕਰਕੇ ਬੱਦੀ ਜਾ ਰਿਹਾ ਸੀ
ਹਾਦਸੇ ਵਿਚ ਸ਼ਾਮਿਲ ਟਰੱਕ ਐੱਚ.ਪੀ.-12ਪੀ-4351 ਜਿਸ ਨੂੰ ਮੁਹੰਮਦ ਸ਼ਰੀਫ਼ ਪੁੱਤਰ ਸੁਆਰਿਆ, ਵਾਸੀ ਚੰਬਾ (ਹਿਮਾਚਲ ਪ੍ਰਦੇਸ਼) ਚਲਾ ਰਿਹਾ ਸੀ, ਨੇ ਦੱਸਿਆ ਕਿ ਉਹ ਮੁਹਾਲੀ ਦੇ ਤੇਪਲਾ ਤੋਂ ਗੱਡੀ ਖਾਲੀ ਕਰਕੇ ਬੱਦੀ (ਹਿਮਾਚਲ ਪ੍ਰਦੇਸ਼) ਜਾ ਰਿਹਾ ਸੀ।
ਗਲਤ ਦਿਸ਼ਾ ਵਿਚ ਵਾਹਨ ਚਲਾਉਣਾ ਬਣ ਰਿਹਾ ਹੈ ਵੱਡਾ ਖ਼ਤਰਾ
ਸ਼ਹਿਰ ਦੀਆਂ ਸੜਕਾਂ 'ਤੇ ਗਲਤ ਦਿਸ਼ਾ ਵਿਚ ਵਾਹਨ ਚਲਾਉਣ ਦੀ ਸਮੱਸਿਆ ਲਗਾਤਾਰ ਗੰਭੀਰ ਰੂਪ ਧਾਰਨ ਕਰ ਰਹੀ ਹੈ। ਖ਼ਾਸ ਕਰਕੇ ਭਾਰੀ ਵਾਹਨਾਂ ਵਲੋਂ ਆਵਾਜਾਈ ਨਿਯਮਾਂ ਦੀ ਉਲੰਘਣਾ ਹੋਣ ਨਾਲ ਦੂਜੇ ਵਾਹਨ ਚਾਲਕਾਂ ਦੀ ਜਾਨ ਖ਼ਤਰੇ ਵਿਚ ਪੈ ਜਾਂਦੀ ਹੈ। ਇਸ ਹਾਦਸੇ ਨੇ ਇਕ ਵਾਰ ਫਿਰ ਸੜਕ ਸੁਰੱਖਿਆ ਪ੍ਰਬੰਧਾਂ ਅਤੇ ਆਵਾਜਾਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੀ ਲੋੜ ਨੂੰ ਉਜਾਗਰ ਕੀਤਾ ਹੈ। ਸਵਾਲ ਇਹ ਵੀ ਹੈ ਕਿ ਗਲਤ ਦਿਸ਼ਾ ਵਿਚ ਆ ਰਹੇ ਭਾਰੀ ਵਾਹਨਾਂ ਨੂੰ ਰੋਕਣ ਲਈ ਕੀਤੇ ਗਏ ਪ੍ਰਬੰਧ ਕਿੰਨੇ ਕਾਰਗਰ ਹਨ ਅਤੇ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੂੰ ਮੌਕੇ 'ਤੇ ਪਹੁੰਚਣ ਵਿਚ ਅੱਧਾ ਘੰਟਾ ਕਿਉਂ ਲੱਗਿਆ?