ਚੋਗਾਵਾਂ/ਅੰਮ੍ਰਿਤਸਰ, 13 ਨਵੰਬਰ (ਗੁਰਵਿੰਦਰ ਸਿੰਘ ਕਲਸੀ)- ਜ਼ਿਲ੍ਹੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਜਸ਼ੈਲੀ ਦਾ ਜਾਇਜ਼ਾ ਲੈਣ ਲਈ ਐਸ.ਐਸ.ਪੀ. ਦਿਹਾਤੀ ਕਵਲਪ੍ਰੀਤ ਸਿੰਘ ਚਾਹਲ ਵਲੋਂ ਅੱਜ ਥਾਣਾ ਲੋਪੋਕੇ ਦਾ ਦੌਰਾ ਕੀਤਾ ਗਿਆ। ਇਸ ਅਚਨਚੇਤ ਚੈਕਿੰਗ ਦੌਰਾਨ ਉਨ੍ਹਾਂ ਥਾਣੇ ਦੇ ਰਿਕਾਰਡ, ਹਵਾਲਾਤ, ਮਾਲਖਾਨੇ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ।
ਨਿਰੀਖਣ ਉਪਰੰਤ ਐਸ.ਐਸ.ਪੀ. ਨੇ ਇਲਾਕੇ ਵਿਚ ਅਪਰਾਧਿਕ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਥਾਣਾ ਲੋਪੋਕੇ ਦੀ ਪੁਲਿਸ ਵਲੋਂ ਨਿਭਾਈ ਜਾ ਰਹੀ ਤਨਦੇਹੀ ਵਾਲੀ ਡਿਊਟੀ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਸਮੂਹ ਪੁਲਿਸ ਮੁਲਾਜ਼ਮਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਆਪਣੀ ਡਿਊਟੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣ ਵਾਲੇ ਮੁਲਾਜ਼ਮ ਵਿਭਾਗ ਦਾ ਮਾਣ ਹਨ।
ਇਸ ਮੌਕੇ ਉਨ੍ਹਾਂ ਤਫ਼ਤੀਸ਼ੀ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਥਾਣੇ ਵਿਚ ਪੈਂਡਿੰਗ ਪਏ ਕੇਸਾਂ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਬਿਨਾਂ ਕਿਸੇ ਦੇਰੀ ਅਤੇ ਪੱਖਪਾਤ ਤੋਂ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਥਾਣੇ ਆਉਣ ਵਾਲੇ ਹਰ ਨਾਗਰਿਕ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇ। ਸਰਹੱਦੀ ਇਲਾਕਾ ਹੋਣ ਕਾਰਨ ਉਨ੍ਹਾਂ ਰਾਤ ਦੀ ਗਸ਼ਤ ਹੋਰ ਤੇਜ਼ ਕਰਨ ਦੇ ਵੀ ਨਿਰਦੇਸ਼ ਦਿੱਤੇ।
ਇਸ ਉਪਰੰਤ ਉਹ ਰਾਮ ਤੀਰਥ ਚੌਂਕੀ ਦੀ ਚੈਕਿੰਗ ਕਰਨ ਲਈ ਚਲੇ ਗਏ। ਇਸ ਮੌਕੇ ਐਸ.ਐਚ. ਓ ਜਸਦੀਪ ਸਿੰਘ ਲੋਪੋਕੇ, ਐਮ. ਐਚ. ਸੀ. ਸ਼ੈਲਿੰਦਰ ਪਾਲ ਸਿੰਘ, ਸਹਾਇਕ ਮੁਨਸ਼ੀ ਕਰਨਬੀਰ ਸਿੰਘ, ਏ.ਐਸ.ਆਈ. ਗੁਰਜੀਤ ਸਿੰਘ, ਸ਼ਰਨਬੀਰ ਸਿੰਘ ਗੰਨਮੈਨ ਗੁਰਸ਼ਰਨਬੀਰ ਸਿੰਘ, ਸੰਤਰੀ ਅਮਰ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।