ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)- ਕੇਂਦਰੀ ਜੇਲ੍ਹ ਹੁਸ਼ਿਆਰਪੁਰ 'ਚ ਬੀਤੀ ਰਾਤ ਕੈਦੀਆਂ ਦੀ ਕੌਂਸਲਿੰਗ ਕਰਨ ਜਾਣ ਵਾਲੀ ਡਾਕਟਰਾਂ ਦੀ ਟੀਮ 'ਚ ਸ਼ਾਮਿਲ ਇਕ ਕੌਂਸਲਰ ਨੂੰ ਸੀ.ਆਈ.ਏ. ਸਟਾਫ਼ ਅਤੇ ਥਾਣਾ ਸਿਟੀ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕੈਦੀਆਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਜੇਲ੍ਹ ਪ੍ਰਸ਼ਾਸਨ ਵਲੋਂ ਦਿਨ ਅਤੇ ਰਾਤ ਦੀ ਡਿਊਟੀ ਲਈ ਦੋ ਡਾਕਟਰ ਨਿਯੁਕਤ ਕੀਤੇ ਗਏ ਹਨ।
ਰਾਤ ਦੀ ਡਿਊਟੀ ਸਮੇਂ ਕੈਦੀਆਂ ਦੀ ਕੌਂਸਲਿੰਗ ਲਈ ਜਾਣ ਵਾਲੇ ਡਾਕਟਰ ਦੇ ਨਾਲ ਇਕ ਕੌਂਸਲਰ ਦੀ ਜਦੋਂ ਕੇਂਦਰੀ ਜੇਲ੍ਹ 'ਚ ਦਾਖ਼ਲ ਹੋਣ ਸਬੰਧੀ ਜੇਲ੍ਹ ਦੀ ਜਾਂਚ ਟੀਮ ਨੇ ਤਲਾਸ਼ੀ ਲਈ ਤਾਂ ਉਸ ਦੀ ਜੇਬ 'ਚੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ। ਜ਼ਿਕਰਯੋਗ ਹੈ ਕਿ ਸੀ.ਆਈ.ਏ. ਸਟਾਫ਼ ਅਤੇ ਥਾਣਾ ਸਿਟੀ ਪੁਲਿਸ ਨੂੰ ਪਹਿਲਾਂ ਤੋਂ ਹੀ ਇਸ ਸਬੰਧੀ ਖ਼ੁਫ਼ੀਆ ਜਾਣਕਾਰੀ ਮਿਲੀ ਸੀ ਕਿ ਕੌਂਸਲਰ ਜੇਲ੍ਹ ਅੰਦਰ ਨਸ਼ਾ ਸਪਲਾਈ ਕਰਦਾ ਹੈ।