ਅੰਮ੍ਰਿਤਸਰ, 11 ਨਵੰਬਰ (ਜਸਵੰਤ ਸਿੰਘ ਜੱਸ) - ਯੂ.ਐੱਸ.ਏ. ਅੰਦਰ ਅਣ-ਅਧਿਕਾਰਤ ਰੂਪ ਵਿਚ ਪ੍ਰੈੱਸ ਸਥਾਪਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਕਰਨ ਅਤੇ ਸਰੂਪ ਸੰਗਤ ਨੂੰ ਵੰਡਣ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਿਊਯਾਰਕ, ਯੂ.ਐੱਸ.ਏ. ਨਿਵਾਸ ਜਤਿੰਦਰ ਸਿੰਘ ਸਚਦੇਵਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਕਰਦਿਆਂ ਇਹ ਕਾਰਵਾਈ ਕਰਨ ਲਈ 10 ਦਸਬੰਰ ਤੱਕ ਨਿੱਜੀ ਰੂਪ ਵਿੱਚ ਪੇਸ਼ ਹੋਣ ਦਾ ਆਦੇਸ਼ ਕੀਤਾ ਹੈ।
ਇਹ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਵਿਦੇਸ਼ ਦੀ ਸੰਗਤ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਲੋਂ ਜਾਰੀ ਸੂਚਨਾ ਅਨੁਸਾਰ ਜਾਣਕਾਰੀ ਪੁੱਜੀ ਹੈ ਕਿ ਜਤਿੰਦਰ ਸਿੰਘ ਸਚਦੇਵਾ ਵਲੋਂ ਘਰ ਘਰ ਅੰਦਰ ਧਰਮਸਾਲ ਸੰਸਥਾ ਦੇ ਨਾਮ ਹੇਠ ਅਣ ਅਧਿਕਾਰਤ ਤੌਰ ’ਤੇ ਪਾਵਨ ਸਰੂਪ ਛਾਪੇ ਅਤੇ ਸੰਗਤ ਨੂੰ ਵੰਡੇ ਜਾ ਰਹੇ ਹਨ।
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਅੱਜ ਇਸ ਸੰਬੰਧੀ ਜਾਰੀ ਹੋਏ ਆਦੇਸ਼ ਵਿਚ ਕਿਹਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਾ ਮਿਤੀ 09 ਮਈ 1998 ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਕਰਨ ਦਾ ਅਧਿਕਾਰ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਪਾਸ ਹੈ। ਜਤਿੰਦਰ ਸਿੰਘ ਨੂੰ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਮਨਮਰਜ਼ੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਕੀਤੀ ਜਾ ਰਹੀ ਹੈ, ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ਾਂ ਦੀ ਉਲੰਘਣਾ ਹੈ ਅਤੇ ਪੰਥ ਵਿਚ ਦੁਫੇੜ ਪਾਉਣ ਵਾਲੀ ਕਾਰਵਾਈ ਹੈ। ਇਸ ਦੇ ਮੱਦੇਨਜ਼ਰ ਜਥੇਦਾਰ ਵਲੋਂ ਹੋਏ ਆਦੇਸ਼ ਅਨੁਸਾਰ ਜਤਿੰਦਰ ਸਿੰਘ ਸਚਦੇਵਾ ਨੂੰ ਆਦੇਸ਼ ਕੀਤਾ ਗਿਆ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਤੁਰੰਤ ਬੰਦ ਕਰਨ, ਹੁਣ ਤੱਕ ਜਿੰਨੇ ਵੀ ਪਾਵਨ ਸਰੂਪਾਂ ਦੀ ਛਪਾਈ ਕੀਤੀ ਹੈ ਉਸ ਦਾ ਮੁਕੰਮਲ ਰਿਕਾਰਡ ਲੈ ਕੇ 10 ਦਸੰਬਰ ਤੱਕ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿਜੀ ਰੂਪ ਵਿਚ ਹਾਜ਼ਰ ਹੋਣ।
ਇਸ ਮਾਮਲੇ ਦੇ ਨਾਲ ਹੀ ਸੰਬੰਧਿਤ ਇਕ ਹੋਰ ਵੱਖਰੇ ਆਦੇਸ਼ ਵਿਚ ਯੂ.ਐੱਸ.ਏ. ਨਿਵਾਸੀ ਬਾਬਾ ਸੱਜਣ ਸਿੰਘ, ਗਿਆਨੀ ਭੁਪਿੰਦਰ ਸਿੰਘ, ਜਤਿੰਦਰ ਸਿੰਘ, ਹਰਬੰਸ ਸਿੰਘ, ਹਰਚਰਨ ਸਿੰਘ ਅਤੇ ਗੁਰਦੇਵ ਸਿੰਘ ਪਾਸੋਂ ਪੰਦਰਾਂ ਦਿਨਾਂ ਦੇ ਵਿਚ-ਵਿਚ ਉਨ੍ਹਾਂ ਦਾ ਲਿਖਤੀ ਸਪੱਸ਼ਟੀਕਰਨ ਮੰਗਿਆ ਗਿਆ ਹੈ। ਇਸ ਆਦੇਸ਼ ਵਿਚ ਕਿਹਾ ਗਿਆ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਸ਼ਿਕਾਇਤਾਂ ਪੁੱਜੀਆਂ ਹਨ ਕਿ ਇਨ੍ਹਾਂ ਵਲੋਂ ਜਤਿੰਦਰ ਸਿੰਘ ਸਚਦੇਵਾ ਨਾਮੀ ਵਿਅਕਤੀ ਕੋਲ ਜਾ ਕੇ ਉਸ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਹੋਏ ਆਦੇਸ਼ਾਂ ਦੀ ਉਲੰਘਣਾ ਕਰਦਿਆਂ ਅਣਅਧਿਕਾਰਤ ਤੌਰ ’ਤੇ ਛਾਪੇ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਸੰਬੰਧੀ ਆਪਣੇ ਆਪ ਅਥਾਰਟੀ ਬਣ ਕੇ ਉਸ ਦੀ ਸ਼ਲਾਘਾ ਕੀਤੀ ਗਈ ਹੈ, ਜਦਕਿ ਇਹ ਭਲੀਭਾਂਤ ਜਾਣਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਕਰਨ ਦਾ ਅਧਿਕਾਰ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਹੈ। ਇਸ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੋਏ ਆਦੇਸ਼ ਅਨੁਸਾਰ ਇਸ ਹੋਈ ਅਵੱਗਿਆ ਲਈ ਇਨ੍ਹਾਂ ਨੂੰ ਪੰਦਰਾਂ ਦਿਨਾਂ ਦੇ ਵਿਚ-ਵਿਚ ਆਪਣੇ ਲਿਖਤੀ ਸਪੱਸ਼ਟੀਕਰਨ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਲਈ ਕਿਹਾ ਗਿਆ ਹੈ।
ਤਾਜ਼ਾ ਖ਼ਬਰਾਂ
Free
ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਯੂ.ਐੱਸ.ਏ. ਅੰਦਰ ਪਾਵਨ ਸਰੂਪ ਛਾਪਣ ਤੇ ਵੰਡਣ ਦੇ ਮਾਮਲੇ ਚ ਜਤਿੰਦਰ ਸਿੰਘ ਸਚਦੇਵਾ ਤਲਬ
ਅੰਮ੍ਰਿਤਸਰ, 11 ਨਵੰਬਰ (ਜਸਵੰਤ ਸਿੰਘ ਜੱਸ) - ਯੂ.ਐੱਸ.ਏ. ਅੰਦਰ ਅਣ-ਅਧਿਕਾਰਤ ਰੂਪ ਵਿਚ ਪ੍ਰੈੱਸ ਸਥਾਪਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ...
ਅਜੀਤ ਡੈਸਕ
11-11-2026