ਨਵੀਂ ਦਿੱਲੀ, 10 ਨਵੰਬਰ (ਪੀ.ਟੀ.ਆਈ.)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੰਗਲਵਾਰ ਨੂੰ ਕਿਹਾ ਕਿ ਲੋਕਾਂ ’ਚ ਡਰ ਪੈਦਾ ਕਰਨ ਲਈ ਗਲਤ ਜਾਣਕਾਰੀ ਫੈਲਾਉਣਾ ਇੱਕ ਗੰਭੀਰ ਮੁੱਦਾ ਬਣ ਕੇ ਉੱਭਰ ਰਿਹਾ ਹੈ ਅਤੇ ‘ਸਮਾਰਟ ਪੁਲਿਸਿੰਗ’ ਅਜਿਹੀਆਂ ਸਥਿਤੀਆਂ ਨੂੰ ਬਹੁਤ ਜ਼ਿਆਦਾ ਚੁਣੌਤੀਪੂਰਨ ਬਣਨ ਤੋਂ ਰੋਕ ਸਕਦੀ ਹੈ। ਇੱਥੇ ਰਾਸ਼ਟਰਪਤੀ ਭਵਨ ਵਿਖੇ ਉਨ੍ਹਾਂ ਨਾਲ ਮੁਲਾਕਾਤ ਕਰਨ ਵਾਲੇ ਇੰਡੀਅਨ ਪੁਲਿਸ ਸਰਵਿਸ (2025 ਬੈਚ) ਦੇ ਸਿਖਿਆਰਥੀ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਕਿਹਾ ਕਿ ‘ਡੀਪ-ਫੇਕ’ ਸਮੱਗਰੀ ਨਵੇਂ ਖ਼ਤਰੇ ਪੈਦਾ ਕਰਦੀ ਹੈ।
ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੁਲਿਸ ਅਧਿਕਾਰੀਆਂ ਨੂੰ ਹਮੇਸ਼ਾ ਉਨ੍ਹਾਂ ਅਪਰਾਧੀਆਂ ਤੋਂ ਅੱਗੇ ਰਹਿਣਾ ਚਾਹੀਦਾ ਹੈ ਜੋ ਅਤਿ-ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹਨ।ਰਾਸ਼ਟਰਪਤੀ ਨੇ ਕਿਹਾ ਕਿ ਲੋਕਾਂ ਵਿਚ ਡਰ ਪੈਦਾ ਕਰਨ ਲਈ ਗਲਤ ਜਾਣਕਾਰੀ ਫੈਲਾਉਣਾ ਇੱਕ ਗੰਭੀਰ ਮੁੱਦਾ ਬਣ ਰਿਹਾ ਹੈ। ‘ਜਲਦੀ ਪ੍ਰਭਾਵਿਤ ਹੋਣ ਵਾਲੇ ਦਿਮਾਗ, ਖਾਸ ਕਰਕੇ ਨੌਜਵਾਨ, ਯੋਜਨਾਬੱਧ ਢੰਗ ਨਾਲ ਫੈਲਾਈ ਗਈ ਗਲਤ ਜਾਣਕਾਰੀ ਤੋਂ ਗੁੰਮਰਾਹ ਹੋ ਸਕਦੇ ਹਨ। ਇਸ ਤਰ੍ਹਾਂ ਦੀ ਸਾਜ਼ਿਸ਼ੀ ਸ਼ਰਾਰਤ ਸਥਾਨਕ, ਖੇਤਰੀ ਜਾਂ ਰਾਸ਼ਟਰੀ ਪੱਧਰ ‘ਤੇ ਵੀ ਹੋ ਸਕਦੀ ਹੈ।’
ਉਨ੍ਹਾਂ ਕਿਹਾ, ‘ਸਮਾਰਟ ਪੁਲਿਸਿੰਗ ਅਜਿਹੀਆਂ ਸਥਿਤੀਆਂ ਨੂੰ ਬਹੁਤ ਜ਼ਿਆਦਾ ਚੁਣੌਤੀਪੂਰਨ ਅਤੇ ਵੱਡਾ ਰੂਪ ਧਾਰਨ ਕਰਨ ਤੋਂ ਰੋਕ ਸਕਦੀ ਹੈ।’ਰਾਸ਼ਟਰਪਤੀ ਨੇ ਕਿਹਾ ਕਿ ਸਾਈਬਰ ਅਪਰਾਧ ਵਿਆਪਕ ਅਤੇ ਵਧੇਰੇ ਗੰਭੀਰ ਹੁੰਦੇ ਜਾ ਰਹੇ ਹਨ ਅਤੇ ਪੁਲਿਸ ਨੂੰ ਸਮਾਜ ’ਚ ਸਾਈਬਰ ਅਪਰਾਧਾਂ ਦੀ ਗੰਭੀਰਤਾ ਬਾਰੇ ਵਧੇਰੇ ਵਿਆਪਕ ਜਾਗਰੂਕਤਾ ਪੈਦਾ ਕਰਨੀ ਪਵੇਗੀ।ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਪ੍ਰਣਾਲੀ ਵਧੀਆ ਢੰਗ ਨਾਲ ਕੰਮ ਕਰਦੀ ਹੈ, ਤਾਂ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਸਨ ਪ੍ਰਣਾਲੀ ਚੰਗੀ ਹੈ।