07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਡਾ.ਓਬਰਾਏ ਦੇ ਯਤਨਾਂ ਸਦਕਾ ਲੁਧਿਆਣਾ ਦੇ ਨੌਜਵਾਨ ਦੀ ਮ੍ਰਿਤਕ ਦੇਹ ਦੁਬਈ ਤੋਂ ਪਹੁੰਚੀ ਰਾਜਾਸਾਂਸੀ ਹਵਾਈ ਅੱਡਾ

ਰਾਜਾਸਾਂਸੀ (ਅੰਮ੍ਰਿਤਸਰ), 7 ਨਵੰਬਰ (ਹਰਦੀਪ ਸਿੰਘ ਖੀਵਾ) - ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ...

ਅਜੀਤ ਡੈਸਕ 07-11-2026

ਰਾਜਾਸਾਂਸੀ (ਅੰਮ੍ਰਿਤਸਰ), 7 ਨਵੰਬਰ (ਹਰਦੀਪ ਸਿੰਘ ਖੀਵਾ)-ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਹੁਣ ਲੁਧਿਆਣਾ ਨਾਲ ਸੰਬੰਧਿਤ 31 ਸਾਲਾ ਨੌਜਵਾਨ ਰਮਨਦੀਪ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਦੀ ਮ੍ਰਿਤਕ ਦੇਹ ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਕੌਮਾਂਤਰੀ ਅੱਡਾ ਰਾਜਾਸਾਂਸੀ ਪਹੁੰਚੀ।

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਆਪਣੇ ਬਜ਼ੁਰਗ ਮਾਪਿਆਂ ਦਾ ਸਹਾਰਾ ਰਮਨਦੀਪ ਕੁਮਾਰ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਕਰੀਬ ਤਿੰਨ ਸਾਲ ਪਹਿਲਾਂ ਕੰਮਕਾਜ ਲਈ ਦੁਬਈ ਆਇਆ ਸੀ ਕਿ ਬੀਤੀ 27 ਜੁਲਾਈ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ ਸੀ।

ਡਾ.ਓਬਰਾਏ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ  ਮ੍ਰਿਤਕ ਦੀ ਅਮਰੀਕਾ ਵਿਚ ਰਹਿੰਦੀ ਭੈਣ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਆਪਣੇ ਪਰਿਵਾਰ ਨਾਲ ਹੋਈ ਇਸ ਅਣਹੋਣੀ ਬਾਰੇ ਦੱਸਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ 'ਚ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਭਾਰਤੀ ਦੂਤਾਵਾਸ ਦੇ ਵੱਡੇ ਸਹਿਯੋਗ ਸਦਕਾ ਰਮਨਦੀਪ ਕੁਮਾਰ ਦੀ ਮ੍ਰਿਤਕ ਦੇਹ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਭੇਜਿਆ ਹੈ।

ਇਸ ਉਪਰੰਤ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਅਤੇ ਮਨਪ੍ਰੀਤ ਸਿੰਘ ਸੰਧੂ ਦੀ ਦੇਖ-ਰੇਖ 'ਚ ਟਰੱਸਟ ਦੀ ਮੁਫ਼ਤ ਐਂਬੂਲੈਂਸ ਸੇਵਾ ਰਾਹੀਂ ਹਵਾਈ ਅੱਡੇ ਤੋਂ ਮ੍ਰਿਤਕ ਦੇਹ ਨੂੰ ਲੁਧਿਆਣਾ ਵਿਖੇ ਉਸਦੇ ਘਰ ਤੱਕ ਵੀ ਪਹੁੰਚਾਇਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਮਨਦੀਪ ਦੇ ਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਲਈ ਆਇਆ ਖ਼ਰਚ ਭਾਰਤੀ ਦੂਤਾਵਾਸ ਵਲੋਂ ਕੀਤਾ ਗਿਆ ਹੈ।

ਹਵਾਈ ਅੱਡੇ 'ਤੇ ਮ੍ਰਿਤਕ ਸਰੀਰ ਲੈਣ ਪਹੁੰਚੇ ਰਮਨਦੀਪ ਦੇ ਭਰਾ ਅਜੇ ਕੁਮਾਰ ਅਤੇ ਅਸ਼ਵਨੀ ਕੁਮਾਰ ਤੋਂ ਇਲਾਵਾ ਸਮੁੱਚੇ ਪਰਿਵਾਰ ਨੇ ਇਸ ਵੱਡੇ ਉਪਰਾਲੇ ਲਈ ਡਾ.ਐੱਸ.ਪੀ.ਸਿੰਘ ਓਬਰਾਏ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬਦੌਲਤ ਹੀ ਉਨ੍ਹਾਂ ਨੂੰ ਰਮਨਦੀਪ ਦੇ ਅੰਤਿਮ ਦਰਸ਼ਨ ਨਸੀਬ ਹੋਏ ਹਨ।

ਪਿਛਲੀ ਖ਼ਬਰ ਅਯੁੱਧਿਆ - ਸਰਯੂ ਨਦੀ ਦੇ ਕੰਢੇ ਸਥਿਤ 56 ਘਾਟਾਂ ਨੂੰ ਰੁਸ਼ਨਾਉਣ ਲਈ ਜਗਾਏ ਗਏ 30 ਲੱਖ ਤੋਂ ਵੱਧ ਮਿੱਟੀ ਦੇ ਦੀਵੇ ਅਗਲੀ ਖ਼ਬਰ ਮੈਂ ਕਿਤੇ ਨਹੀਂ ਜਾ ਰਹੀ, ਕੋਲਕਾਤਾ ਵਿਚ ਹੀ ਰਹਾਂਗੀ - ਮਮਤਾ ਬੈਨਰਜੀ