ਪਟਿਆਲਾ, 5 ਨਵੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਮੂਹ ਖਾਲਸਾ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੰਦੀ ਛੋੜ ਦਿਵਸ ਖਾਲਸਾਈ ਜੋਸ਼ ਅਤੇ ਸ਼ਰਧਾ ਨਾਲ ਰਲ-ਮਿਲ ਕੇ ਮਨਾਉਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿਚੋਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਤੋਂ ਰਿਹਾਅ ਹੋਣ ਸਮੇਂ ਆਪਣੇ ਨਾਲ 52 ਰਾਜਪੂਤ ਰਾਜਿਆਂ ਨੂੰ ਵੀ ਆਜ਼ਾਦ ਕਰਵਾਇਆ ਸੀ। ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਲਾ ਪਹਿਨ ਕੇ ਸਾਰੇ ਰਾਜਿਆਂ ਦੀ ਰਿਹਾਈ ਯਕੀਨੀ ਬਣਾਈ ਸੀ।
ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰੂ ਸਾਹਿਬ ਦੇ ਲੰਮਾ ਪੈਂਡਾ ਤੈਅ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਦੀ ਖੁਸ਼ੀ ਵਿਚ ਸਿੱਖ ਸੰਗਤਾਂ ਨੇ ਘਿਉ ਦੇ ਦੀਵੇ ਜਗਾ ਕੇ ਖੁਸ਼ੀਆਂ ਮਨਾਈਆਂ ਸਨ। ਇਸ ਇਤਿਹਾਸਕ ਯਾਦ ਨੂੰ ਸਮਰਪਿਤ ਹਰ ਸਾਲ ਸ਼੍ਰੋਮਣੀ ਕਮੇਟੀ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ ਬੰਦੀ ਛੋੜ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਪਵਿੱਤਰ ਦਿਹਾੜੇ ਮੌਕੇ ਰਲ-ਮਿਲ ਕੇ ਦੀਪਮਾਲਾ ਅਤੇ ਰੌਸ਼ਨੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਦੀਵੇ ਜਗਾ ਕੇ ਸਿਰਫ਼ ਬਾਹਰੀ ਜੀਵਨ ਨੂੰ ਹੀ ਰੌਸ਼ਨ ਨਾ ਕੀਤਾ ਜਾਵੇ, ਸਗੋਂ ਆਪਣੇ ਅੰਦਰ ਵੱਸੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਮਨ, ਆਤਮਾ ਅਤੇ ਜੀਵਨ ਨੂੰ ਵੀ ਗੁਰਬਾਣੀ ਦੀ ਰੌਸ਼ਨੀ ਨਾਲ ਪ੍ਰਕਾਸ਼ਮਾਨ ਕੀਤਾ ਜਾਵੇ।