04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਮੱਧਕਾਲੀ ਚੋਣਾਂ ’ਚ ਟਰੰਪ ਦੀ ਕਰਾਰੀ ਹਾਰ, ਡੈਮੋਕ੍ਰੇਟਸ ਦਾ ਸੈਨੇਟ ’ਤੇ ਕਬਜ਼ਾ

ਸਾਨ ਫਰਾਂਸਿਸਕੋ/ਨਿਊਯਾਰਕ, 4 ਨਵੰਬਰ ( ਐੱਸ. ਅਸ਼ੋਕ ਭੌਰਾ, ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ’ਚ 3 ਨਵੰਬਰ ਨੂੰ ਹੋਈਆਂ ਮੱਧਕਾਲੀ ਚੋਣਾਂ ’ਚ ਡੈਮੋਕ੍ਰੇਟਿਕ ਪਾਰਟੀ ਨੇ ਵੱਡੀ ਜਿੱਤ ਦਰਜ ਕਰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਤੋਂ ਕਾਂਗਰਸ ਦੇ ਦੋਵਾਂ ਸਦਨਾਂ ਦਾ ਕੰਟਰੋਲ ਖੋਹ ਲਿਆ ਹੈ। ਇਨ੍ਹਾਂ ਨਤੀਜਿਆਂ ਨੂੰ ਟਰੰਪ ਦੀਆਂ ਨੀਤੀਆਂ ਵਿਰੁੱਧ ਜਨਤਾ ਦੇ ਫ਼ੈਸਲੇ ਵਜੋਂ ਦੇਖਿਆ ਜਾ ਰਿਹਾ ਹੈ। ਡੈਮੋਕ੍ਰੇਟਿਕ ਪਾਰਟੀ ਨੇ ਪ੍ਰਤੀਨਿਧੀ ਸਭਾ ਤੇ ਸੈਨੇਟ ’ਚ ..

ਅਜੀਤ ਡੈਸਕ 04-11-2026

ਸਾਨ ਫਰਾਂਸਿਸਕੋ/ਨਿਊਯਾਰਕ, 4 ਨਵੰਬਰ ( ਐੱਸ. ਅਸ਼ੋਕ ਭੌਰਾ, ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ’ਚ 3 ਨਵੰਬਰ ਨੂੰ ਹੋਈਆਂ ਮੱਧਕਾਲੀ ਚੋਣਾਂ ’ਚ ਡੈਮੋਕ੍ਰੇਟਿਕ ਪਾਰਟੀ ਨੇ ਵੱਡੀ ਜਿੱਤ ਦਰਜ ਕਰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਤੋਂ ਕਾਂਗਰਸ ਦੇ ਦੋਵਾਂ ਸਦਨਾਂ ਦਾ ਕੰਟਰੋਲ ਖੋਹ ਲਿਆ ਹੈ। ਇਨ੍ਹਾਂ ਨਤੀਜਿਆਂ ਨੂੰ ਟਰੰਪ ਦੀਆਂ ਨੀਤੀਆਂ ਵਿਰੁੱਧ ਜਨਤਾ ਦੇ ਫ਼ੈਸਲੇ ਵਜੋਂ ਦੇਖਿਆ ਜਾ ਰਿਹਾ ਹੈ। ਡੈਮੋਕ੍ਰੇਟਿਕ ਪਾਰਟੀ ਨੇ ਪ੍ਰਤੀਨਿਧੀ ਸਭਾ ਤੇ ਸੈਨੇਟ ’ਚ ਬਹੁਮਤ ਹਾਸਲ ਕਰ ਲਿਆ ਹੈ। ਪਾਰਟੀ ਨੇ ਟੈਕਸਾਸ, ਆਇਓਵਾ, ਕੰਸਾਸ, ਓਹਾਇਓ, ਉੱਤਰੀ ਕੈਰੋਲੀਨਾ ਤੇ ਦੱਖਣੀ ਕੈਰੋਲੀਨਾ ਵਰਗੇ ਰਿਪਬਲਿਕਨ ਪ੍ਰਭਾਵ ਵਾਲੇ ਸੂਬਿਆਂ ’ਚ ਵੀ ਅਹਿਮ ਜਿੱਤਾਂ ਦਰਜ ਕੀਤੀਆਂ ਹਨ।

ਚੋਣ ਨਤੀਜਿਆਂ ’ਚ ਵੋਟਰਾਂ ਦੀ ਮਹਿੰਗਾਈ, ਵਧਦੀ ਜੀਵਨ ਲਾਗਤ, ਈਰਾਨ ਨਾਲ ਜੰਗ ਤੇ ਟਰੰਪ ਸਰਕਾਰ ਦੀ ਕਾਰਗੁਜ਼ਾਰੀ ਪ੍ਰਤੀ ਨਾਰਾਜ਼ਗੀ ਅਹਿਮ ਕਾਰਕ ਰਹੇ। ਡੈਮੋਕ੍ਰੇਟਿਕ ਪਾਰਟੀ ਨੇ ਇਨ੍ਹਾਂ ਮੁੱਦਿਆਂ ਨੂੰ ਚੋਣ ਪ੍ਰਚਾਰ ਦਾ ਕੇਂਦਰ ਬਣਾਇਆ ਸੀ। ਇਨ੍ਹਾਂ ਨਤੀਜਿਆਂ ਨਾਲ ਟਰੰਪ ਦੇ ਬਾਕੀ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨ ’ਚ ਮੁਸ਼ਕਿਲਾਂ ਵਧ ਸਕਦੀਆਂ ਹਨ। ਡੈਮੋਕ੍ਰੇਟਿਕ ਪਾਰਟੀ ਹੁਣ ਸਰਕਾਰ ਦੇ ਫ਼ੈਸਲਿਆਂ ਦੀ ਜਾਂਚ ਕਰਵਾਉਣ, ਕਾਨੂੰਨੀ ਪ੍ਰਸਤਾਵਾਂ ਨੂੰ ਰੋਕਣ ਤੇ ਰਾਸ਼ਟਰਪਤੀ ਦੀਆਂ ਨਿਯੁਕਤੀਆਂ ’ਤੇ ਪ੍ਰਭਾਵ ਪਾਉਣ ਦੀ ਸਥਿਤੀ ’ਚ ਹੋਵੇਗੀ।

ਟਰੰਪ ਨੇ ਚੋਣ ਨਤੀਜਿਆਂ ਨੂੰ ਆਪਣੀ ਨਿੱਜੀ ਹਾਰ ਮੰਨਣ ਤੋਂ ਇਨਕਾਰ ਕਰਦਿਆਂ ਉਮੀਦਵਾਰਾਂ ਦੀ ਚੋਣ ਨੂੰ ਰਿਪਬਲਿਕਨ ਪਾਰਟੀ ਦੀ ਹਾਰ ਦਾ ਕਾਰਨ ਦੱਸਿਆ ਹੈ। ਇਸ ਦੌਰਾਨ ਅਮਰੀਕੀ ਸਿਆਸਤ ’ਚ 2028 ਦੀਆਂ ਰਾਸ਼ਟਰਪਤੀ ਚੋਣਾਂ ਲਈ ਵੀ ਸਰਗਰਮੀਆਂ ਤੇਜ਼ ਹੋਣ ਦੀ ਸੰਭਾਵਨਾ ਹੈ। ਮੱਧਕਾਲੀ ਚੋਣਾਂ ’ਚ ਸੱਤਾਧਾਰੀ ਰਿਪਬਲਿਕਨ ਪਾਰਟੀ ਨੂੰ ਮਿਲੀ ਹਾਰ ਨਾਲ ਟਰੰਪ ਦੇ ਬਾਕੀ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਕਾਨੂੰਨ ਪਾਸ ਕਰਵਾਉਣ ਤੇ ਆਪਣੇ ਚੋਣ ਵਾਅਦੇ ਪੂਰੇ ਕਰਨ ’ਚ ਮੁਸ਼ਕਿਲਾਂ ਆ ਸਕਦੀਆਂ ਹਨ।

ਡੈਮੋਕ੍ਰੇਟਿਕ ਪਾਰਟੀ ਹੁਣ ਬਜਟ, ਟੈਕਸ, ਸਿਹਤ ਸੇਵਾਵਾਂ, ਇਮੀਗ੍ਰੇਸ਼ਨ ਤੇ ਵਿਦੇਸ਼ ਨੀਤੀ ਵਰਗੇ ਮੁੱਦਿਆਂ ’ਤੇ ਸਰਕਾਰ ਨੂੰ ਘੇਰ ਸਕਦੀ ਹੈ। ਸਿਆਸੀ ਮਾਹਿਰਾਂ ਅਨੁਸਾਰ ਟਰੰਪ ਦੇ ਬਾਕੀ ਕਾਰਜਕਾਲ ਦੌਰਾਨ ਵ੍ਹਾਈਟ ਹਾਊਸ ਤੇ ਕਾਂਗਰਸ ਵਿਚਕਾਰ ਟਕਰਾਅ ਵਧਣ ਦੀ ਸੰਭਾਵਨਾ ਹੈ। ਹਾਲਾਂਕਿ ਜੇਕਰ ਦੋਵੇਂ ਪਾਰਟੀਆਂ ਕੁਝ ਅਹਿਮ ਮੁੱਦਿਆਂ ‘ਤੇ ਸਹਿਮਤੀ ਬਣਾਉਣ ਵਿਚ ਕਾਮਯਾਬ ਰਹਿੰਦੀਆਂ ਹਨ ਤਾਂ ਸਰਕਾਰ ਦੇ ਕੰਮਕਾਜ ਨੂੰ ਸੁਚਾਰੂ ਰੱਖਿਆ ਜਾ ਸਕਦਾ ਹੈ।

ਸਰਕਾਰ ਦੀਆਂ ਨੀਤੀਆਂ ’ਤੇ ਲੱਗ ਸਕਦੀ ਹੈ ਰੋਕ
ਪ੍ਰਤੀਨਿਧੀ ਸਭਾ ਤੇ ਸੈਨੇਟ ’ਚ ਬਹੁਮਤ ਮਿਲਣ ਨਾਲ ਡੈਮੋਕ੍ਰੇਟਿਕ ਪਾਰਟੀ ਨੂੰ ਸਰਕਾਰੀ ਫ਼ੈਸਲਿਆਂ ਦੀ ਜਾਂਚ ਕਰਨ, ਅਧਿਕਾਰੀਆਂ ਨੂੰ ਸੰਸਦੀ ਕਮੇਟੀਆਂ ਸਾਹਮਣੇ ਪੇਸ਼ ਹੋਣ ਲਈ ਸੱਦਣ ਤੇ ਦਸਤਾਵੇਜ਼ ਮੰਗਣ ਦੇ ਵਧੇਰੇ ਮੌਕੇ ਮਿਲਣਗੇ। ਇਸ ਨਾਲ ਟਰੰਪ ਪ੍ਰਸ਼ਾਸਨ ਨੂੰ ਲਗਾਤਾਰ ਸਿਆਸੀ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੈਨੇਟ ’ਚ ਡੈਮੋਕ੍ਰੇਟਿਕ ਪਾਰਟੀ ਦੀ ਮਜ਼ਬੂਤੀ ਨਾਲ ਰਾਸ਼ਟਰਪਤੀ ਵਲੋਂ ਉੱਚ ਅਹੁਦਿਆਂ ਲਈ ਕੀਤੀਆਂ ਜਾਣ ਵਾਲੀਆਂ ਨਿਯੁਕਤੀਆਂ ਦੀ ਪੁਸ਼ਟੀ ਵੀ ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ ਟਰੰਪ ਕੋਲ ਰਾਸ਼ਟਰਪਤੀ ਦੇ ਕਾਰਜਕਾਰੀ ਅਧਿਕਾਰ ਬਰਕਰਾਰ ਰਹਿਣਗੇ।

ਈਰਾਨ ਜੰਗ ਤੇ ਵਿਦੇਸ਼ ਨੀਤੀ ਬਣੇਗੀ ਵੱਡੀ ਚੁਣੌਤੀ
ਈਰਾਨ ਨਾਲ ਜੰਗ ਤੇ ਇਸ ’ਤੇ ਹੋ ਰਹੇ ਖ਼ਰਚੇ ਵੀ ਚੋਣਾਂ ਦੌਰਾਨ ਅਹਿਮ ਮੁੱਦੇ ਰਹੇ। ਡੈਮੋਕ੍ਰੇਟਿਕ ਪਾਰਟੀ ਹੁਣ ਜੰਗੀ ਖ਼ਰਚਿਆਂ, ਫ਼ੌਜੀ ਕਾਰਵਾਈਆਂ ਤੇ ਵਿਦੇਸ਼ ਨੀਤੀ ਬਾਰੇ ਟਰੰਪ ਸਰਕਾਰ ਤੋਂ ਜਵਾਬ ਮੰਗ ਸਕਦੀ ਹੈ। ਇਸ ਨਾਲ ਰਾਸ਼ਟਰਪਤੀ ਲਈ ਵਿਦੇਸ਼ ਨੀਤੀ ਦੇ ਮਾਮਲਿਆਂ ’ਚ ਕਾਂਗਰਸ ਦਾ ਸਮਰਥਨ ਹਾਸਲ ਕਰਨਾ ਪਹਿਲਾਂ ਨਾਲੋਂ ਵਧੇਰੇ ਮਹੱਤਵਪੂਰਨ ਹੋਵੇਗਾ।

ਕੀ ਟਰੰਪ ਨੂੰ ਅਹੁਦੇ ਤੋਂ ਹਟਾਇਆ ਜਾ ਸਕਦੈ?
ਮੱਧਕਾਲੀ ਚੋਣਾਂ ’ਚ ਹਾਰ ਦਾ ਮਤਲਬ ਇਹ ਨਹੀਂ ਕਿ ਰਾਸ਼ਟਰਪਤੀ ਨੂੰ ਅਹੁਦਾ ਛੱਡਣਾ ਪਵੇਗਾ। ਟਰੰਪ ਦਾ ਕਾਰਜਕਾਲ ਜਨਵਰੀ 2029 ਤੱਕ ਹੈ। ਡੈਮੋਕ੍ਰੇਟਿਕ ਪਾਰਟੀ ਪ੍ਰਤੀਨਿਧੀ ਸਭਾ ’ਚ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕਰ ਸਕਦੀ ਹੈ, ਪਰ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਉਣ ਲਈ ਸੈਨੇਟ ’ਚ ਦੋ-ਤਿਹਾਈ ਬਹੁਮਤ ਨਾਲ ਦੋਸ਼ੀ ਠਹਿਰਾਉਣਾ ਲਾਜ਼ਮੀ ਹੈ। ਇਸ ਲਈ ਚੋਣ ਨਤੀਜਿਆਂ ਨਾਲ ਟਰੰਪ ਦੀ ਸਰਕਾਰ ਕਮਜ਼ੋਰ ਤਾਂ ਹੋ ਸਕਦੀ ਹੈ, ਪਰ ਉਨ੍ਹਾਂ ਦਾ ਰਾਸ਼ਟਰਪਤੀ ਅਹੁਦਾ ਆਪਣੇ ਆਪ ਖ਼ਤਮ ਨਹੀਂ ਹੋਵੇਗਾ।

2028 ਦੀਆਂ ਚੋਣਾਂ ਲਈ ਵੀ ਅਹਿਮ ਸੰਕੇਤ
ਮੱਧਕਾਲੀ ਚੋਣਾਂ ਦੇ ਨਤੀਜੇ 2028 ਦੀਆਂ ਰਾਸ਼ਟਰਪਤੀ ਚੋਣਾਂ ਲਈ ਵੀ ਮਹੱਤਵਪੂਰਨ ਮੰਨੇ ਜਾ ਰਹੇ ਹਨ। ਰਿਪਬਲਿਕਨ ਪਾਰਟੀ ’ਚ ਟਰੰਪ ਦੀ ਅਗਵਾਈ ਬਾਰੇ ਸਵਾਲ ਉੱਠ ਸਕਦੇ ਹਨ ਜਦਕਿ ਡੈਮੋਕ੍ਰੇਟਿਕ ਪਾਰਟੀ ਇਸ ਜਿੱਤ ਨੂੰ ਆਪਣੀ ਸਿਆਸੀ ਵਾਪਸੀ ਦਾ ਆਧਾਰ ਬਣਾਉਣ ਦੀ ਕੋਸ਼ਿਸ਼ ਕਰੇਗੀ।

ਪਿਛਲੀ ਖ਼ਬਰ ਨਤੀਜੇ ਸਵੀਕਾਰ ਕਰਨ ਲਈ ਤਿਆਰ ਹਾਂ-ਟਰੰਪ ਅਗਲੀ ਖ਼ਬਰ ਫੇਜ਼-11 ਇਲਾਕੇ ’ਚ ਮਿਲੀ ਨਾਬਾਲਗ ਸਾਂਵੀ ਸ਼ਰਮਾ ਨੂੰ ਪੁਲਿਸ ਨੇ ਕੁਝ ਘੰਟਿਆਂ ’ਚ ਮਾਂ ਨਾਲ ਮਿਲਾਇਆ