ਕਠਮੰਡੂ, 3 ਨਵੰਬਰ (ਪੀ.ਟੀ.ਆਈ.)-ਨਿਪਾਲ ਦੇ ਸੋਲੁਖੁੰਬੂ ਜ਼ਿਲ੍ਹੇ ’ਚ ਮੰਗਲਵਾਰ ਨੂੰ ਦੋ ਹੈਲੀਕਾਪਟਰਾਂ ਦੇ ਆਪਸ ’ਚ ਟਕਰਾ ਜਾਣ ਕਾਰਨ ਇਕ 47 ਸਾਲਾ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ ਇਕ ਹੋਰ ਯਾਤਰੀ ਜ਼ਖ਼ਮੀ ਹੋ ਗਿਆ। ਨਿਪਾਲ ਸਥਿਤ ਭਾਰਤੀ ਦੂਤਘਰ ਨੇ ਦੱਸਿਆ ਕਿ ਭਾਰਤੀ ਅਧਿਕਾਰੀ ਮ੍ਰਿਤਕ ਦੀ ਦੇਹ ਨੂੰ ਜਲਦੀ ਤੋਂ ਜਲਦੀ ਵਾਪਸ ਭਾਰਤ ਲਿਆਉਣ ਲਈ ਨਿਪਾਲੀ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਨਿਪਾਲ ਪੁਲਿਸ ਦੇ ਬਿਆਨ ਅਨੁਸਾਰ ਇਹ ਘਟਨਾ ਮੰਗਲਵਾਰ ਨੂੰ ਸੋਲੁਖੁੰਬੂ ਜ਼ਿਲ੍ਹੇ ਦੀ ‘ਖੁੰਬੂ ਪਸਾਂਗ ਲਾਹਮੂ’ ਪੇਂਡੂ ਨਗਰਪਾਲਿਕਾ ਦੇ ਵਾਰਡ ਨੰਬਰ 4 ’ਚ ਸਥਿਤ ‘ਫੇਰੀਚੇ’ ਵਿਖੇ ਵਾਪਰੀ, ਜਿਥੇ ਦੋਵੇਂ ਹੈਲੀਕਾਪਟਰ ਉਤਰ ਰਹੇ ਸਨ। ਸੋਲੁਖੁੰਬੂ ਜ਼ਿਲ੍ਹਾ ਪੁਲਿਸ ਦਫ਼ਤਰ ਮੁਤਾਬਕ, ‘ਫਿਸ਼ਟੇਲ ਏਅਰ’ ਅਤੇ ‘ਏਅਰ ਡਾਇਨੈਸਟੀ’ ਕੰਪਨੀਆਂ ਦੇ ਇਹ ਹੈਲੀਕਾਪਟਰ ਸਵੇਰੇ ਲਗਭਗ 8:11 ਵਜੇ (ਸਥਾਨਕ ਸਮੇਂ ਅਨੁਸਾਰ) ਆਪਸ ’ਚ ਟਕਰਾ ਗਏ। ਦੋਵੇਂ ਹੈਲੀਕਾਪਟਰ ਲੁਕਲਾ ਹਵਾਈ ਅੱਡੇ ਤੋਂ ਉਡਾਣ ਭਰ ਕੇ ਆਏ ਸਨ।
ਪੁਲਿਸ ਇੰਸਪੈਕਟਰ ਮੌਸਮ ਤਮਾਂਗ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵਸੰਤ ਕੁਮਾਰ ਬਲਾਰਾਮਾਰਾਮਾਦੂ ਵਜੋਂ ਹੋਈ, ਜੋ ‘ਫਿਸ਼ਟੇਲ ਏਅਰ’ ਦੇ ਹੈਲੀਕਾਪਟਰ ’ਚ ਸਵਾਰ ਸਨ। ਇਸੇ ਹੈਲੀਕਾਪਟਰ ’ਚ ਸਵਾਰ ਨਿਊਜ਼ੀਲੈਂਡ ਦੇ ਵਸਨੀਕ, 49 ਸਾਲਾ ਸ਼ੈਲੇਸ਼ ਕ੍ਰਿਸ਼ਨਾ ਪਟੇਲ (ਜੋ ਮੂਲ ਰੂਪ ’ਚ ਭਾਰਤੀ ਹਨ) ਵੀ ਇਸ ਟੱਕਰ ’ਚ ਜ਼ਖ਼ਮੀ ਹੋ ਗਏ। ਤਮਾਂਗ ਨੇ ਦੱਸਿਆ ਕਿ ਉਨ੍ਹਾਂ ਨੂੰ ‘ਪ੍ਰਭੂ ਹੈਲੀਕਾਪਟਰ’ ਰਾਹੀਂ ਕਠਮੰਡੂ ਦੇ ਮੈਡੀਸਿਟੀ ਹਸਪਤਾਲ ਪਹੁੰਚਾਇਆ ਗਿਆ।
ਨਿਪਾਲ ਸਥਿਤ ਭਾਰਤੀ ਦੂਤਘਰ ਨੇ ਐਕਸ ’ਤੇ ਪੋਸਟ ’ਚ ਕਿਹਾ ਕਿ ਕਠਮੰਡੂ ਸਥਿਤ ਭਾਰਤੀ ਦੂਤਘਰ, ਨਿਪਾਲ ਦੇ ਸੋਲੁਖੁੰਬੂ ਜ਼ਿਲ੍ਹੇ ’ਚ ਅੱਜ ਦੋ ਹੈਲੀਕਾਪਟਰਾਂ ਦੀ ਟੱਕਰ ਕਾਰਨ ਵਾਪਰੀ ਮੰਦਭਾਗੀ ਘਟਨਾ ’ਚ ਇਕ ਭਾਰਤੀ ਨਾਗਰਿਕ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਇਸ ਘਟਨਾ ’ਚ ਨਿਪਾਲੀ ਪਾਇਲਟ -’ਫਿਸ਼ਟੇਲ ਏਅਰ’ ਦੇ ਰਬਿੰਦਰ ਪ੍ਰਜਾਪਤੀ ਅਤੇ ‘ਡਾਇਨੈਸਟੀ ਏਅਰ’ ਦੇ ਪ੍ਰਜਵਲ ਕੇ.ਸੀ. -ਵੀ ਜ਼ਖ਼ਮੀ ਹੋਏ ਹਨ। ‘ਫੇਰੀਚੇ’ ਮਾਊਂਟ ਐਵਰੈਸਟ ਟੱਕਰ ਦੇ ਸਮੇਂ ਦੋਵਾਂ ਹੈਲੀਕਾਪਟਰਾਂ ’ਚ ਸਵਾਰ ਯਾਤਰੀਆਂ ਦੀ ਗਿਣਤੀ ਦੀ ਅਜੇ ਪੁਸ਼ਟੀ ਹੋਣੀ ਬਾਕੀ ਹੈ।