ਇੰਫਾਲ, 1 ਨਵੰਬਰ (ਪੀ.ਟੀ.ਆਈ.)-ਪੁਲਿਸ ਨੇ ਕਿਹਾ ਕਿ ਮਨੀਪੁਰ ਦੇ ਨੋਨੀ ਜ਼ਿਲ੍ਹੇ ਵਿਚ ਵਿਰੋਧੀ ਹਥਿਆਰਬੰਦ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ ਕਾਰਨ ਕੁਕੀ ਭਾਈਚਾਰੇ ਦੇ ਤਿੰਨ ਵਿਅਕਤੀ ਮਾਰੇ ਗਏ।ਪੁਲਿਸ ਅਨੁਸਾਰ, ਗੋਲੀਬਾਰੀ ਸਨਿਚਰਵਾਰ ਸਵੇਰੇ ਕੇਕਰੂ ਨਾਗਾ ਪਿੰਡ ’ਚ ਸ਼ੁਰੂ ਹੋਈ। ਪਹਾੜੀ ਅਤੇ ਜੰਗਲੀ ਖੇਤਰ ਵਿਚ ਸਥਿਤ ਇਸ ਪਿੰਡ ਵਿਚ ਕਈ ਘੰਟਿਆਂ ਤੱਕ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੁੰਦੀ ਰਹੀ।
ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਥੰਗਲੇਨਸਾਂਗ ਸਿੰਗਸਨ, ਥੰਗਖੋਸੇਈ ਹਾਓਕਿਪ ਅਤੇ ਲਾਮਿਨਸਾਂਗ ਕਿਪਗੇਨ ਵਜੋਂ ਹੋਈ ਹੈ। ਇਹ ਸਾਰੇ ਚੁਰਾਚੰਦਪੁਰ ਜ਼ਿਲ੍ਹੇ ਦੇ ਹੇਂਗਲੇਪ ਤੇ ਥਾਨਲੋਨ ਦੇ ਅੰਦਰੂਨੀ ਖੇਤਰਾਂ ਦੇ ਵਸਨੀਕ ਸਨ। ਅਧਿਕਾਰੀ ਨੇ ਕਿਹਾ ਕਿ ਕੁਕੀ ਸਿਵਲ ਸੋਸਾਇਟੀ ਸੰਗਠਨਾਂ ਦੇ ਅਨੁਸਾਰ, ਇਹ ਲੋਕ ‘ਪਿੰਡ ਦੇ ਵਲੰਟੀਅਰ’ ਸਨ।ਖੇਤਰ ’ਚ ਜ਼ਰੂਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ, ਕੁਕੀ ਭਾਈਚਾਰੇ ਦੀ ਸਿਖਰਲੀ ਸੰਸਥਾ, ਕੁਕੀ ਇੰਪੀ ਮਨੀਪੁਰ (ਕੇ.ਆਈ.ਐਮ.) ਨੇ ਤਿੰਨ ਨੌਜਵਾਨਾਂ ਦੀ ਹੱਤਿਆ ਦੀ ਸਖ਼ਤ ਨਿੰਦਾ ਕੀਤੀ।