ਮਲੇਸ਼ੀਆ ਨੇ ਬੰਗਲਾਦੇਸ਼ ਨੂੰ 6-1 ਨਾਲ ਦਿੱਤੀ ਕਰਾਰੀ ਮਾਤ, ਦੱਖਣੀ ਕੋਰੀਆ ਨੇ ਵੀ ਖੋਲ੍ਹਿਆ ਜਿੱਤ ਦਾ ਖਾਤਾ
ਜਲੰਧਰ, 30 ਅਕਤੂਬਰ (ਹੈਪੀ)-ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਚ ਚੱਲ ਰਹੀ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿਚ ਭਾਰਤੀ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਨੇ ਆਪਣੀ ਜੇਤੂ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਜਾਪਾਨ ਨੂੰ 4-1 ਨਾਲ ਕਰਾਰੀ ਹਾਰ ਦੇ ਕੇ ਟੂਰਨਾਮੈਂਟ ਵਿਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ।
ਭਾਰਤ ਵਲੋਂ ਅਭਿਸ਼ੇਕ ਨੈਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 11ਵੇਂ ਅਤੇ 51ਵੇਂ ਮਿੰਟ ਵਿਚ ਦੋ ਫੀਲਡ ਗੋਲ ਕੀਤੇ। ਇਸ ਤੋਂ ਇਲਾਵਾ ਕਪਤਾਨ ਹਰਮਨਪ੍ਰੀਤ ਸਿੰਘ ਨੇ 47ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ, ਜਦਕਿ ਨੌਜਵਾਨ ਖਿਡਾਰੀ ਵਿਸ਼ਨੂਕਾਂਤ ਨੇ 56ਵੇਂ ਮਿੰਟ ਵਿਚ ਫੀਲਡ ਗੋਲ ਕਰਕੇ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ।
ਜਾਪਾਨ ਵਲੋਂ ਸ਼ੋਤਾ ਯਾਮਾਦਾ ਨੇ 15ਵੇਂ ਮਿੰਟ ਵਿਚ ਪੈਨਲਟੀ ਸਟ੍ਰੋਕ ਰਾਹੀਂ ਇਕਲੌਤਾ ਗੋਲ ਕੀਤਾ। ਜ਼ਿਕਰਯੋਗ ਹੈ ਕਿ ਜਾਪਾਨ ਦੀ ਟੀਮ ਇਸ ਮੁਕਾਬਲੇ ਤੋਂ ਪਹਿਲਾਂ ਦੋ ਜਿੱਤਾਂ ਦਰਜ ਕਰ ਚੁੱਕੀ ਸੀ।
ਮਲੇਸ਼ੀਆ ਦੀ ਵੀ ਜਿੱਤ ਦੀ ਹੈਟ੍ਰਿਕ
ਟੂਰਨਾਮੈਂਟ ਦੇ ਇਕ ਹੋਰ ਮੁਕਾਬਲੇ ਵਿਚ ਮਲੇਸ਼ੀਆ ਨੇ ਆਪਣਾ ਦਬਦਬਾ ਕਾਇਮ ਰੱਖਦਿਆਂ ਬੰਗਲਾਦੇਸ਼ ਨੂੰ 6-1 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ।
ਮਲੇਸ਼ੀਆ ਵਲੋਂ ਅਬੂ ਕਮਾਲ ਅਜ਼ਰਾਈ ਨੇ 14ਵੇਂ ਅਤੇ 22ਵੇਂ ਮਿੰਟ ਵਿਚ ਦੋ ਗੋਲ ਕੀਤੇ। ਇਸ ਤੋਂ ਇਲਾਵਾ ਮੁਹੰਮਦ ਅਖੀਮੁੱਲਾ ਅਨੁਆਰ ਏਸੂਕ, ਅਜ਼ੀਮੁੱਦੀਨ ਕਮਾਰੁੱਦੀਨ, ਸ਼ੈਲੋ ਸਿਲਵੇਰੀਅਸ ਅਤੇ ਆਇਮਨ ਰੋਜ਼ੇਮੀ ਨੇ ਇਕ-ਇਕ ਗੋਲ ਕੀਤਾ। ਬੰਗਲਾਦੇਸ਼ ਵਲੋਂ ਅਮੀਰੁਲ ਇਸਲਾਮ ਨੇ 26ਵੇਂ ਮਿੰਟ ਵਿਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ।
ਦੱਖਣੀ ਕੋਰੀਆ ਨੇ ਚੀਨ ਨੂੰ ਹਰਾਇਆ
ਇਕ ਹੋਰ ਰੋਮਾਂਚਕ ਮੁਕਾਬਲੇ ਵਿਚ ਦੱਖਣੀ ਕੋਰੀਆ ਨੇ ਸ਼ਾਨਦਾਰ ਵਾਪਸੀ ਕਰਦਿਆਂ ਚੀਨ ਨੂੰ 2-1 ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ।ਚੀਨ ਵਲੋਂ ਚੇਨ ਚੋਂਗਕੋਂਗ ਨੇ 8ਵੇਂ ਮਿੰਟ ਵਿਚ ਪੈਨਲਟੀ ਸਟ੍ਰੋਕ ਰਾਹੀਂ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਦੱਖਣੀ ਕੋਰੀਆ ਦੇ ਕਪਤਾਨ ਕਿਮ ਯੋਂਗ-ਬੋਕ ਨੇ 35ਵੇਂ ਮਿੰਟ ਅਤੇ ਕਿਮ ਜਾਏਹੋ ਨੇ 36ਵੇਂ ਮਿੰਟ ਵਿਚ ਲਗਾਤਾਰ ਦੋ ਫੀਲਡ ਗੋਲ ਕਰਕੇ ਟੀਮ ਨੂੰ ਜਿੱਤ ਦਿਵਾਈ।
ਇਸ ਤਰ੍ਹਾਂ ਟੂਰਨਾਮੈਂਟ ਵਿਚ ਭਾਰਤ ਅਤੇ ਮਲੇਸ਼ੀਆ ਨੇ ਲਗਾਤਾਰ ਤੀਜੀ ਜਿੱਤ ਨਾਲ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਹੈ।