ਨਵੀਂ ਦਿੱਲੀ, 30 ਅਕਤੂਬਰ- ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ‘ਔਰਾ ਇੰਡੀਆ ਟੂਰ 2026’ ਤਹਿਤ 30 ਅਕਤੂਬਰ ਨੂੰ ਜਵਾਹਰਲਾਲ ਨਹਿਰੂ (ਜੇਐੱਲਐੱਨ) ਸਟੇਡੀਅਮ ਵਿਚ ਹੋਣ ਵਾਲੇ ਕੰਸਰਟ ਨੂੰ ਦੇਖਦਿਆਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਮੈਟਰੋ ਸੇਵਾਵਾਂ ਦਾ ਸਮਾਂ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਸ਼ੁੱਕਰਵਾਰ ਰਾਤ ਨੂੰ ਮੈਟਰੋ ਰੇਲ ਗੱਡੀਆਂ ਅੱਧੀ ਰਾਤ 12 ਵਜੇ ਤੱਕ ਚੱਲਣਗੀਆਂ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਵਲੋਂ ਦਿੱਤੀ ਜਾਣਕਾਰੀ ਅਨੁਸਾਰ, ਏਅਰਪੋਰਟ ਐਕਸਪ੍ਰੈੱਸ ਲਾਈਨ ਅਤੇ ਗੁਰੂਗ੍ਰਾਮ ਦੀ ਰੈਪਿਡ ਮੈਟਰੋ ਨੂੰ ਛੱਡ ਕੇ ਦਿੱਲੀ ਮੈਟਰੋ ਦੀਆਂ ਬਾਕੀ ਸਾਰੀਆਂ ਲਾਈਨਾਂ ’ਤੇ ਇਹ ਸਹੂਲਤ ਲਾਗੂ ਹੋਵੇਗੀ। ਕੰਸਰਟ ਵਿਚ ਲਗਭਗ 70 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਦਰਸ਼ਕਾਂ ਦੀ ਸਹੂਲਤ ਲਈ ਚੱਲਣਗੀਆਂ ਵਾਧੂ ਟ੍ਰੇਨਾਂ
ਕੰਸਰਟ ਖ਼ਤਮ ਹੋਣ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕਾਂ ਦੀ ਵਾਪਸੀ ਨੂੰ ਸੁਚਾਰੂ ਬਣਾਉਣ ਲਈ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਵਲੋਂ ਵਾਧੂ ਮੈਟਰੋ ਟ੍ਰੇਨਾਂ ਚਲਾਈਆਂ ਜਾਣਗੀਆਂ। ਯਾਤਰੀਆਂ ਦੀ ਗਿਣਤੀ ਨੂੰ ਦੇਖਦਿਆਂ ਲੋੜ ਪੈਣ ’ਤੇ ਹੋਰ ਟ੍ਰੇਨਾਂ ਵੀ ਤਿਆਰ ਰੱਖੀਆਂ ਜਾਣਗੀਆਂ।
ਇਸ ਤੋਂ ਇਲਾਵਾ, ਜੇਐੱਲਐੱਨ ਸਟੇਡੀਅਮ ਮੈਟਰੋ ਸਟੇਸ਼ਨ ਅਤੇ ਪ੍ਰਮੁੱਖ ਇੰਟਰਚੇਂਜ ਸਟੇਸ਼ਨਾਂ ’ਤੇ ਵਾਧੂ ਸਟਾਫ਼ ਦੇ ਨਾਲ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਜਾਣਗੇ, ਤਾਂ ਜੋ ਯਾਤਰੀਆਂ ਦੀ ਆਵਾਜਾਈ ਅਤੇ ਸੁਰੱਖਿਆ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਕੀਤਾ ਜਾ ਸਕੇ।
QR ਟਿਕਟ ਬੁਕਿੰਗ ਦੀ ਸਮਾਂ-ਸੀਮਾ ਵੀ ਵਧੇਗੀ
ਯਾਤਰੀਆਂ ਨੂੰ ਹੋਰ ਸਹੂਲਤ ਦੇਣ ਲਈ ਦਿੱਲੀ ਮੈਟਰੋ ਸਾਰਥੀ ਐਪ ਰਾਹੀਂ QR ਟਿਕਟ ਖਰੀਦਣ ਦੀ ਸਮਾਂ-ਸੀਮਾ ਵੀ ਇਕ ਘੰਟਾ ਵਧਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਜੇਐੱਲਐੱਨ ਸਟੇਡੀਅਮ ਮੈਟਰੋ ਸਟੇਸ਼ਨ ਵਾਇਲਟ ਲਾਈਨ ’ਤੇ ਸਥਿਤ ਹੈ ਅਤੇ ਸਟੇਡੀਅਮ ਦੇ ਸਭ ਤੋਂ ਨੇੜਲੇ ਮੈਟਰੋ ਸਟੇਸ਼ਨਾਂ ਵਿਚੋਂ ਇਕ ਹੈ। ਅਜਿਹੇ ਵਿੱਚ ਕੰਸਰਟ ਵਿਚ ਸ਼ਾਮਲ ਹੋਣ ਵਾਲੇ ਹਜ਼ਾਰਾਂ ਪ੍ਰਸ਼ੰਸਕਾਂ ਲਈ ਮੈਟਰੋ ਸੇਵਾਵਾਂ ਦਾ ਸਮਾਂ ਵਧਾਉਣਾ ਕਾਫ਼ੀ ਸਹਾਇਕ ਸਾਬਤ ਹੋਵੇਗਾ।