ਰਾਜਗੀਰ, 29 ਅਕਤੂਬਰ (ਪੀ. ਟੀ. ਆਈ.)-ਬਿਹਾਰ ਦੇ ਰਾਜਗੀਰ ਸਪੋਰਟਸ ਕੰਪਲੈਕਸ ਵਿਚ ਖੇਡੀ ਗਈ ਭਾਰਤ-ਨਿਊਜ਼ੀਲੈਂਡ ਰਗਬੀ ਸੀਰੀਜ਼ ਦੌਰਾਨ ਭਾਰਤ ਦੀ ਅੰਡਰ-20 ਮਹਿਲਾ ਰਗਬੀ ਸੇਵਨਜ਼ ਟੀਮ ਨੇ ਨਿਊਜ਼ੀਲੈਂਡ (ਮਾਓਰੀ) ਦੀ ਅੰਡਰ-20 ਟੀਮ ਨੂੰ 17-0 ਨਾਲ ਹਰਾ ਦਿੱਤਾ।ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਅੱਧੇ ਸਮੇਂ ਤੱਕ 12-0 ਦੀ ਬੜ੍ਹਤ ਬਣਾ ਲਈ ਸੀ।
ਇਸ ਤੋਂ ਬਾਅਦ ਖੇਡ ਮੁੜ ਸ਼ੁਰੂ ਹੋਣ ‘ਤੇ ਟੀਮ ਨੇ ਇਕ ਹੋਰ ‘ਟਰਾਈ’ (ਅੰਕ) ਹਾਸਿਲ ਕਰਕੇ ਇਕ ਸ਼ਾਨਦਾਰ ਜਿੱਤ ਦਰਜ ਕੀਤੀ। ਦੂਜੇ ਪਾਸੇ, ਭਾਰਤ ਦੀ ਪੁਰਸ਼ ਅੰਡਰ-20 ਟੀਮ ਨੂੰ ਨਿਊਜ਼ੀਲੈਂਡ ਮਾਓਰੀ ਟੀਮ ਹੱਥੋਂ 32-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਇਹ ਦੁਵੱਲੀ ਲੜੀ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡ ਸੰਬੰਧਾਂ ਦੇ 100 ਸਾਲ ਪੂਰੇ ਹੋਣ ਦੀ ਯਾਦ ਵਿਚ ਕਰਵਾਈ ਗਈ ਸੀ। ਇਸ ਵਿਚ ਦੋ ਅਜਿਹੇ ਪ੍ਰਦਰਸ਼ਨੀ ਮੈਚ ਵੀ ਸ਼ਾਮਿਲ ਸਨ, ਜਿਨ੍ਹਾਂ ਵਿਚ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਨੂੰ ਮਿਲਾ ਕੇ ਟੀਮਾਂ ਬਣਾਈਆਂ ਗਈਆਂ ਸਨ।
‘ਰਗਬੀ ਇੰਡੀਆ’ ਦੇ ਪ੍ਰਧਾਨ ਰਾਹੁਲ ਬੋਸ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਖੇਡ ਸੰਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਨੌਜਵਾਨ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਤਜਰਬਾ ਪ੍ਰਦਾਨ ਕਰਨਾ ਸੀ।ਬੋਸ ਨੇ ਮਿਸ਼ਰਤ ਟੀਮਾਂ ਵਾਲੇ ਮੈਚਾਂ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਇਹ ਮੈਚ ਰਗਬੀ ਖੇਡ ਦੇ ਮੁੱਲਾਂ, ਜਿਵੇਂ ਕਿ ਸਤਿਕਾਰ, ਟੀਮ ਵਰਕ ਅਤੇ ਦੋਸਤੀ ਨੂੰ ਦਰਸਾਉਂਦੇ ਹਨ। ਇਸ ਲੜੀ ਦਾ ਮਕਸਦ ‘ਰਗਬੀ ਇੰਡੀਆ’ ਅਤੇ ‘ਨਿਊਜ਼ੀਲੈਂਡ ਰਗਬੀ’ ਵਿਚਕਾਰ ਸੰਬੰਧਾਂ ਨੂੰ ਹੋਰ ਨੇੜਲਾ ਬਣਾਉਣਾ ਅਤੇ ਨਾਲ ਹੀ ਨੌਜਵਾਨ ਖਿਡਾਰੀਆਂ ਲਈ ਨਵੇਂ ਮੌਕੇ ਪੈਦਾ ਕਰਨਾ ਸੀ।