ਫ਼ਿਰੋਜ਼ਪੁਰ, 23 ਅਕਤੂਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਪੁਲਿਸ ਨੇ ਮਿਲਟਰੀ ਇੰਟੈਲੀਜੈਂਸ ਦੇ ਅਧਿਕਾਰੀਆਂ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ.ਅਤੇ ਉਥੋਂ ਦੇ ਤਸਕਰਾਂ ਨਾਲ ਕਥਿਤ ਸੰਪਰਕ ਰੱਖ ਕੇ ਭਾਰਤੀ ਫ਼ੌਜ ਦੇ ਟਿਕਾਣਿਆਂ, ਅਸਲਾ ਡਿਪੂਆਂ ਅਤੇ ਫ਼ੌਜੀ ਛਾਉਣੀਆਂ ਸਬੰਧੀ ਗੁਪਤ ਜਾਣਕਾਰੀਆਂ ਸਾਂਝੀਆਂ ਕਰਨ ਦੇ ਦੋਸ਼ ਹੇਠ ਹਿੰਦ-ਪਾਕਿ ਕੌਮਾਂਤਰੀ ਸਰਹੱਦ 'ਤੇ ਸਥਿਤ ਆਖ਼ਰੀ ਪਿੰਡ ਕਾਲੂ ਵਾਲਾ ਦੇ ਇਕ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਫ਼ਿਰੋਜ਼ਪੁਰ ਦੇ ਮੁਖੀ ਇੰਸਪੈਕਟਰ ਗੁਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਵਿਚ ਗੁਰਪ੍ਰੀਤ ਸਿੰਘ ਉਰਫ਼ ਗੋਰਾ ਅਤੇ ਉਸ ਦੀ ਪਤਨੀ ਹਰਮਨਪ੍ਰੀਤ ਕੌਰ ਖ਼ਿਲਾਫ਼ ਸਰਕਾਰੀ ਭੇਤ ਗੁਪਤ ਰੱਖਣ ਸਬੰਧੀ ਕਾਨੂੰਨ, 1923 ਦੀਆਂ ਧਾਰਾਵਾਂ 3 ਅਤੇ 4 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।