17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਖੇਤੀਬਾੜੀ ਵਿਭਾਗ ਵਲੋਂ ਕੈਮੀਕਲ ਫੈਕਟਰੀ ਵਿਚ ਖੇਤੀਬਾੜੀ ਗ੍ਰੇਡ ਯੂਰੀਆ ਖਾਦ ਦੀ ਵੱਡੀ ਖੇਪ ਜ਼ਬਤ, ਐਫ.ਆਈ.ਆਰ ਦਰਜ, ਦੋ ਗ੍ਰਿਫ਼ਤਾਰ

ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਜੀ.ਐੱਸ.ਟੀ. ਇੰਟੈਲੀਜੈਂਸ ਵਲੋਂ...

ਅਜੀਤ ਡੈਸਕ 17-10-2026

ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਜੀ.ਐੱਸ.ਟੀ. ਇੰਟੈਲੀਜੈਂਸ ਵਲੋਂ ਸਾਂਝੀ ਕਾਰਵਾਈ ਕਰਦਿਆਂ ਬੱਲ ਕਲਾਂ ਮਜੀਠਾ ਰੋਡ ਸਥਿਤ ਮ੍ਰਿਧੁਲ ਕੈਮੀਕਲਜ਼ ਦੇ ਕੰਪਲੈਕਸ 'ਤੇ ਛਾਪੇਮਾਰੀ ਕੀਤੀ ਗਈ। ਇਸ ਕਾਰਵਾਈ ਦੌਰਾਨ ਖੇਤੀਬਾੜੀ ਵਿਚ ਵਰਤੀ ਜਾਣ ਵਾਲੀ ਯੂਰੀਆ ਖਾਦ ਦੇ ਲਗਭਗ 4000 ਬੈਗ ਜ਼ਬਤ ਕੀਤੇ ਗਏ।

ਜ਼ਬਤ ਕੀਤੀ ਗਈ ਯੂਰੀਆ ਖਾਦ ਹਿੰਦੁਸਤਾਨ ਉਰਵਰਕ ਰਸਾਇਣ ਲਿਮਟਿਡ, ਰਾਸ਼ਟਰੀਅ ਕੈਮੀਕਲਜ਼ ਫਰਟੀਲਾਈਜ਼ਰਜ਼ ਲਿਮਟਿਡ ਅਤੇ ਕ੍ਰਿਭਕੋ ਫਰਟੀਲਾਈਜ਼ਰ ਲਿਮਿਟਿਡ ਵਲੋਂ ਬਣਾਈ ਗਈ ਹੈ। ਇਸ ਮੌਕੇ ਜਗਸੀਰ ਸਿੰਘ, ਸਹਾਇਕ ਨਿਰਦੇਸ਼ਕ, ਜੀ.ਐਸ.ਟੀ. ਇੰਟੈਲੀਜੈਂਸ ਦੀ ਟੀਮ ਵਲੋਂ ਸਬੰਧਤ ਉਦਯੋਗਿਕ ਇਕਾਈ ਦਾ ਹੋਰ ਦਫ਼ਤਰੀ ਰਿਕਾਰਡ ਵੀ ਜਾਂਚ ਹਿੱਤ ਕਬਜੇ ਵਿਚ ਲਿਆ ਗਿਆ।

ਇਸ ਮਾਮਲੇ ਸਬੰਧੀ ਡੀ.ਐੱਸ.ਪੀ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਜ਼ਰੂਰੀ ਵਸਤਾਂ ਐਕਟ, 1955 ਖਾਦ ਕੰਟਰੋਲ ਆਰਡਰ 1985 ਅਤੇ ਭਾਰਤੀਅ ਨਿਆਏ ਸੰਹਿਤਾ 318(4) ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਾਰਵਾਈ ਦੇਰ ਰਾਤ ਤੱਕ ਚਲਦੀ ਰਹੀ ਅਤੇ ਇਸ ਮਾਮਲੇ ਵਿਚ ਹੁਣ ਤੱਕ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਮਲੇ ਦੀ ਪੂਰੀ ਨਿਰਪੱਖ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਵਿਅਕਤੀ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਸ. ਅਮਰਜੀਤ ਸਿੰਘ ਦੋਸਾਂਝ ਨੇ ਦੱਸਿਆ ਕਿ ਖੇਤੀਬਾੜੀ ਗ੍ਰੇਡ ਯੂਰੀਆ ਨੀਮ ਕੋਟਿਡ ਯੂਰੀਆ ਹੈ ਜਿਸ ਉਪਰ ਸਰਕਾਰ ਵਲੋਂ ਕਿਸਾਨਾ ਦੀ ਸਹੂਲਤ ਲਈ ਭਾਰੀ ਸਬਸਿਡੀ ਦਿੱਤੀ ਜਾਂਦੀ ਹੈ ਪ੍ਰੰਤੂ ਸਬਸਿਡੀ ਅਤੇ ਖੇਤੀਬਾੜੀ ਗ੍ਰੇਡ ਹੋਣ ਕਾਰਨ ਇਹ ਯੂਰੀਆ ਕੇਵਲ ਖੇਤੀਬਾੜੀ ਵਿਚ ਹੀ ਵਰਤੋਂ ਕਰਨ ਲਈ ਪ੍ਰਵਾਨਿਤ ਹੈ। ਉਦਯੋਗਿਕ ਇਕਾਈਆਂ ਦੀ ਵਰਤੋਂ ਵਾਸਤੇ ਖਾਦ ਕੰਪਨੀਆਂ ਵਲੋਂ ਟੈਕਨੀਕਲ ਗ੍ਰੇਡ ਯੂਰੀਆ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਉੱਪਰ ਸਰਕਾਰ ਵਲੋਂ ਕੋਈ ਵੀ ਸਬਸਿਡੀ ਨਹੀਂ ਦਿੱਤੀ ਜਾਂਦੀ।

ਉਨ੍ਹਾਂ ਦੱਸਿਆ ਕਿ ਜ਼ਬਤ ਕੀਤੀ ਗਈ ਖਾਦ ਦੇ ਨਮੂਨੇ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਪੰਜਾਬ ਸਰਕਾਰ ਕਿਸਾਨਾ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ ਜਿਸ ਤਹਿਤ ਵਿਭਾਗ ਵਲੋਂ ਭਵਿੱਖ ਵਿਚ ਵੀ ਅਜਿਹੀਆਂ ਚੈਕਿੰਗਾਂ ਲਗਾਤਾਰ ਜਾਰੀ ਰਹਿਣਗੀਆਂ ਅਤੇ ਜੇਕਰ ਕਿਸੇ ਉਦਯੋਗਿਕ ਇਕਾਈ ਵਿਚ ਸਬਸਿਡਾਈਜ਼ਡ ਖੇਤੀਬਾੜੀ ਗ੍ਰੇਡ ਯੂਰੀਆ ਖਾਦ ਦੀ ਵਰਤੋਂ ਜਾਂ ਡਾਇਵਰਜ਼ਨ ਹੁੰਦੀ ਪਾਈ ਜਾਂਦੀ ਹੈ ਤਾਂ ਸਬੰਧਤ ਵਿਅਕਤੀਆਂ ਖਿਲਾਫ਼ ਖਾਦ ਕੰਟਰੋਲ ਆਰਡਰ 1985, ਜਰੂਰੀ ਵਸਤਾਂ ਐਕਟ 1955 ਅਤੇ ਭਾਰਤੀਅ ਨਿਆਏ ਸੰਹਿਤਾ 318(4) ਤਹਿਤ ਕਾਰਵਾਈ ਕੀਤੀ ਜਾਵੇਗੀ।

ਪਿਛਲੀ ਖ਼ਬਰ ਪੁਲਿਸ ਅਤੇ ਡਰੱਗ ਇੰਸਪੈਕਟਰ ਵਲੋਂ ਮੈਡੀਕਲ ਦੁਕਾਨਾਂ ਅਤੇ ਕਲੀਨਿਕਾਂ 'ਤੇ ਛਾਪੇਮਾਰੀ ਅਗਲੀ ਖ਼ਬਰ ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਲੁੱਟਣ ਦੀ ਅਸਫਲ ਕੋਸ਼ਿਸ਼