ਮੰਡੀ ਕਿੱਲਿਆਂਵਾਲੀ (ਸ਼੍ਰੀ ਮੁਕਤਸਰ ਸਾਹਿਬ), 12 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੇ ਹਲਕੇ ਲੰਬੀ ਵਿਚ ਸਿੰਚਾਈ ਵਿਭਾਗ ਦੀ ਕਥਿਤ ਲਾਪਰਵਾਹੀ ਨੇ ਪੰਜ ਪਿੰਡਾਂ ਦੇ ਕਿਸਾਨਾਂ ਦੀ ਮਹੀਨਿਆਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ ਹੈ। ਤਿਉਣਾ ਡਿਸਟਰੀਬਿਊਟਰੀ ਤੇ ਇਸ ਦੀ ਹੇਠਲੀ ਮਿਠੜੀ ਮਾਈਨਰ ਵਿਚ ਤਿੰਨ ਥਾਵਾਂ ’ਤੇ ਪਾੜ ਪੈਣ ਕਾਰਨ ਮਹਿਣਾ, ਮਿਠੜੀ ਬੁੱਧਗਿਰ, ਸਿੰਘੇਵਾਲਾ, ਗੱਗੜ ਅਤੇ ਫ਼ਰੀਦਕੋਟ ਕੋਟਲੀ ਦੇ ਸੈਂਕੜੇ ਏਕੜ ਪੱਕਣ ਕੰਢੇ ਖੜ੍ਹੇ ਝੋਨੇ ਵਿਚ ਪਾਣੀ ਭਰ ਗਿਆ।
ਫ਼ਰੀਦਕੋਟ ਕੋਟਲੀ ਦੀ ਆਬਾਦੀ ਤੱਕ ਪਾਣੀ ਪੁੱਜ ਗਿਆ। ਵਿਭਾਗੀ ਸੂਤਰਾਂ ਵਲੋਂ ਇਹ ਪਾੜ ਪੈਣ ਦਾ ਕਾਰਨ ਪਿਛਿਓਂ ਪਾਣੀ ਵੱਧ ਛੱਡਣਾ ਦੱਸਿਆ ਜਾ ਰਿਹਾ ਹੈ। ਪਾੜ ਪੂਰਨ ਲਈ ਭੇਜੀ ਪੋਕਲੇਨ ਮਸ਼ੀਨ ਪਹਿਲਾਂ ਡੀਜ਼ਲ ਅਤੇ ਫਿਰ ਬੈਟਰੀ ਦੀ ਘਾਟ ਕਾਰਨ ਬੰਦ ਰਹੀ। ਵਿਭਾਗੀ ਸੂਤਰਾਂ ਮੁਤਾਬਕ ਪਾਣੀ ਘਟਾਉਣ ਦੀ ਅਗਾਊਂ ਸੂਚਨਾ ਦੇ ਬਾਵਜੂਦ ਪਿੱਛੋਂ ਵੱਧ ਪਾਣੀ ਛੱਡਣ ਕਾਰਨ ਪਾੜ ਪਏ। ਮਾਮਲਾ ਸਿੰਚਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਤੱਕ ਪੁੱਜਣ ਮਗਰੋਂ ਨਿਗਰਾਨ ਇੰਜਨੀਅਰ, ਕਾਰਜਕਾਰੀ ਇੰਜਨੀਅਰ ਜਗਮੀਤ ਸਿੰਘ ਤੇ ਐਸ.ਡੀ.ਓ. ਸੁਖਪ੍ਰੀਤ ਸਿੰਘ ਮੌਕੇ ’ਤੇ ਪੁੱਜੇ।
ਮਹਿਣਾ ਨੇੜੇ ਤਿਉਣਾ ਡਿਸਟਰੀਬਿਊਟਰੀ ਦੀ 88000 ਬੁਰਜੀ ’ਤੇ ਮੋਘਾ ਨੰਬਰ 87 ਕੋਲ ਕਰੀਬ 100 ਫੁੱਟ ਚੌੜਾ ਪਾੜ ਪਿਆ। ਮਿਠੜੀ ਮਾਈਨਰ ਵਿਚ ਸਿੰਘੇਵਾਲਾ ਨੇੜੇ ਅਤੇ ਗੱਗੜ ਤੇ ਫ਼ਰੀਦਕੋਟ ਕੋਟਲੀ ਵਿਚਕਾਰ ਵੀ 80 ਤੋਂ 100 ਫੁੱਟ ਤੱਕ ਚੌੜੇ ਪਾੜ ਪਏ। ਮਹਿਣਾ ਨੇੜੇ ਕਿਸਾਨ ਰਣਜੀਤ ਸਿੰਘ, ਮੁਖ਼ਤਿਆਰ ਸਿੰਘ, ਜਗਪਾਲ ਸਿੰਘ, ਬਲਕੌਰ ਸਿੰਘ ਤੇ ਹੋਰਨਾਂ ਦਾ ਕਰੀਬ 100 ਕਿੱਲੇ ਰਕਬਾ ਪ੍ਰਭਾਵਿਤ ਹੋਇਆ। ਮਿਠੜੀ ਦੇ ਕਿਸਾਨ ਜਗਤਾਰ ਸਿੰਘ ਤੇ ਅਵਤਾਰ ਸਿੰਘ ਦੀ ਫ਼ਸਲ ਵੀ ਪਾਣੀ ਦੀ ਲਪੇਟ ਵਿਚ ਆਈ। ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ।
ਕਿਸਾਨਾਂ ਨੇ ਦੋਸ਼ ਲਾਇਆ ਕਿ ਪਾੜ ਪੈਣ ਮਗਰੋਂ ਵੀ ਵਿਭਾਗ ਨੇ ਸਮੇਂ ਸਿਰ ਪਾਣੀ ਦਾ ਵਹਾਅ ਬੰਦ ਨਹੀਂ ਕੀਤਾ। ਐਸ.ਡੀ.ਓ. ਸੁਖਪ੍ਰੀਤ ਸਿੰਘ ਨੇ ਹੈੱਡ ਤੋਂ ਪਾਣੀ 337 ਤੋਂ ਘਟਾ ਕੇ 265-270 ਕਿਊਸਿਕ ਕਰਨ ਦਾ ਦਾਅਵਾ ਕੀਤਾ। ਕਿਸਾਨ ਨੈਬ ਸਿੰਘ ਤੇ ਗੁਰਪ੍ਰੀਤ ਸਿੰਘ ਕੁਲਾਰ ਅਤੇ ਜਗਜੀਤ ਸਿੰਘ ਨੇ ਕਿਹਾ ਕਿ ਡਿਸਟਰੀਬਿਊਟਰੀ ਦੀ ਸਫ਼ਾਈ ਸਿਰਫ਼ ਕਾਗਜ਼ਾਂ ਵਿਚ ਦਿਖਾਈ ਗਈ। ਉਨ੍ਹਾਂ ਕਥਿਤ ਘਪਲੇ ਦੀ ਉੱਚ ਪੱਧਰੀ ਜਾਂਚ ਮੰਗੀ। ਮਿਠੜੀ ਬੁੱਧਗਿਰ ਤੇ ਸਿੰਘੇਵਾਲਾ ਵਿਚਕਾਰ ਕਿਸਾਨ ਕੌਰ ਸਿੰਘ ਮਾਨ ਦੇ ਖੇਤ ਨੇੜੇ 50 ਤੋਂ 55 ਫੁੱਟ ਚੌੜਾ ਪਾੜ ਪੈਣ ਕਾਰਨ 60 ਤੋਂ 70 ਏਕੜ ਝੋਨਾ ਡੁੱਬ ਗਿਆ।
ਕਿਸਾਨ ਅੰਗਰੇਜ਼ ਸਿੰਘ ਨੇ ਦੱਸਿਆ ਕਿ ਕੌਰ ਸਿੰਘ ਮਾਨ, ਬਲਜੀਤ ਸਿੰਘ, ਜਗਤਾਰ ਸਿੰਘ ਤੇ ਹੋਰਨਾਂ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਮੁਤਾਬਕ ਉਸਦੇ ਖੇਤ ਵਿਚ ਇਕ ਮਹੀਨੇ ਵਿਚ ਮਾਈਨਰ ਤੀਜੀ ਵਾਰ ਟੁੱਟਿਆ ਹੈ। ਪਹਿਲਾਂ ਪਏ ਪਾੜ ਮਿੱਟੀ ਦੇ ਗੱਟੇ ਲਾ ਕੇ ਬੰਦ ਕੀਤੇ ਗਏ ਸਨ। ਕਿਸਾਨਾਂ ਨੇ ਮਾਈਨਰ ਵਿਚ ਘਾਹ-ਫੂਸ ਤੇ ਬੂਟੀ ਦੀ ਭਰਮਾਰ ਨੂੰ ਵੀ ਪਾੜਾਂ ਦਾ ਕਾਰਨ ਦੱਸਿਆ। ਖੇਤਾਂ ਵਿਚ ਪਾਣੀ ਭਰਨ ਕਾਰਨ ਝੋਨੇ ਦੀ ਕਟਾਈ ਰੁਕ ਗਈ ਹੈ ਅਤੇ ਕੰਬਾਈਨਾਂ ਨਹੀਂ ਚੱਲ ਸਕਦੀਆਂ।
ਫ਼ਰੀਦਕੋਟ ਕੋਟਲੀ ਦੇ ਵਸਨੀਕ ਸੁਖਪਾਲ ਸਿੰਘ ਮੁਤਾਬਕ ਮੋਘੇ ਨੇੜੇ ਤੜਕੇ 3-4 ਵਜੇ ਪਾੜ ਪਿਆ। ਤੇਜ਼ ਵਹਾਅ ਝੋਨੇ ਦੇ ਖੇਤਾਂ ਨੂੰ ਡੁਬੋਣ ਮਗਰੋਂ ਆਬਾਦੀ ਨੇੜੇ ਪੁੱਜ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਕਈ ਘੰਟਿਆਂ ਤੱਕ ਪਿੱਛੋਂ ਪਾਣੀ ਬੰਦ ਨਾ ਹੋਣ ਕਾਰਨ ਪਾੜ ਚੌੜਾ ਹੁੰਦਾ ਗਿਆ। ਕਿਸਾਨਾਂ ਨੇ ਨਹਿਰੀ ਪਾਣੀ ਤੁਰੰਤ ਬੰਦ ਕਰਨ, ਪਾੜ ਜਲਦੀ ਪੂਰਨ, ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਅਤੇ ਲਾਪਰਵਾਹੀ ਦੀ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ।
ਪੋਕਲੇਨ ਚਾਲਕ ਨੇ ਖੋਲ੍ਹੀ ਵਿਭਾਗੀ ਪ੍ਰਬੰਧਾਂ ਦੀ ਪੋਲ
ਮਹਿਣਾ ਵਿਚ ਪਾੜ ਪੂਰਨ ਆਈ ਪੋਕਲੇਨ ਮਸ਼ੀਨ ਪਹਿਲਾਂ ਡੀਜ਼ਲ ਨਾ ਹੋਣ ਕਾਰਨ ਬੰਦ ਰਹੀ। ਕਿਸਾਨਾਂ ਦੇ ਰੌਲੇ ਮਗਰੋਂ ਡੀਜ਼ਲ ਮਿਲਿਆ ਤਾਂ ਕੁਝ ਸਮੇਂ ਬਾਅਦ ਬੈਟਰੀ ਡਾਊਨ ਹੋ ਗਈ। ਇਸ ਕਾਰਨ ਮੁਰੰਮਤ ਦਾ ਕੰਮ ਘੰਟਿਆਂ ਠੱਪ ਰਿਹਾ। ਠੇਕੇਦਾਰ ਦੀ ਪੋਕਲੇਨ ਦੇ ਚਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਸ਼ੀਨ ਪ੍ਰਤੀ ਘੰਟਾ 9-10 ਲੀਟਰ ਡੀਜ਼ਲ ਖ਼ਰਚ ਕਰਦੀ ਹੈ। ਉਸ ਨੇ ਪਹਿਲਾਂ ਹੀ ਅਧਿਕਾਰੀਆਂ ਨੂੰ ਤੇਲ ਦਾ ਪ੍ਰਬੰਧ ਕਰਨ ਲਈ ਕਿਹਾ ਸੀ। ਡੀਜ਼ਲ ਮਿਲਣ ਮਗਰੋਂ ਬੈਟਰੀ ਨੇ ਜਵਾਬ ਦੇ ਦਿੱਤਾ। ਉਸ ਨੇ ਮਹਿਣਾ ਦੀਆਂ ਗਲੀਆਂ ਵਿੱਚ ਨੀਵੀਆਂ ਬਿਜਲੀ ਦੀਆਂ ਤਾਰਾਂ ਅਤੇ ਖੇਤਾਂ ਵੱਲ ਜਾਂਦੇ ਤੰਗ ਮੋੜਾਂ ਦੀ ਸਮੱਸਿਆ ਵੀ ਦੱਸੀ।
ਮੋਘੇ ਬੰਦ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਤਿਆਰੀ: ਐਕਸੀਅਨ
ਸਿੰਚਾਈ ਵਿਭਾਗ ਦੇ ਐਕਸੀਅਨ ਜਗਮੀਤ ਸਿੰਘ ਨੇ ਦੱਸਿਆ ਕਿ ਮੌਸਮ ਦੇ ਮੱਦੇਨਜ਼ਰ 10 ਅਕਤੂਬਰ ਤੋਂ ਬਾਅਦ ਰੋਪੜ ਤੋਂ ਪਾਣੀ ਦਾ ਵਹਾਅ ਘਟਾ ਦਿੱਤਾ ਗਿਆ ਸੀ। ਪਹਿਲਾਂ 337 ਕਿਊਸਿਕ ਪਾਣੀ ਆ ਰਿਹਾ ਸੀ, ਜੋ ਘਟ ਕੇ 280 ਕਿਊਸਿਕ ਰਹਿ ਗਿਆ। ਉਨ੍ਹਾਂ ਮੁਤਾਬਕ ਦੁਪਹਿਰ ਤੱਕ ਵਹਾਅ 150 ਕਿਊਸਿਕ ਹੋਣ ਦੀ ਸੰਭਾਵਨਾ ਸੀ। ਐਕਸੀਅਨ ਨੇ ਕਿਹਾ ਕਿ ਪਾੜ ਵਾਲੀ ਥਾਂ ਤੋਂ ਪਿੱਛੇ ਤਿਉਣਾ ਵੱਲ 7-8 ਮੋਘੇ ਬੰਦ ਕੀਤੇ ਹੋਏ ਸਨ, ਜਿਸ ਨਾਲ ਪਾਣੀ ਦਾ ਦਬਾਅ ਵਧਿਆ। ਮੋਘੇ ਬੰਦ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।