ਕਪੂਰਥਲਾ, 8 ਅਕਤੂਬਰ (ਅਮਨਜੋਤ ਸਿੰਘ ਵਾਲੀਆ)- ਸਿਹਤ ਵਿਭਾਗ ਵਿਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਸਿਵਲ ਸਰਜਨ ਦਫ਼ਤਰ ਬਾਹਰ ਰੋਸ ਵਿਖਾਵਾ ਕਰਕੇ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਜਨਰਲ ਸਕੱਤਰ ਰਾਮ ਸਿੰਘ ਨੇ ਦੱਸਿਆ ਕਿ ਯੂਨੀਅਨ ਨੂੰ ਸਰਕਾਰ ਵਲੋਂ ਅਜੇ ਤਕ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ ਹੈ ਜਿਸ ਦੇ ਰੋਸ ਵਜੋਂ ਸਮੂਹ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਾਮਿਆਂ ਵਲੋਂ 9 ਅਕਤੂਬਰ ਨੂੰ ਮਾਸ ਲੀਵ ਦੇ ਕੇ ਧੂਰੀ ਵਿਖੇ ਰੋਸ ਰੈਲੀ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਯੂਨੀਅਨ ਪਿਛਲੇ ਕਈ ਸਾਲਾਂ ਤੋਂ ਬਰਾਬਰ ਕੰਮ ਬਰਾਬਰ ਤਨਖ਼ਾਹ, ਰਿਟਾਇਰਮੈਂਟ ਤੋਂ ਬਾਅਦ ਗਰੈਚੁਟੀ ਅਤੇ ਤਨਖ਼ਾਹਾਂ ਵਿਚ ਸਨਮਾਨਜਨਕ ਵਾਧੇ ਦੀਆਂ ਮੰਗਾਂ ਲਈ ਸੰਘਰਸ਼ ਕਰ ਰਹੀ ਹੈ। ਰਾਮ ਸਿੰਘ ਨੇ ਇਹ ਵੀ ਦੱਸਿਆ ਕਿ ਸਰਕਾਰ ਵਲੋਂ ਇਕ ਕਮੇਟੀ ਗਠਿਤ ਕਰ ਕੇ ਜਲਦ ਤੋਂ ਜਲਦ ਮੰਗਾਂ ਦੇ ਨਿਪਟਾਰੇ ਲਈ ਵਾਅਦਾ ਵੀ ਕੀਤਾ ਗਿਆ ਸੀ ਪਰ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਨਾ ਤਾਂ ਕਮੇਟੀ ਗਠਿਤ ਹੋਈ ਤੇ ਨਾ ਹੀ ਸਰਕਾਰ ਵਲੋਂ ਕਰਮਚਾਰੀਆਂ ਦੀਆਂ ਮੰਗਾਂ ਦੇ ਸੰਬੰਧ ਵਿਚ ਕੋਈ ਪੱਤਰ ਜਾਰੀ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਮੂਹ ਕਰਮਚਾਰੀਆਂ ਵਿਚ ਸਰਕਾਰ ਦੀਆਂ ਟਾਲ ਮਟੋਲ ਵਾਲੀਆਂ ਨੀਤੀਆਂ ਦੇ ਖ਼ਿਲਾਫ਼ ਰੋਸ ਹੈ ਜਿਸ ਨੂੰ ਧੂਰੀ ਰੈਲੀ ਵਿਚ ਲੋਕਾਂ ਵਿਚ ਜਾ ਜਾ ਕੇ ਹੋਰ ਉਜ਼ਾਗਰ ਕੀਤਾ ਜਾਵੇਗਾ। ਇਸ ਮੌਕੇ ਡਾ. ਨਵਪ੍ਰੀਤ ਕੌਰ, ਪੰਕਜ ਵਾਲੀਆ, ਪੰਚਮ, ਕਮਲਜੀਤ ਸਿੰਘ, ਸੰਤੋਸ਼ ਕੁਮਾਰੀ, ਪਿ੍ਯੰਕਾ, ਗੁਰਵਿੰਦਰ ਸਿੰਘ, ਮਨੀਸ਼ ਕੁਮਾਰ, ਵਿਸ਼ਾਲ ਤੋਂ ਇਲਾਵਾ ਹੋਰ ਹਾਜ਼ਰ ਸਨ।