ਗੁਰੂ ਹਰ ਸਹਾਏ ( ਫ਼ਿਰੋਜ਼ਪੁਰ), 8 ਅਕਤੂਬਰ (ਕਪਿਲ ਕੰਧਾਰੀ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪੰਜਾਬ ਬਚਾਓ ਰੈਲੀਆਂ ਤੋਂ ਬਾਅਦ ਹੁਣ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਅਤੇ ਉਨ੍ਹਾਂ ਦੇ ਮੁੱਦੇ ਜਾਣਨ ਲਈ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਤਹਿਤ ਹਲਕਾ ਗੁਰੂ ਹਰ ਸਹਾਏ ਵਿਚ ਪਾਰਟੀ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿਚ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ।
ਇਸ ਮੁਹਿੰਮ ਦਾ ਆਗਾਜ਼ ਪਿੰਡ ਸੋਹਣਗੜ੍ਹ ਰੱਤੇਵਾਲਾ ਤੋਂ ਕੀਤਾ ਗਿਆ, ਜਿਸ ਤੋਂ ਬਾਅਦ ਪਿੰਡ ਕੋਹਰ ਸਿੰਘ ਵਾਲਾ, ਮਾੜੇ ਕਲਾਂ ਅਤੇ ਅੱਜ ਪਿੰਡ ਮੇਘਾ ਰਾਏ ਉੱਤਾੜ ਵਿਖੇ ਡੋਰ-ਟੂ-ਡੋਰ ਮੁਹਿੰਮ ਚਲਾਈ ਗਈ। ਇਸ ਦੌਰਾਨ ਵਰਦੇਵ ਸਿੰਘ ਨੋਨੀ ਮਾਨ ਖੁਦ ਪਾਰਟੀ ਵਰਕਰਾਂ ਸਮੇਤ ਘਰ-ਘਰ ਪਹੁੰਚੇ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਪੰਜਾਬ ਨਾਲ ਸਬੰਧਤ ਅਹਿਮ ਮੁੱਦਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਲੋਕਾਂ ਵਲੋਂ ਆਪੋ-ਆਪਣੀ ਰਾਇ ਅਤੇ ਸਮੱਸਿਆਵਾਂ ਸਬੰਧੀ ਫਾਰਮ ਵੀ ਭਰ ਕੇ ਦਿੱਤੇ ਗਏ। ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦਾ ਮੁੱਖ ਉਦੇਸ਼ ਲੋਕਾਂ ਨਾਲ ਸਿੱਧਾ ਸੰਪਰਕ ਕਾਇਮ ਕਰਨਾ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਪੰਜਾਬ ਦੇ ਮੁੱਦਿਆਂ ਸਬੰਧੀ ਲੋਕਾਂ ਦੀ ਰਾਇ ਜਾਣਨਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਸਾਹਮਣੇ ਕਈ ਸਮੱਸਿਆਵਾਂ ਖੜ੍ਹੀਆਂ ਹੋਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਦੌਰਾਨ ਲੋਕਾਂ ਨੂੰ ਮਿਲ ਰਹੀਆਂ ਕਈ ਸਹੂਲਤਾਂ ਅਤੇ ਲਾਭ ਮੌਜੂਦਾ ਸਰਕਾਰ ਵਲੋਂ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਚਿੰਤਤ ਰਿਹਾ ਹੈ ਅਤੇ ਲੋਕਾਂ ਵਲੋਂ ਦੱਸੇ ਜਾ ਰਹੇ ਮੁੱਦਿਆਂ ਨੂੰ ਇਕੱਠਾ ਕਰਕੇ ਉਨ੍ਹਾਂ ਦੇ ਹੱਲ ਲਈ ਠੋਸ ਰਣਨੀਤੀ ਤਿਆਰ ਕੀਤੀ ਜਾਵੇਗੀ।
ਨੋਨੀ ਮਾਨ ਨੇ ਕਿਹਾ ਕਿ ਇਹ ਡੋਰ-ਟੂ-ਡੋਰ ਮੁਹਿੰਮ ਪੜਾਅਵਾਰ ਢੰਗ ਨਾਲ ਪਿੰਡ-ਪਿੰਡ ਜਾਰੀ ਰੱਖੀ ਜਾਵੇਗੀ। ਪਾਰਟੀ ਵਰਕਰਾਂ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਲ-ਨਾਲ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੀਆਂ ਨੀਤੀਆਂ ਅਤੇ ਪਾਰਟੀ ਵਲੋਂ ਕੀਤੇ ਗਏ ਕੰਮਾਂ ਬਾਰੇ ਵੀ ਜਾਣੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ ਐਸ.ਜੀ.ਪੀ.ਸੀ. ਮੈਂਬਰ, ਗੁਰਬਾਜ ਸਿੰਘ ਦੁਸਾਂਝ ਰੱਤੇਵਾਲਾ, ਨਰਦੇਵ ਸਿੰਘ ਬੋਬੀ ਮਾਨ, ਹਰਪਿੰਦਰ ਸਿੰਘ ਮਾਨ, ਕੌਂਸਲਰ ਰਚਿਤ ਸੋਢੀ, ਸਰਕਲ ਪ੍ਰਧਾਨ ਗੁਰਸੇਵਕ ਸਿੰਘ, ਬਲਾਕ ਸੰਮਤੀ ਮੈਂਬਰ ਜਸਵਿੰਦਰ ਸਿੰਘ, ਸੋਨੂੰ ਰੱਤੇਵਾਲਾ, ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਨਿਸ਼ਾਨ ਸਿੰਘ ਝਾੜੀਵਾਲਾ, ਲਖਵਿੰਦਰ ਸਿੰਘ ਮਹਿਮਾ, ਪ੍ਰੀਤਮ ਸਿੰਘ ਬਾਠ, ਅਮਨਦੀਪ ਸਿੰਘ, ਹਰਵਿੰਦਰ ਸਿੰਘ ਲਾਲਚੀਆਂ, ਕੌਂਸਲਰ ਰਵੀ ਕੰਬੋਜ, ਹੈਪੀ ਭੰਡਾਰੀ, ਗੁਰਵਿੰਦਰ ਸਿੰਘ ਚੁੱਘਾ, ਗੁਰਵਿੰਦਰ ਸਿੰਘ ਗਿੱਲ, ਹੈਪੀ ਬਰਾੜ ਝੰਡੂਵਾਲਾ ਸਮੇਤ ਵੱਖ-ਵੱਖ ਸਰਕਲਾਂ ਦੇ ਪ੍ਰਧਾਨ ਅਤੇ ਪਿੰਡਾਂ ਦੇ ਸਰਗਰਮ ਆਗੂ ਤੇ ਵਰਕਰ ਹਾਜ਼ਰ ਸਨ।