07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸੂਬੇ ਦੀ ਵਾਗਡੋਰ ਸੰਭਾਲਣ ’ਤੇ ਅਸੀਂ ਫਿਰ ਤੋਂ ਬਿਜਲੀ ਸਰਪਲੱਸ ਬਣਾਵਾਂਗੇ ਪੰਜਾਬ ਨੂੰ - ਸੁਖਬੀਰ ਸਿੰਘ ਬਾਦਲ

ਮੋਗਾ/ਚੰਡੀਗੜ੍ਹ, 7 ਅਕਤੂਬਰ - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਾਈਬ ਪੰਜਾਬ ਦੀ ਪ੍ਰੋਗਰਾਮ ਦੌਰਾਨ ਅਨੇਕਾਂ ਸਵਾਲਾਂ ਦੇ ਜਵਾਬ ਦਿੱਤੇ ਜਿਸ ਦੌਰਾਨ ਉਨ੍ਹਾਂ ਨੇ ਚੰਡੀਗੜ੍ਹ...

ਅਜੀਤ ਡੈਸਕ 07-10-2026

ਮੋਗਾ/ਚੰਡੀਗੜ੍ਹ, 7 ਅਕਤੂਬਰ - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਾਈਬ ਪੰਜਾਬ ਦੀ ਪ੍ਰੋਗਰਾਮ ਦੌਰਾਨ ਅਨੇਕਾਂ ਸਵਾਲਾਂ ਦੇ ਜਵਾਬ ਦਿੱਤੇ ਜਿਸ ਦੌਰਾਨ ਉਨ੍ਹਾਂ ਨੇ ਚੰਡੀਗੜ੍ਹ ਕਾਲਜ ਆਫ ਆਰਟ ਜਿਥੇ ਉਨ੍ਹਾਂ ਨੇ ਕਾਂਸੀ ਤੇ ਫਾਇਬਰਗਲਾਸ ਦੇ ਬੁੱਤ ਬਣਾਏ, ਤੋਂ ਲੈ ਕੇ ਉਨ੍ਹਾਂ ਨੇ ਪਸ਼ੂਆਂ ਨਾਲ ਪਿਆਰ ਤੇ ਹਰ ਸਵੇਰੇ ਦੋ ਘੰਟੇ ਉਨ੍ਹਾਂ ਨਾਲ ਬਿਤਾਉਣ ਸਮੇਤ ਪਿੰਡ ਵਿਚ ਰਹਿਣ ਤੇ ਪੀਜ਼ਾ ਨਾਲੋਂ ਛੋਲੇ ਭਟੂਰੇ ਨੂੰ ਪਸੰਦ ਕਰਨ ਬਾਰੇ ਗੱਲ ਕੀਤੀ।
ਦਿਲੋਂ ਜਵਾਬ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਤਿੰਦਰ ਸਰਤਾਜ ਤੇ ਦਿਲਜੀਤ ਦੁਸਾਂਝ ਨਾਲੋਂ ਏ.ਪੀ. ਢਿੱਲੋਂ ਜ਼ਿਆਦਾ ਪਸੰਦ ਹੈ ਤੇ ਉਹ ਕੌਫੀ ਨਾਲੋਂ ਨਮਕੀਨ ਲੱਸੀ ਪਸੰਦ ਕਰਦੇ ਹਨ ਤੇ ਉਨ੍ਹਾਂ ਨੂੰ ਸਮੁੰਦਰੀ ਤੱਟਾਂ ਨਾਲੋਂ ਪਹਾੜ ਜ਼ਿਆਦਾ ਪਸੰਦ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੇ ਸਕੂਲ ਵਿਚ ਭੰਗੜਾ ਟੀਮ ਦੇ ਕਪਤਾਨ ਸਨ। ਉਨ੍ਹਾਂ ਨੂੰ ਹੋਰ ਖੇਡਾਂ ਨਾਲੋਂ ਕਬੱਡੀ ਪਸੰਦ ਹੈ ਤੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਵੇਲੇ ਵਿਸ਼ਵ ਕਬੱਡੀ ਕੱਪ ਵਿਚ ਇਨਾਮੀ ਰਾਸ਼ੀ 10 ਕਰੋੜ ਰੁਪਏ ਕੀਤੀ ਜਾਵੇਗੀ।
ਉਨ੍ਹਾਂ ਨੇ ਸੂਬੇ ਲਈ ਆਪਣੀ ਕਾਰਜ ਯੋਜਨਾ ਦੀ ਗੱਲ ਕਰਦਿਆਂ ਕਬੂਲ ਕੀਤਾ ਕਿ ਉਹ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਰਗੇ ਤਾਂ ਨਹੀਂ ਬਣ ਸਕਦੇ। ਉਨ੍ਹਾਂ ਕਿਹਾ ਕਿ ਅੱਜ ਦੇ ਆਗੂ ਸਿਆਸਤ ਨੂੰ ਹਲਕੇ ਵਿਚ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀ ਤੁਲਨਾ ਕਦੇ ਵੀ ਮੇਰੇ ਪਿਤਾ ਨਾਲ ਨਹੀਂ ਕੀਤੀ ਜਾ ਸਕਦੀ ਪਰ ਮੈਂ ਆਪਣੇ ਵਲੋਂ ਸਰਵੋਤਮ ਕਾਰਗੁਜ਼ਾਰੀ ਲਈ ਯਤਨ ਕਰਾਂਗਾ। ਉਨ੍ਹਾਂ ਨੇ ਇਕ ਵਿਦਿਆਰਥੀ ਦੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੰਜਾਬ ਵਿਚ ਤੇਜ਼ੀ ਨਾਲ ਉਦਯੋਗਿਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਈ.ਟੀ. ਦੇ ਨਾਲ-ਨਾਲ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਵਿਚ ਤਰੱਕੀ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸਾਹਿਬ ਸਿੰਘ ਨਾਮ ਦੇ ਵਿਦਿਆਰਥੀ ਨੂੰ ਇਹ ਵੀ ਦੱਸਿਆ ਕਿ ਉਹ ਆਪਣਾ ਫਾਰਮ ਹਾਊਸ ਵਿਖਾ ਕੇ ਦੱਸਣਗੇ ਕਿ ਕਿਵੇਂ ਉਹ ਸਟ੍ਰੋਅਬੈਰੀ ਤੇ ਬਲੂਬੈਰੀ ਉਗਾ ਰਹੇ ਹਨ ਤੇ ਉਹ 25 ਅਕਤੂਬਰ ਨੂੰ ਇਸਦਾ ਖ਼ੁਲਾਸਾ ਕਰਨਗੇ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਇਹ  ਤਕਨਾਲੋਜੀ ਮਹਿੰਗੀ ਹੈ ਪਰ ਪੰਜਾਬ ਸਰਕਾਰ ਇਸ ’ਤੇ 75 ਫ਼ੀਸਦੀ ਸਬਸਿਡੀ ਦੇਵੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਸਿੱਖਿਆ ਖੇਤਰ ਵਿਚ ਕ੍ਰਾਂਤੀ ਲਿਆਉਣ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਿੱਖਿਆ ਸਮਝਣ, ਪੜ੍ਹਨ ਤੇ ਯਾਦ ਕਰਨ ਦੇ ਮਾਮਲੇ ਵਿਚ ਬਹੁਤ ਕੰਮ ਕਰਨਾ ਪਵੇਗਾ। ਉਨ੍ਹਾਂ ਨੇ ਹਰਮਨਦੀਪ ਥਿੰਦ ਨੂੰ ਦੱਸਿਆ ਕਿ ਸਾਰੇ ਵਿਕਸਤ ਦੇਸ਼ਾਂ ਵਿਚ ਸਿੱਖਿਆ ਬਹੁਤ ਵਿਹਾਰਕ (ਪ੍ਰੈਕਟਿਕਲ) ਹੈ ਤੇ ਪੰਜਾਬ ਵਿਚ ਇਹੋ ਕਰਨ ਦੀ ਜ਼ਰੂਰਤ ਹੈ।
ਸੁਖਬੀਰ ਸਿੰਘ ਬਾਦਲ ਨੇ ਵਿਦਿਆਰਥੀਆਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਨਸ਼ਿਆਂ ਦਾ ਖ਼ਾਤਮਾ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਕਾਨੂੰਨ ਲਿਆਵਾਂਗੇ ਜਿਸ ਨਾਲ ਨਸ਼ਾ ਤਸਕਰਾਂ ਨੂੰ 10 ਸਾਲ ਤੱਕ ਜ਼ਮਾਨਤ ਨਹੀਂ ਮਿਲੇਗੀ ਅਤੇ ਉਨ੍ਹਾਂ ਦੀਆਂ ਸਾਰੀਆਂ ਜਾਇਦਾਦਾਂ ਸਖ਼ਤ ਕਾਨੂੰਨਾਂ ਨਾਲ ਜ਼ਬਤ ਕੀਤੀਆਂ ਜਾਣਗੀਆਂ।
ਦਲਜੀਤ ਸਿੱਧੂ ਦੇ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸੱਚ ਹੈ ਕਿ ਉਨ੍ਹਾਂ ਦੇ ਘਰ ਵਿਚ ਬਿਜਲੀ ਜਾਣ ’ਤੇ ਜਨਰੇਟਰ ਦੀ ਵਰਤੋਂ ਹੁੰਦੀ ਹੈ ਪਰ ਪੰਜਾਬ ਮੁਸ਼ਕਿਲਾਂ ਝੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸੂਬੇ ਦੀ ਵਾਗਡੋਰ ਸੰਭਾਲਣ ’ਤੇ ਫਿਰ ਤੋਂ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਵਾਂਗੇ। ਉਨ੍ਹਾਂ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਵਰਲਡ ਸਕਿੱਲ ਯੂਨੀਵਰਸਿਟੀ ਸਥਾਪਿਤ ਕਰੇਗੀ ਜਿਸਦੇ ਸਾਰੇ ਜ਼ਿਲ੍ਹਿਆਂ ਵਿਚ ਸੈਂਟਰ ਹੋਣਗੇ, ਅਸੀਂ ਤਿੰਨ ਲੱਖ ਸਰਕਾਰੀ ਖਾਲੀ ਆਸਾਮੀਆਂ ਭਰਾਂਗੇ, ਹਰ ਜ਼ਿਲ੍ਹੇ ਵਿਚ ਮੈਡੀਕਲ ਤੇ ਵੈਟਨਰੀ ਕਾਲਜ ਬਣਾਏ ਜਾਣਗੇ ਤੇ ਯਕੀਨੀ ਬਣਾਇਆ ਜਾਵੇਗਾ ਕਿ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਹੀ ਮਿਲਣ।
ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਵਲੋਂ ਸੂਬੇ ਭਰ ਵਿਚ  ਲਗਾਏ ਗਏ ’ਈਮਾਨਦਾਰ ਮੁੱਖ ਮੰਤਰੀ’ ਦੇ ਬੋਰਡਾਂ ’ਤੇ ਵੀ ਪ੍ਰਤੀਕਰਮ ਜ਼ਾਹਰ ਕਰਦਿਆਂ ਕਿਹਾ ਕਿ ਚੋਣ ਜ਼ਾਬਤਾ ਲੱਗਣ ਮਗਰੋਂ ਇਹ ਹੋਰਡਿੰਗ ਠੱਗ ਮੁੱਖ ਮੰਤਰੀ ਵਿਚ ਬਦਲ ਜਾਣਗੇ। ਉਨ੍ਹਾਂ ਕਿਹਾ ਕਿ ਆਪਣੇ ਪ੍ਰਾਪੇਗੰਡੇ ਵਾਸਤੇ ਸਰਕਾਰੀ ਖ਼ਜ਼ਾਨੇ ਵਿਚੋਂ 500 ਕਰੋੜ ਰੁਪਿਆ ਵਰਤਿਆ ਗਿਆ ਹੈ।

ਪਿਛਲੀ ਖ਼ਬਰ ਦਿੱਲੀ ਪੁਲਿਸ ਕਰ ਰਹੀ ਹੈ ਜੰਤਰ-ਮੰਤਰ ਨੇੜੇ ਕਾਂਗਰਸ ਦੇ ਪ੍ਰਦਰਸ਼ਨ ਦੌਰਾਨ ਪੁਲਿਸ ਮੁਲਾਜ਼ਮਾਂ 'ਤੇ ਕਥਿਤ ਹਮਲੇ ਦੀਆਂ ਵੀਡ... ਅਗਲੀ ਖ਼ਬਰ ਕਿਸੇ ਵੀ ਹਮਲਾਵਰ ਕਾਰਵਾਈ ਦਾ ਮੁੱਖ ਆਧਾਰ ਰਹੀ ਹੈ ਹਵਾਈ ਤਾਕਤ, ਅੱਗੇ ਵੀ ਰਹੇਗੀ - ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ