ਚੋਗਾਵਾਂ/ਅੰਮ੍ਰਿਤਸਰ, 5 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਠੱਠਾ ਵਿਖੇ ਇਕ ਪਰਿਵਾਰ ਦੀ ਪਿਤਾ-ਪੁਰਖੀ ਜਗ੍ਹਾ ਉੱਤੇ ਪ੍ਰਸ਼ਾਸਨ ਦੀ ਕਥਿਤ ਸ਼ਹਿ ’ਤੇ ਨਜਾਇਜ਼ ਕਬਜ਼ਾ ਕਰਨ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵਲੋਂ ਥਾਣਾ ਲੋਪੋਕੇ ਅੱਗੇ ਲਗਾਇਆ ਧਰਨਾ ਅੱਜ ਦੂਜੇ ਦਿਨ ਪ੍ਰਸ਼ਾਸਨਿਕ ਭਰੋਸੇ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਜਥੇਬੰਦੀ ਦੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰਾਣਾ ਅਤੇ ਬਲਾਕ ਪ੍ਰਧਾਨ ਕਰਨਬੀਰ ਸਿੰਘ ਚੋਗਾਵਾਂ ਦੀ ਅਗਵਾਈ ਵਿਚ ਕਿਸਾਨਾਂ ਅਤੇ ਪੀੜਤ ਪਰਿਵਾਰ ਵਲੋਂ ਪ੍ਰਸ਼ਾਸਨ ਤੇ ਪੁਲਿਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ ਠੱਠਾ ਦੇ ਵਾਸੀ ਦਿਲਬਾਗ ਸਿੰਘ ਪੁੱਤਰ ਬੋਹੜ ਸਿੰਘ ਕੋਲ ਆਪਣੀ ਇਸ ਪਿਤਾ-ਪੁਰਖੀ ਜਗ੍ਹਾ ਦੀਆਂ ਸਾਰੀਆਂ ਕਾਨੂੰਨੀ ਡਿਗਰੀਆਂ ਅਤੇ ਦਸਤਾਵੇਜ਼ ਮੌਜੂਦ ਹਨ। ਇਸ ਦੇ ਬਾਵਜੂਦ ਸਿਆਸੀ ਤੇ ਪ੍ਰਸ਼ਾਸਨਿਕ ਸ਼ਹਿ 'ਤੇ ਬਲਜੀਤ ਸਿੰਘ, ਹਰਪਾਲ ਸਿੰਘ, ਜਸਬੀਰ ਸਿੰਘ, ਪ੍ਰਤਾਪ ਸਿੰਘ, ਸਿਮਰਨਜੀਤ ਸਿੰਘ, ਅਰਸ਼ਪ੍ਰੀਤ ਸਿੰਘ ਅਤੇ ਹੋਰਨਾਂ ਵਿਅਕਤੀਆਂ ਵਲੋਂ ਉਕਤ ਪਲਾਟ ਵਿਚ ਜ਼ਬਰਨ ਮਿੱਟੀ ਪਾ ਕੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਉਨ੍ਹਾਂ ਦੋਸ਼ ਲਾਇਆ ਕਿ ਸਥਾਨਕ ਪੁਲਿਸ ਵਲੋਂ ਸ਼ਿਕਾਇਤ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਜਥੇਬੰਦੀ ਨੂੰ ਤਿੱਖਾ ਕਦਮ ਚੁੱਕਦਿਆਂ ਥਾਣੇ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਣਾ ਪਿਆ। ਅੱਜ ਧਰਨੇ ਦੇ ਦੂਜੇ ਦਿਨ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸ.ਪੀ.ਡੀ. ਰਮਨਦੀਪ ਸਿੰਘ ਨੇ ਧਰਨਾਕਾਰੀਆਂ ਅਤੇ ਕਿਸਾਨ ਆਗੂਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਪੂਰੇ ਕੇਸ ਦੀ ਬਰੀਕੀ ਨਾਲ ਨਿਰਪੱਖ ਛਾਣਬੀਨ ਕੀਤੀ ਜਾਵੇਗੀ ਅਤੇ ਪੀੜਤ ਪਰਿਵਾਰ ਨੂੰ ਹਰ ਹਾਲ ਵਿਚ ਪੂਰਾ ਇਨਸਾਫ਼ ਦਿੱਤਾ ਜਾਵੇਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ।ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਐਸ.ਪੀ. (ਡੀ) ਵੱਲੋਂ ਮਿਲੇ ਠੋਸ ਭਰੋਸੇ ਤੋਂ ਬਾਅਦ ਜਥੇਬੰਦੀ ਵਲੋਂ ਫਿਲਹਾਲ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਤੈਅ ਸਮੇਂ ਅੰਦਰ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਦਿਵਾਇਆ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕੀਤੀ, ਤਾਂ ਜਥੇਬੰਦੀ ਵਲੋਂ ਇਸ ਤੋਂ ਵੀ ਵੱਡਾ ਅਤੇ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ, ਜਿਸਦੀ ਜ਼ਿੰਮੇਵਾਰੀ ਸ਼ਾਸਨ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਗੁਰਪਾਲ ਸਿੰਘ ਜਨਰਲ ਸਕੱਤਰ, ਗੁਰਬਿੰਦਰ ਸਿੰਘ ਬਲਾਕ ਪ੍ਰਧਾਨ, ਮਹਿਤਾਬ ਸਿੰਘ ਜਨਰਲ ਸਕੱਤਰ, ਜਿਲਾ ਆਗੂ ਰੇਸ਼ਮ ਸਿੰਘ, ਹਰਭਜਨ ਸਿੰਘ ਮੁਮੰਦ ਸੌੜੀਆਂ, ਸਰਦੂਲ ਸਿੰਘ, ਬਲਾਕ ਸਕੱਤਰ ਕਿਰਪਾਲ ਸਿੰਘ ਆਦਿ ਹਾਜ਼ਰ ਸਨ।