ਸ਼੍ਰੀਨਗਰ, 4 ਅਕਤੂਬਰ (ਪੀ.ਟੀ.ਆਈ.)- ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਐਸ.ਆਈ.ਆਰ. ਪ੍ਰਕ੍ਰਿਆ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਪ੍ਰਦਰਸ਼ਨਾਂ ਦਰਮਿਆਨ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਵਿਚੋਂ ਕਥਿਤ ਤੌਰ ‘ਤੇ ਨਾਂਅ ਹਟਾਏ ਜਾਣ ਦੀ ਨਿੰਦਾ ਕੀਤੀ, ਪਰ ਕਿਹਾ ਕਿ ਲੋਕਾਂ ਨੇ ‘ਹਿੰਮਤ’ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ, ਜੋ ਦਰਸਾਉਂਦਾ ਹੈ ਕਿ ‘ਬਦਲਾਅ’ ਆਉਣ ਵਾਲਾ ਹੈ। ਇੱਥੇ ਪੰਜਵੇਂ ‘ਹੱਲਾ ਬੋਲੇ’ ਸੰਮੇਲਨ ਨੂੰ ਸੰਬੋਧਨ ਕਰਦਿਆਂ, ਤਿੰਨ ਵਾਰ ਦੇ ਜੰਮੂ ਅਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਮੁੱਖ ਚੋਣ ਕਮਿਸ਼ਨਰ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਭਾਰਤੀ ਨਾਗਰਿਕ ਦਾ ਨਾਂਅ ਵੋਟਰ ਸੂਚੀ ਵਿਚੋਂ ਹਟਾਉਣ ਦਾ ਅਧਿਕਾਰ ਨਹੀਂ ਹੈ।
‘ਹਰ ਕੋਈ ਜਾਣਦਾ ਸੀ ਕਿ ਲੋਕਾਂ ਦੇ ਨਾਂਅ ਵੋਟਰ ਸੂਚੀਆਂ ਵਿਚੋਂ ਕਿਵੇਂ ਕੱਟੇ ਗਏ ਅਤੇ ਫਿਰ ਉਹ ਬੇਫਿਕਰੀ ਨਾਲ ਕਹਿੰਦੇ ਹਨ, ‘ਖੈਰ, ਅਗਲੀ ਚੋਣ ਵਿਚ ਇਸ ਬਾਰੇ ਦੇਖਾਂਗੇ।’ ਜਦੋਂ ਭਾਰਤ ਦਾ ਸੰਵਿਧਾਨ ਤੁਹਾਨੂੰ, ਇਕ ਭਾਰਤੀ ਨਾਗਰਿਕ ਵਜੋਂ, ਵੋਟ ਪਾਉਣ ਦਾ ਅਧਿਕਾਰ ਦਿੰਦਾ ਹੈ, ਤਾਂ ਕਿਸੇ ਨੂੰ ਵੀ ਕਿਸੇ ਦਾ ਨਾਂਅ ਸੂਚੀ ਵਿਚੋਂ ਹਟਾਉਣ ਦਾ ਅਧਿਕਾਰ ਨਹੀਂ ਹੈ,’ ਉਨ੍ਹਾਂ ਕਿਹਾ। ‘ਫਿਰ ਵੀ ਉਨ੍ਹਾਂ ਨੇ ਅਜਿਹਾ ਕੀਤਾ’।