ਡੇਰਾਬਸੀ (ਮੋਹਾਲੀ), 3 ਅਕਤੂਬਰ (ਗੁਰਮੀਤ ਸਿੰਘ)- ਭਾਰਤ ਮਾਲਾ ਐਕਸਪ੍ਰੈਸ ਹਾਈਵੇਅ ਐਨ. ਐਚ. 205ਏ. ਲਈ ਐਕਵਾਇਰ ਕੀਤੀ ਗਈ ਜ਼ਮੀਨ ਦੀ ਮਾਲ ਵਿਭਾਗ ਦੇ ਰਿਕਾਰਡ ਵਿਚ ਦਰੁਸਤੀ ਅਤੇ ਦੋਫਾੜ ਹੋਈ ਜ਼ਮੀਨਾਂ ਨੂੰ ਰਸਤੇ ਨਾ ਦੇਣ ਅਤੇ ਰੋਡ 'ਤੇ ਚੜਨ ਲਈ ਕਨੈਕਟੀਵਿਟੀ ਦੇ ਰੋਸ ਵਜੋਂ ਜ਼ਮੀਨ ਦਾ ਕਬਜ਼ੇ ਲੈਣ ਆਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਅੱਜ ਬੇਰੰਗ ਮੋੜ ਦਿੱਤਾ। ਕਿਸਾਨਾਂ ਦੋਫਾੜ ਹੋਈ ਜ਼ਮੀਨਾਂ ਨੂੰ ਸਰਵਿਸ ਰੋਡ ਦੇਣ, ਦਰਜਨ ਦੇ ਕਰੀਬ ਪੈਂਦੇ ਪਿੰਡਾਂ ਨੂੰ ਇਕ ਕੁਨੈਕਟੀਵਿਟੀ ਤੇ ਮਾਲ ਵਿਭਾਗ ਵਿਚ ਰਿਕਾਰਡ ਦੀ ਦਰੁਸਤੀ ਕਰਨ ਦੀ ਮੰਗ ਕਰ ਰਹੇ ਸਨ।
ਡੇਰਾਬਸੀ ਬਨੂੜ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ, ਬੇਅੰਤ ਸਿੰਘ ਸ਼ੇਖਪੁਰ ਕਲਾਂ, ਰਾਮ ਸਿੰਘ ਬਰੋਲੀ, ਰਤਨ ਸਿੰਘ ਫੌਜੀ, ਕੁਲਵਿੰਦਰ ਸਿੰਘ, ਅਮਲਾਲਾ ਜੋਨੀ, ਗੁਰਪ੍ਰੀਤ ਸਿੰਘ ਪਰਾਗਪੁਰ, ਦਲਵੀਰ ਸਿੰਘ ਮਹਿਮਦਪੁਰ ਆਦਿ ਪਿੰਡਾਂ ਦੇ ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਭਾਰਤਮਾਲਾ ਐਕਸਪ੍ਰੈਸ ਹਾਈਵੇਅ ਲਈ ਡੇਰਾਬਸੀ ਵਿਧਾਨ ਸਭਾ ਦੇ ਰਾਜੋਮਾਜਰਾ, ਅਮਲਾਲਾ, ਬਰੋਲੀ, ਕਾਰਕੋਰ, ਸ਼ੇਖੂਪੁਰਾ, ਮਹਿਮਦਪੁਰ, ਧਨੋਨੀ, ਬਾਕਰਪੁਰ ਆਦਿ ਦਰਜਨ ਦੇ ਕਰੀਬ ਪਿੰਡਾਂ ਦੀ ਜ਼ਮੀਨ ਸੜਕ ਲਈ ਐਕਵਾਇਰ ਕੀਤੀ ਗਈ ਹੈ।
ਜਿਸ ਕਾਰਨ ਜ਼ਮੀਨਾਂ ਦੋਫਾੜ ਹੋ ਗਈਆ ਹਨ ਅਤੇ ਨਾ ਹੀ ਇਨ੍ਹਾਂ ਪਿੰਡਾਂ ਲਈ ਇਸ ਸੜਕ 'ਤੇ ਉਤਰਨ ਤੇ ਚੜ੍ਹਨ ਲਈ ਕੋਈ ਰਸਤਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਐਕਵਾਇਰ ਹੋਈ ਨੂੰ ਕਰੀਬ ਚਾਰ ਸਾਲ ਹੋ ਗਏ ਹਨ, ਅਜੇ ਤਕ ਕਿਸੇ ਨੇ ਸੜਕ ਦੇ ਨਾਂ ਇੰਤਕਾਲ ਦਰਜ ਕੀਤੇ ਗਏ ਹਨ ਅਤੇ ਨਾ ਹੀ ਕਿਸਾਨਾਂ ਦੀ ਜ਼ਮੀਨਾਂ ਦੀ ਦਰੁਸਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਰਿਕਾਰਡ ਵਿਚ ਦਰੁਸਤੀ ਨਾ ਹੋਣ ਕਾਰਨ 3ਏ ਅਤੇ 3ਡੀ ਦੇ ਨੋਟਿਸ ਦਰਜ ਹਨ। ਜਿਸ ਕਾਰਨ ਜ਼ਮੀਨ ਨਾਲ ਸਬੰਧਿਤ ਕੋਈ ਵੀ ਕੰਮ ਨਹੀ ਹੋ ਸਕਦਾ।
ਕਿਸਾਨਾਂ ਨੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਕਤ ਮੁਸ਼ਕਿਲਾਂ ਸਬੰਧੀ ਪ੍ਰਸ਼ਸਾਨਿਕ ਤੇ ਐਨ.ਐਚ.ਆਈ. ਅਧਿਕਾਰੀਆਂ ਨਾਲ ਤਿੰਨ ਮਹੀਨੇ ਪਹਿਲਾਂ ਮੀਟਿੰਗ ਹੋਈ ਸੀ ਤੇ ਉਕਤ ਮੁਸ਼ਕਿਲਾਂ ਨੂੰ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਪਰ ਕੋਈ ਕਾਰਵਾਈ ਨਹੀ ਹੋਈ। ਉਨ੍ਹਾਂ ਕਿਹਾ ਕਿ ਅੱਜ ਸੜਕ ਬਨਾਉਣ ਵਾਲੀ ਸੀਗਲ ਕੰਪਨੀ ਦੇ ਅਧਿਕਾਰੀ ਜੇ.ਸੀ.ਬੀ. ਨਾਲ ਲੈ ਕੇ ਜ਼ਮੀਨ ਦਾ ਕਬਜ਼ਾ ਲੈਣ ਆਏ ਸਨ, ਪਰ ਉਨ੍ਹਾਂ ਨੂੰ ਬੇਰੰਗ ਪਰਤਣਾ ਪਿਆ। ਕਿਸਾਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਦੋ ਤਕ ਉਨ੍ਹਾਂ ਦੀ ਉਕਤ ਮੁਸ਼ਕਿਲਾਂ ਹੱਲ ਨਹੀ ਹੋ ਜਾਂਦੀਆਂ, ਉਹ ਕਿਸੇ ਵੀ ਕੀਮਤ ਤੇ ਜ਼ਮੀਨ ਦਾ ਕਬਜਾ ਨਹੀਂ ਦੇਣਗੇ।