ਨਾਗੋਆ, 2 ਅਕਤੂਬਰ (ਪੀ. ਟੀ. ਆਈ.)-ਅੰਕੁਸ਼ ਪੰਘਾਲ ਨੇ ਏਸ਼ਿਆਈ ਖੇਡਾਂ ਵਿਚ ਪੁਰਸ਼ਾਂ ਦੇ 80 ਕਿੱਲੋਗ੍ਰਾਮ ਮੁੱਕੇਬਾਜ਼ੀ ਮੁਕਾਬਲੇ ਦੇ ਫਾਈਨਲ ਵਿਚ ਦੱਖਣੀ ਕੋਰੀਆ ਦੇ ਕਿਮ ਮਿਨਸੇਓਂਗ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ।ਉਹ ਇਨ੍ਹਾਂ ਖੇਡਾਂ ’ਚ ਲਵਲੀਨਾ ਬੋਰਗੋਹੇਨ ਅਤੇ ਪਰਵੀਨ ਹੁੱਡਾ ਤੋਂ ਬਾਅਦ ਸੋਨ ਤਗਮਾ ਜਿੱਤਣ ਵਾਲਾ ਤੀਜਾ ਭਾਰਤੀ ਮੁੱਕੇਬਾਜ਼ ਬਣ ਗਿਆ।ਭਾਰਤੀ ਮੁੱਕੇਬਾਜ਼ ਨੇ ਮੁਕਾਬਲੇ ਦੀ ਸ਼ੁਰੂਆਤ ਬਹੁਤ ਵਧੀਆ ਢੰਗ ਨਾਲ ਕੀਤੀ ਅਤੇ ਪਹਿਲਾ ਰਾਊਂਡ 4-1 ਨਾਲ ਆਪਣੇ ਨਾਂਅ ਕੀਤਾ। ਉਸ ਨੇ ਦੂਜੇ ਰਾਊਂਡ ਵਿਚ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਇਸ ਨੂੰ 5-0 ਨਾਲ ਜਿੱਤ ਕੇ ਮੁਕਾਬਲੇ ਵਿਚ ਮਜ਼ਬੂਤ ਪਕੜ ਬਣਾ ਲਈ। ਜਦੋਂ ਸਮਾਂ ਖਤਮ ਹੋ ਰਿਹਾ ਸੀ ਤਾਂ ਕਿਮ ਨੇ ਵਧੇਰੇ ਹਮਲਾਵਰ ਰਵੱਈਆ ਅਪਣਾ ਕੇ ਮੁਕਾਬਲੇ ਦਾ ਪਾਸਾ ਪਲਟਣ ਦੀ ਕੋਸ਼ਿਸ਼ ਕੀਤੀ ਪਰ ਅੰਕੁਸ਼ ਨੇ ਸੰਜਮ ਬਣਾਈ ਰੱਖਿਆ ਅਤੇ ਆਖਰੀ ਰਾਊਂਡ 4-1 ਨਾਲ ਜਿੱਤ ਕੇ ਆਪਣੀ ਜਿੱਤ ਪੱਕੀ ਕੀਤੀ।